ਗ਼ਜ਼ਲ

ਬਾਲੀ ਰੇਤਗੜੵ

(ਸਮਾਜ ਵੀਕਲੀ)

ਸਾਧਾਂ ਪਾਖੰਡੀਆਂ ਦੇ ਅੱਗੇ , ਸਰਕਾਰ ਗੁਲਾਮ ਚਿਰਾਂ ਤੋਂ
ਗੱਲ ਨਹੀਂ ਹੁਣ ਦੀ ਇਹ ਤਾਂ, ਯਾਰ ਬਦਨਾਮ ਚਿਰਾਂ ਤੋਂ

ਸ਼ਾਹਾਂ ਦਾ ਭਰਦੀ ਹੈ ਪਾਣੀ, ਰੰਨ- ਰਖ਼ੇਲ਼ਾਂ ਦੇ ਵਾਂਗੂੰ
ਹੈ ਸਰਕਾਰ ਨਕੰਮੀ ਮੇਰੀ, ਲੱਗੇ ਇਲਜ਼ਾਮ ਚਿਰਾਂ ਤੋਂ

ਬੂਹੇ ਬੰਦ ਜ਼ਰ ਗਏ ਤਾਲ਼ੇ, ਪਰਤੇ ਨਾ ਲਾਲ ਘਰਾਂ ਨੂੰ
ਡਾਟਾਂ ਵਾਲੇ ਦਰਵਾਜ਼ੇ ਤਾਂ, ਹੋਏ ਬੇਨਾਮ ਚਿਰਾਂ ਤੋਂ

ਕੋਈ ਗੱਲ ਨਹੀਂ ਰੁਸਵਾ ਸਾਥੋਂ, ਮਹਿਰਮ ਦਿਲ ਦਾ ਮਾਹੀ ਓਹ
ਆ ਸੁਪਨੇ ਅੰਦਰ ਕਰ ਜਾਂਦੈ, ਖਾਮੋਸ਼ ਸਲਾਮ ਚਿਰਾਂ ਤੋਂ

ਸਖ਼ਤ ਸਜ਼ਾਵਾਂ ਤੋੜ ਸਕਣ ਨਾ, ਮਜਬੂਤ ਇਰਾਦੇ ਦਿਲ ਦੇ
ਜਬਰ ਜਿਨਾਂ ਦੇ ਪੁਰਖ਼ੇ ਝੱਲਣ, ਪੁਸ਼ਤਾਂ ਕੁਹਰਾਮ ਚਿਰਾਂ ਤੋਂ

ਲੁੱਟ ਲਿਆ ਹੈ ਭੰਡਾਂ ਸਾਨੂੰ , ਚਾਤੁਰ ਤੇਜ਼ ਜੁਬਾਨਾਂ ਨੇ
ਸਰਹੱਦਾਂ ਉੱਤੇ ਪਹਿਰੇ ਲਾ , ਹੋਏ ਬੇ-ਆਰਾਮ ਚਿਰਾਂ ਤੋਂ

ਨੇਰੵ ਪਸਾਰਾ ਕਰਦਾ ਜਾਂਦੈ, ਹੈ ਸੂਰਜ ਸੀਖਾਂ ਅੰਦਰ
ਕਲਮਾਂ ਕਰਨ ਖੁਸ਼ਾਮਿਦ “ਬਾਲੀ”,ਹਨ ਪਰ ਨਾਕਾਮ ਚਿਰਾਂ ਤੋਂ।

ਬਾਲੀ ਰੇਤਗੜੵ

 

Previous articleਟਿੱਬਾ ਵਿਖੇ ਲੋੜਵੰਦ ਧੀਆਂ ਦੇ ਸਮੂਹਿਕ ਆਨੰਦ ਕਾਰਜ ਭਲਕੇ
Next articleਰੋਸ਼ਨ ਸਭਰਵਾਲ ਭਾਜਪਾ ਐਸ ਸੀ ਮੋਰਚਾ ਜਿਲਾ ਕਪੂਰਥਲਾ ਦੇ ਪ੍ਰਧਾਨ ਨਿਯੁਕਤ