(ਸਮਾਜ ਵੀਕਲੀ)
ਨੋਚ ਕੇ ਖੰਭਾਂ ਨੂੰ ਉਹਨੂੰ ਸ਼ੌਂਕ ਪੂਰੇ ਕਰਨ ਦੇ।
ਪੰਛੀਆਂ ਨੂੰ ਅੰਬਰਾਂ ਦੇ ਖਾਬ਼ ਅੱਖੀਂ ਭਰਨ ਦੇ।
ਇਹ ਕਦੋਂ ਮੁਕਦੀ ਹੈ ਇਹ ਤਾਂ ਅਣਖੀਆਂ ਦੀ ਕੌਮ ਹੈ,
ਬੇਸਿਰਾ ਸਾਡੇ ਸਿਰਾਂ ਦੇ ਮੁੱਲ ਧਰਦਾ ਧਰਨ ਦੇ।
ਜੇ ਗਦਾਰਾਂ ਨੂੰ ਬਣਾਏਂਗਾ ਤੂੰ ਅਪਣੇ ਸਾਰਥੀ,
ਯੁੱਧ ਅੰਦਰ ਕੀ ਮਿਲੂ ਤੈਨੂੰ ਸਿਵਾਏ ਹਰਨ ਦੇ।
ਦੂਰ ਤੋਂ ਇਹ ਮੋਤੀਆਂ ਦੇ ਵਾਂਗ ਜਿੰਨੇ ਜਾਪਦੇ,
ਇਸ਼ਕ ਦੇ ਅੰਗਿਆਰੇ ਉਹਨੂੰ ਜੀਭ ਉੱਤੇ ਧਰਨ ਦੇ।
ਹੱਥ ਲਾਵੇਂਗਾ ਤਾਂ ਓਨੇ ਹੋਰ ਗਹਿਰੇ ਹੋਣਗੇ,
ਦੋਸਤਾ ਇਹ ਜਖ਼ਮ ਥੋੜ੍ਹੇ ਜ਼ਿੰਦਗੀ ਦੇ ਭਰਨ ਦੇ।
ਮਸਤ ਹੋ ਕੇ ਹਾਥੀਆਂ ਦੀ ਤੋਰ ਤੁਰਦਾ ਰਹਿ ਜਮਾ,
ਕੁੱਤਿਆਂ ਨੂੰ ਸ਼ੋਰ ਬੇਸ਼ੱਕ ਜਿੰਨਾ ਮਰਜ਼ੀ ਕਰਨ ਦੇ।
ਪਿਆਰ ਹੀ ਬਣਦਾ ਮਲਾਹ ਹੈ ਪਿਆਰ ਹੀ ਨੇ ਕਿਸ਼ਤੀਆਂ,
ਤਲਖੀਆਂ ਨੇ ਡੋਬ ਦੇਣੈਂ, ਜ਼ਿੰਦਗੀ ਨੂੰ ਤਰਨ ਦੇ।
ਇਹ ਨਦੀ ਆਪੇ ਬਣਾਵੇਗੀ ਇਹ ਅਪਣਾ ਰਾਸਤਾ,
ਫਿਕਰ ਨਾ ਕਰ ਏਸ ਦਾ ਭਾਵੇਂ ਕਿਨਾਰੇ ਖਰਨ ਦੇ।
ਬੀਜ ਕੇ ਖਾਰਾਂ ਮਨਾਂ ਵਿੱਚ ਨਫਰਤਾਂ ਨਾ ਪਾਲ਼ ਤੂੰ,
ਬੀਜ ਨਾ ਇਨਸਾਨੀਅਤ ਦੇ ਜ਼ਿੰਦਗੀ ਚੋਂ ਮਰਨ ਦੇ।
ਮੱਖਣ ਸੇਖੂਵਾਸ
9815284587
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly