(ਸਮਾਜ ਵੀਕਲੀ)
ਬੂੰਦ ਬਣ ਬਣ ਵਰਸਦੇ ਗਮ ਜ਼ੋ ਸਮੁੰਦਰ ਹੋ ਗਏ।
ਇਸ਼ਕ ਦੇ ਇਹ ਜ਼ਖ਼ਮ ਗਹਿਰੇ,ਦਿਲ ਦੇ ਅੰਦਰ ਹੋ ਗਏ।
ਗੁਫ਼ਤਗੂ ਇਹ ਇਸ਼ਕ ਦੀ ਮੁੱਲਾਂ ਕਰੇਂ ਤੂੰ ਮਜ੍ਹਬ ਦੀ,
ਦਰਦ ਪਾਇਆ ਇਸ਼ਕ ਤੋੰ ਇਹ ਦਿਲ ਕਲੰਦਰ ਹੋ ਗਏ।
ਛੱਡ ਵੈਦਾ ਨਬਜ਼ ਮੇਰੀ,ਨੀਝ ਲਾ ਕੀ ਦੇਖਦੈਂ,
ਰੋਗ ਲੱਗੇ ਇਸਕ ਦੇ ਇਹ ਤਾਂ ਪਤੰਦਰ ਹੋ ਗਏ।
ਸ਼ੁਭ ਸਵੇਰੇ ਪਹੁ ਫੁਟਾਲੇ,ਰਾਗ ਸੁਣਦੇ ਕੁਦਰਤੀ,
ਪਰ ਦਿਲਾਂ ਵਿਚ ਨਫ਼ਰਤਾਂ ਦੇ,ਕਿਉਂ ਇਹ ਮੰਜ਼ਰ ਹੋ ਗਏ।
ਭਰਮ ਦੇ ਸਭ ਭੈਅ ਭੁਲੇਖੇ,ਦੂਰ ਕਰਦੀ ਚੇਤਨਾ,
ਸੈਂਕੜੇ ਹੀ ਨ੍ਹੇਰ ਦੇ ਐਪਰ ਅਡੰਬਰ ਹੋ ਗਏ।
ਰੋਜ਼ ਬੈਠੀ ਸਰਦਲਾਂ ਤੇ ਮਾਂ ਉਡੀਕੇ ਪੁੱਤ ਨੂੰ,
ਦੇਣ ਚਿੱਟੇ ਦੀ ਕਿ ਉਸ ਦੇ,ਨੈਣ ਬੰਜਰ ਹੋ ਗਏ।
ਸਭ ਸਿਆਸੀ ਕਾਰਨਾਮੇ,ਦੇਣ ਤੇਰੀ ਸ਼ਾਸਕਾ,
ਮੰਗਤੇ ਸੀ ਕੱਲ ਜਿਹੜੇ,ਅੱਜ ਸਿਕੰਦਰ ਹੋ ਗਏ
ਮਹਿਕ ਦੇ ਸੀ ਬਾਗ਼ ਬੀਜੇ ਰੰਗਲੇ ਪੰਜਾਬ ਵਿਚ,
ਮਹਿਲ ਆਸਾਂ ਦੇ ਸਜਾਏ ,ਸੱਭ ਖੰਡਰ ਹੋ ਗਏ।
ਮੇਜਰ ਸਿੰਘ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly