(ਸਮਾਜ ਵੀਕਲੀ)
ਕਿਰਦਾਰ ਬਣਾ ਯਾਰਾ, ਹੋ ਉਂਝ ਬਦਨਾਮ ਨਹੀਂ
ਬਦਨਾਮ ਜਹਾਂ ਵਿਚ ਜੋ , ਸ਼ਾਮ ਨਹੀਂ ਰਾਮ ਨਹੀਂ
ਹੈ ਹੀਂ ਬਦਨਾਮ ਅਗਰ, ਕਾਲਖ ਲਾ ਰੌਸ਼ਨ ਹੋ
ਮਰ ਨਾ ਝੁਰ-ਝੁਰ ਲੁਕ ਕੇ, ਹੋ ਤੂੰ ਬੇਨਾਮ ਨਹੀਂ
ਜਿਉਣਾ ਪਹਿਚਾਣ ਗਵਾ , ਕੀ ਜਿਉਣਾ ਕੀ ਆਉਣਾ
ਬੇਕਾਰ ਜਿਹਾ ਜੀਵਨ, ਜਿਸਦਾ ਤਾਂ ਨਾਮ ਨਹੀਂ
ਚੰਦਨ ਹੋ ਵੰਡ ਖੁਸ਼ਬੂਆਂ, ਲਿਪਟਣ ਦੇ ਨਾਗਾਂ ਨੂੰ
ਸੁਕਰਾਤ ਨਹੀਂ ਤੂੰ ਜੇ , ਪੀਦਾਂ ਵਿਸ਼ ਜਾਮ ਨਹੀਂ
ਲੈਣਾ -ਦੇਣਾ ਕਰਮੀਂ, ਕਰਜ਼ ਸਿਰਾਂ ਤੋਂ ਲਾਹੀਂ
ਕਰਜ਼ ਚੁਕਾਏ ਬਿਨ ਤਾਂ, ਥਾਂ ਮੁਕਤੀ ਧਾਮ ਨਹੀ।
ਸਤਰੰਗੀ ਹੈ ਕੁਦਰਤ, ਕੁਦਰਤ ਹੈ ਬਹੁ-ਰੰਗੀ
ਮਨਫ਼ੀ ਹੀ ਸਭ ਰੰਗ ਜੇ, ਪਿਆਰ ਨਹੀਂ ਕਾਮ ਨਹੀਂ
ਪੀਰ ਪੈਗੰਬਰ ਹੋ ਕੇ, ਫੇਰ ਦਮਾਂ ਦੀ ਤਸਬੀਹ
ਨਾਨਕ ਹੋ ਕੇ ਮਿਲਦਾ, ਦੋ ਪਲ ਆਰਾਮ ਨਹੀਂ
ਹਰ ਬੰਦਾ ਮਿਟ ਜਾਂਦੈ, ਖਾਕ ਬਣੇ ਸ਼ਮਸ਼ਾਨੀਂ
ਸ਼ਬਦ ਅਮਰ ਨੇ, ਆਉਂਦੀ, ਇਹ ਮੌਤ ਕਲਾਮ ਨਹੀਂ
ਰੋ ਮਰਸੀਏ ਗਾਉਣਾ, ਖਾ ਪੀ ਜਸ਼ਨ ਮਨਾਉਣਾ
ਮੂਰਖਪਣ ਹੈ “ਬਾਲੀ”, ਇਹ ਅੰਤ ਮੁਕਾਮ ਨਹੀਂ
ਬਾਲੀ ਰੇਤਗੜੵ
+919465129168
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly