ਗ਼ਜ਼ਲ

0
19
ਬਾਲੀ ਰੇਤਗੜੵ

(ਸਮਾਜ ਵੀਕਲੀ)

ਲਿਖਣ ਕਲਾ ਜੇ ਦਾਤਾ ਦਿੱਤੀ, ਤਾਂ ਹੱਕ-ਨਿਆਂ ਤੇ ਲਿਖਿਆ ਕਰ
ਸ਼ਾਇਰ ਹੈਂ ਜੇ ਅਸਲੇ ਦਾ ਤਾਂ, ਨਾ ਸਨਮਾਨਾਂ ਤੇ ਵਿਕਿਆ ਕਰ

ਬਹੁਤ ਸਿਕੰਦਰ ਕਬਰਾਂ ਅੰਦਰ, ਗਲ ਚੁੱਕੇ ਨੇ ਮਿੱਟੀ ਬਣਕੇ
ਤੂੰ -ਮੈਂ ਕੀ , ਕੀ ਔਕਾਤ ਅਸਾਡੀ,ਐਂਵੇ ਸਿਰ ਨਾ ਚੁੱਕਿਆ ਕਰ

ਅਣਗਿਣਤ ਸਿਤਾਰੇ ਅੰਬਰ ਵਿਚ ਨੇ, ਚੱਕਰ ਖਾਂਦੇ ਭੌਂਦੇ ਫਿਰਦੇ
ਕਿਉਂ ਪਾਲ਼ ਦਵੈਸ਼ ਸੜੀ ਜਾਨੈ, ਦੋ ਪਲ ਹੀ ਚਿੰਤਨ ਕਰਿਆ ਕਰ

ਤਿਨਕੇ ਵਾਂਗੂੰ ਉਡ ਜਾਣਾ ਤੈਂ, ਅਗਨੀ ਅੰਦਰ ਸੜ ਜਾਣਾ ਤੈਂ
ਮਿੱਤ ਨਹੀਂ ਏ ਵਕਤ ਕਿਸੇ ਦਾ, ਤੂੰ ਟਿਕ ਟਿਕ ਤੋਂ ਵੀ ਡਰਿਆ ਕਰ

ਬਹੁਤ ਖਪੇ ਨੇ ਬਹੁਤ ਮਰੇ ਨੇ, ਹੱਕ ਡਕਾਰਨ ਵਾਲੇ ਵੈਲੀ
ਆਪਣੇ ਖਾਸ਼ ਕਬੀਲੇ ਖਾਤਰ, ਨਾ ਖੂਨੀਂ ਘੁੱਟਾਂ ਭਰਿਆ ਕਰ

ਰਾਜ ਤਖ਼ਤ ਦੀ ਕਰਨ ਗੁਲਾਮੀ, ਓਹ ਨਹੀਂ ਸ਼ਾਇਰ ਲੋਕਾਂ ਦੇ
ਕੁਰਸੀ ਖਾਤਿਰ ਜੀਅ-ਹਜ਼ੂਰੀ, ਨਾ ਕਲਮ-ਕਸੀਦੇ ਪੜਿਆ ਕਰ

ਸੁਣਿਐ ਜ਼ਰ-ਜੋਰੂ ਅੰਦਰ ਤੂੰ, ਉਂਝ ਹੀ ਹੈਂ ਮਕਬੂਲ ਬੜਾ
ਆਉਂਦੈ ਵਕਤ ਜਦੋ ਬੋਲਣ ਦਾ, ਨਾ ਚੂਹੇ ਵਾਂਗੂੰ ਦੜਿਆ ਕਰ

ਪਿੰਗਲ਼ ਵਿੱਚ ਮੁਹਾਰਤ ਹੋਣੀ, ਹੋਣਾ ਉਸਤਾਦ ਗ਼ਜ਼ਲ ਦਾ
ਸ਼ੌਂਕ ਤੇਰਾ ਹੈ, ਯਾਰ ਕਦੇ ਪਰ, ਕੰਮੀਆਂ ਵਿਹੜੇ ਵੜਿਆ ਕਰ

ਚੁੱਲੇ ਅੰਦਰ ਅੱਗ ਨਹੀਂ ਜਿੱਥੇ, ਨਾ ਪੀਪੇ ਅੰਦਰ ਆਟਾ
ਛੱਤ ਕੜੀਆਂ ਬਾਂਝ ਪਈ ਹੈ,ਸ਼ਿਅਰ ਉਨਾਂ ਦੇ ਵੀ ਘੜਿਆ ਕਰ

ਠਾਠ ਅਮੀਰੀ ਅਹੁਦੇ ਮਹਿਫ਼ਲ , ਸ਼ਬਦੋਂ ਕੋਹਾਂ ਦੂਰ ਰਹੇ ਨੇ
ਕਲਮਾਂ ਅੰਦਰ ਦਰਦ ਸਮੋਏ, ਸਿਰ ਪੰਡ ਦਰਦ ਦੀ ਚੱਕਿਆ ਕਰ

ਸੁਣਿਐ ਖੂਨ ਪੁਰਖ਼ਿਆਂ ਦਾ, ਰੰਗ ਦਿਖਾ ਜਾਂਦਾ ਹੈ “ਬਾਲੀ”
“ਰੇਤਗੜੵ” ਪਵੇ ਦਾਗ਼ ਕਦੇ ਨਾ, ਬਣ ਸੂਰਜ ਕਲਮੇਂ ਦਗ਼ਿਆ ਕਰ

ਬਾਲੀ ਰੇਤਗੜੵ
      +919465129168

\

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly