(ਸਮਾਜ ਵੀਕਲੀ)
ਸਿੱਜਦਾ ਉਸ ਵਕਤ ਨੂੰ ਮੇਰਾ , ਜੋ ਤਮਾਸ਼ਾ ਕਰ ਗਿਆ
ਖ਼ਾਕ ‘ਕੇਰਾਂ ਕਰ ਜੋ ਮੈਨੂੰ , ਤਾਜ਼ ਸਿਰ ਤੇ ਧਰ ਗਿਆ
ਠੋਕਰਾਂ ਨੇ ਜ਼ਿੰਦਗ਼ੀ ਨੂੰ , ਕੱਢ ਅੱਗੋਂ ਪਰਖ਼ਿਆ
ਦੁਸ਼ਮਣਾਂ ਦਾ ਵਾਰ ਹਰ ਇਕ, ਹੱਸ ਕੇ ਮੈਂ ਜ਼ਰ ਗਿਆ
ਨੱਪਦੇ ਨੇ ਪੈੜ ਮੇਰੀ , ਕਰਨ ਵਾਲੇ ਮਸ਼ਕਰੀ
ਪਰਖ਼ਦਾ ਥਲ ਜਿਗਰ ਮੇਰਾ, ਬਰਫ਼ ਵਾਂਗੂੰ ਠਰ ਗਿਆ
ਛੂਹ ਲਿਆ ਮੈਂ ਅੰਬਰਾਂ ਨੂੰ, ਟੁੱਟੇ ਖੰਭਾਂ ਨਾਲ਼ ਵੀ
ਨੰਗੇ ਪਿੰਡੇ ਪਾਰ ਦਰਿਆ , ਅੱਗ ਦਾ ਮੈਂ ਤਰ ਲਿਆ
ਹੱਸਿਆ ਹਾਂ , ਪੈਣ ਰੋ ਨਾ, ਆਪਣੇ ਜੋ ਸੰਗ ਨੇ
ਜਿੰਦਗ਼ੀ ਦੇ ਪੈਂਡਿਆਂ ‘ਤੇ, ਵਾਰ ਸੌ -ਸੌ ਮਰ ਲਿਆ
ਸ਼ੂਕਿਆ ਹਾਂ ਜੇਹਲਮ ਜਿਉਂ, ਨਾਗ਼ ਵਾਂਗੂੰ ਚੁੱਕ ਫ਼ਣ
ਬਾਜ਼ ਵਾਂਗੂੰ ਝਪਟਿਆ ਹਾਂ, ਇਸ਼ਕ-ਗਮ ਜਦ ਵਰ ਲਿਆ
ਜਿੱਤਿਆ ਹੈ ਹਰ ਕਿਲਾ ਲੜ, ਵੇਚਿਆ ਈਮਾਨ ਨਾ
ਸ਼ੇਰ ਹੋ ਕੇ, ਮੰਨ ਭਾਣਾ, ਘਾਹ ਵੀ ਮੈਂ ਚਰ ਲਿਆ
ਇਮਤਿਹਾਨਾਂ ਦੀ ਲੜੀ ਹੈ, ਜ਼ਿੰਦਗ਼ੀ ਇਹ ਦੋਸਤੋ
ਪੱਥਰਾਂ ਜਿਉਂ ਰੁੜ ਕਦੇ ਮੈਂ, ਰੇਤ ਹੋ ਹੋ ਖਰ ਲਿਆ
ਹੈ ਮੁਸਾਫ਼ਿਰ “ਰੇਤਗੜੵ” ਇਕ, ਰੱਬ “ਬਾਲੀ” ਯਾਰ ਓਹ
ਮੈਂਅ ਨਾ ਹੰਕਾਰ ਅੰਦਰ, ਆਸਰਾ ਇਕ , ਦਰ ਲਿਆ
ਬਾਲੀ ਰੇਤਗੜੵ
+91 94651 29168
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly