(ਸਮਾਜ ਵੀਕਲੀ)
ਜਿੰਦਗ਼ੀ ਐ ਸਫ਼ਰ ਬਾਕੀ , ਕਿਸ ਤਰ੍ਹਾਂ ਤਰ ਪਾਰ ਕਰ ਲਾਂ
ਦਮ ਨਹੀ ਜਦ ਸਾਥ ਦਿੰਦੇ, ਕਿਸ ਤੇ ਮੈਂ ਇਤਵਾਰ ਕਰ ਲਾਂ
ਮੈਂ ਇਕੱਲਾ ਤੁਰ ਪਿਆ ਹਾਂ, ਰਾਹ ਸੁੰਨੇ ਔਜੜਾਂ ਦੇ
ਸੋਚਿਐ ਹੁਣ ਗੀਤ ਗਜ਼ਲ਼ਾਂ, ਨੂੰ ਪਿਆਰੇ ਯਾਰ ਕਰ ਲਾਂ
ਕੌਣ ਦਿੰਦੈ ਸਾਥ ਯਾਰੋ, ਆਫ਼ਤਾਂ ਤੇ ਔਕੜਾਂ ਵਿਚ
ਪੀ ਗਮਾਂ ਦੀ ਜ਼ਹਿਰ ਨੂੰ ਫਿਰ, ਸੱਥ ਵਿਚ ਨਸ਼ਿਆਰ ਕਰ ਲਾਂ
ਆਪਣੀ ਹੀ ਲਾਸ਼ ਖੁਦ ਨੂੰ, ਹੁਣ ਉਠਾਉਣੀ ਪੈ ਰਹੀ ਹੈ
ਸੋਚਦਾਂ ਹਾਂ ਆਪਣਾ ਘਰ, ਕਬਰ ਵਿਚਕਾਰ ਕਰ ਲਾਂ
ਇਸ਼ਕ ਦੇ ਸਿਰ ਖ਼ਾਕ ਪਾਵਾਂ, ਉਮਰ ਢਲਦੀ ਵਿੱਚ ਮੈਂ ਕਿਉਂ
ਕਫ਼ਨ ਜਿਉਂਦੇ ਜੀਅ ਲੈ ਕੇ, ਬਹਿ ਚਿਖਾ ਤੇ ਅੰਗ਼ਾਰ ਧਰਲਾਂ
ਫਿਰ ਸਹੁੱਪਣ ਭਾਲਦੇ ਨੇ, ਨੈਣ ਹੀਰੇ ਪੱਥਰਾਂ ਚੋਂ
ਕਿਸ ਤਰਾਂ ਦਿਲ ਠੋਕਰਾਂ ਤੋਂ, ਯਾਰ ਹੁਣ ਹੁਸ਼ਿਆਰ ਕਰ ਲਾਂ
ਡੁੱਬ ਰਿਹਾਂ ਹਾਂ ਸੰਝ ਵਾਂਗੂੰ, ਥੱਕਿਆ ਹਾਂ ਅੱਕਿਆ ਵੀ
ਰੰਗ ਭਰਕੇ ਜ਼ਿੰਦਗ਼ੀ ਨੂੰ, ਦਿਲ ਕਰੇ ਮੁਟਿਆਰ ਕਰ ਲਾਂ
ਕਲਮ ਜਦ ਵੀ ਕੋਲ ਮੇਰੇ, ਬੈਠਦੀ ਹੈ ਨਾਜ਼ ਕਰ ਕੇ
ਜਿਉਂ ਸੁਹਾਗਣ ਹੀਰ ਕੋਈ, ਆਬਰੂ ਕਿਉਂ ਤਾਰ ਕਰ ਲਾਂ
“ਰੇਤਗੜੵ” ਮਹਿਮਾਨ ਪਲ ਦਾ, ਸਾਥ ਬਾਲੀ ਮੁੱਕ ਚੱਲੇ
ਹਰ ਘੜੀ ਈਦ ਵਰਗੀ, ਦੀਵਾਲੀ ਤਿਉਹਾਰ ਕਰ ਲਾਂ
ਬਲਜਿੰਦਰ ਸਿੰਘ ” ਬਾਲੀ ਰੇਤਗੜੵ “
15/10/2021
9465129168
7087629168
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly