(ਸਮਾਜ ਵੀਕਲੀ)
ਕਿਹੜਾ ਸ਼ਹਿਰ ਗਰਾਂ ਓਹਨਾਂ ਦਾ ਮੈਂ ਕਿੱਥੇ ਖ਼ਤ ਪਾਵਾਂ
ਵਿਛੜਨ ਲੱਗੇ ਦੱਸ ਗਏ ਨਾ ਸੱਜਣ ਜੀ ਸਿਰਨਾਵਾਂ
ਦਰ ਮੇਰੇ ਨਾ ਕਾਸਿਦ ਢੁੱਕੇ ਨਾ ਹਰਕਾਰਾ ਕੋਈ
ਨਾ ਬਹਿੰਦਾ ਏ ਕਾਗ ਬਨੇਰੇ ਚੂਰੀ ਕਿਸ ਨੂੰ ਪਾਵਾ
ਇਕ ਰਾਹ ਜਾਂਦਾ ਕਾਅਬੇ ਵੱਲ ਨੂੰ ਤੇ ਦੂਜਾ ਮੈਖ਼ਾਨੇ
ਦਿਲ ਤੋਂ ਇਹ ਨਿਰਣਾ ਨਾ ਹੁੰਦਾ ਮੈਂ ਕਿਸ ਰਾਹੇ ਜਾਵਾਂ
ਮਾਰੂਥਲ ਦੀ ਰੇਤ ਜਿਹਾ ਏ ਮੇਰੇ ਦਿਲ ਦਾ ਆਂਗਣ
ਸਧਰਾਂ ਦਾ ਇਹ ਸਾਵਾ ਬੂਟਾ ਕਿਸ ਕੋਨੇ ਵਿੱਚ ਲਾਵਾਂ
ਦੁਨੀਆ ਦੇ ਨਾ’ਲ ਸਾਂਝ ਵਧਾਉਂਦੇ ਭੈਣ ਭਰਾ ਦੇ ਰਿਸ਼ਤੇ
ਬਾਪੂ ਸਿਰ ਦੀ ਛੱਤ ਬਣੇ ਤੇ ਮਾਂ ਬੂਟਾ ਘਣਛਾਂਵਾਂ
ਮੁਸ਼ਕਿਲ ਦੇ ਵਿੱਚ ਛੱਡ ਤੁਰ ਜਾਵਣ ਮਤਲਬਖੋਰੇ ਸੰਗੀ
ਨੇਰ੍ਹੇ ਦੇ ਵਿਚ ਜਿਉਂ ਨਾ ਦਿਖਦਾ ਅਪਣਾ ਹੀ ਪਰਛਾਂਵਾਂ
ਝੂਠ ਕਹਾਂ ਤਾਂ ਹਿਰਦਾ ਡੋਲੇ ਮੈਂ ਨਜ਼ਰੋਂ ਡਿਗਦੀ ਹਾਂ
ਸੱਚ ਬੋਲਣ ਤੇ ਕਹਿੰਦੇ ‘ਬੱਬੂ’ ਹੋਵਣ ਸਖ਼ਤ ਸਜ਼ਾਵਾਂ
ਬੱਬੂ ਸੈਣੀ