(ਸਮਾਜ ਵੀਕਲੀ)
ਫੁੱਲਾਂ ਦੀ ਹਿਫ਼ਾਜ਼ਤ ਜ਼ਰੂਰੀ ਜੇ ਹੈ, ਤਾਂ ਹੈ।
ਮਾਲੀ ਦੀ ਨੀਅਤ ਵੀ ਸ਼ੱਕੀ ਜੇ ਹੈ, ਤਾਂ ਹੈ।।
ਤੁਸੀਂ ਤਾਂ ਚਾਹੁੰਦੇ ਹੋ ਕਿ ਮੈਂ ਭੁੱਲ ਜਾਵਾਂ।
ਪਰ! ਦੁਸ਼ਮਣਾਂ ਸੰਗ ਦੁਸ਼ਮਣੀ ਜੇ ਹੈ, ਤਾਂ ਹੈ।।
ਰੱਖਦੇ ਜੋਸ਼ ਵੀ ਅਸੀਂ, ਤੇ ਹੋਸ਼ ਵੀ ਰੱਖਦੇ ਹਾਂ।
ਖ਼ੂਨ ਗਰਮ, ਅੱਖਾਂ ’ਚ ਲਾਲੀ ਜੇ ਹੈ, ਤਾਂ ਹੈ।।
ਅਸੀਂ ਸਦਾ ਹੀ ਵਣਜ ਚਾਨਣ ਦਾ ਕਰਦੇ ਹਾਂ।
ਸਾਡੀ ਦੀਵਿਆਂ ਨਾਲ ਆੜੀ ਜੇ ਹੈ, ਤਾਂ ਹੈ।।
ਤੱਤੀ ਰੇਤ ਦੇ ਪਾਂਧੀ ਕਦੇ ਨਹੀਂ ਰੁਕਦੇ।
ਮੰਜ਼ਿਲ ਸਾਡੇ ਪੈਰ ਚੁੰਮਦੀ ਜੇ ਹੈ, ਤਾਂ ਹੈ।।
ਅਸੀਂ ਜਾਗਦੇ ਹਾਂ, ਸੌਣਾ ਸਾਡਾ ਕਰਮ ਨਹੀਂ।
ਮਿਹਨਤ ਸਾਡੀ ਸਿਰ ਚੜ੍ਹ ਬੋਲਦੀ ਜੇ ਹੈ, ਤਾਂ ਹੈ।।
ਧਰਮਾਂ ਦੇ ਅਡੰਬਰਾਂ ਤੋਂ ਅਸੀਂ ਮੁਨਕਰ ਹਾਂ।
ਸੋਚ ਸਾਡੀ ਬਗ਼ਾਵਤ ਕਰਦੀ ਜੇ ਹੈ, ਤਾਂ ਹੈ।।
ਸਮੇਂ ਨਾਲ ਸਮਝੌਤਾ ਕਦੇ ਵੀ ਨਹੀਂ ਕੀਤਾ।
ਆਦਤ ਅੱਖਾਂ ਵਿੱਚ ਰੜਕਣ ਦੀ ਜੇ ਹੈ, ਤਾਂ ਹੈ।।
‘ਔਲਖ਼’ ਕਿਉਂ ਦਰ ਨੀਵੇਂ ਰੱਖਣ ਦੀ ਸੋਚਦੈ।
ਊਠਾਂ ਵਾਲਿਆਂ ਸੰਗ ਯਾਰੀ ਜੇ ਹੈ, ਤਾਂ ਹੈ।।
ਸੁਖਦੇਵ ਸਿੰਘ
ਸੰਪਰਕ: 0091-6283011456
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly