(ਸਮਾਜ ਵੀਕਲੀ)
ਉਠਾ ਤਲਵਾਰ ਲੈ ਅੱਗੋਂ, ਚਲਾਏ ਵਾਰ ਜੇ ਜ਼ਾਲਮ
ਨਸੀਹਤ ਨਾਲ਼ ਨਾ ਸਮਝੇ, ਕਰੇ ਤਕਰਾਰ ਜੇ ਜ਼ਾਲਮ
ਝੁਕਾ ਕੇ ਸਿਰ ਤੁਰੀ ਨਾ ਤੂੰ, ਜੇ ਹੈਂ ਪੰਜਾਬ ਦੀ ਜਾਈ
ਥਪੇੜਾ ਧਰ ਦਵੀਂ ਮੂੰਹ ਤੇ, ਚੁਭਾਏ ਆਰ ਜੇ ਜ਼ਾਲਮ
ਭਗੌਤੀ ਤੂੰ , ਤੂੰ ਹੈਂ ਸ਼ਕਤੀ, ਜਹਾਂ-ਜਨਨੀ ਨਿਤਾਣੀ ਕਿਉਂ
ਉਠਾ ਖੰਡਾ ਦਿਖਾ ਜਲਵਾ, ਕਰੇ ਮਾਰੋ ਮਾਰ ਜੇ ਜ਼ਾਲਮ
ਉਠਾ ਕੇ ਸਿਰ ਤੁਰੇਂ ਤੂੰ ਵੀ, ਇਹੇ ਤਾਂ ਹੱਕ ਹੈ ਤੇਰਾ
ਕਰੀਂ ਕਿਰਦਾਰ ਸਿਰੋਂ ਉੱਚਾ, ਠਹਾਕੇਦਾਰ ਜੇ ਜ਼ਾਲਮ
ਸਲੀਕਾ ਹੀ ਤੇਰੀ ਸ਼ਕਤੀ, ਨਾ ਮਮਤਾ ਵੀ ਭੁਲਾ ਦੇਵੀਂ
ਗਿਰੀਂ ਬਣਕੇ ਉਦੋਂ ਬਿਜਲੀ , ਕਰੇ ਤਾਰੋ-ਤਾਰ ਜੇ ਜ਼ਾਲਮ
ਮਹੁੱਬਤ ਜਿੰਦਗ਼ੀ ਚੋਂ ਵੀ, ਕਦੇ ਨਾ ਤੂੰ ਕਰੀਂ ਮਨਫ਼ੀ
ਮੁਆਫ਼ੀ ਦੇ ਉਦੋਂ ਬਖ਼ਸ਼ੀਂ, ਗਿਰੇਂ ਖੁਦ ਹਾਰ ਜੇ ਜ਼ਾਲਮ
ਰਿਣੀ ਤੇਰਾ ਰਹੇ “ਬਾਲੀ”, ਸਲਾਮਾਂ “ਰੇਤਗੜੵ” ਕਰਦੈ
ਤੁਰਾਂ ਜਿੱਧਰ ਦਿਖੇ ਤੂੰ ਹੀ, ਰਖੇ ਵੀ ਖ਼ਾਰ ਜੇ ਜ਼ਾਲਮ
ਬਾਲੀ ਰੇਤਗੜੵ
+919465129168
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly