(ਸਮਾਜ ਵੀਕਲੀ)
ਪੁੰਨਿਆ ਦਾ ਚੰਨ ਫਿੱਕਾ ਜਾਪੇ,ਸੂਰਜ ਠਰਿਆ-ਠਰਿਆ ਹੈ।
ਗੀਤਾਂ ਦਾ ਵਣਜਾਰਾ ਮੁੱਕਾ,ਗੀਤਾਂ ਹਉਕਾ ਭਰਿਆ ਹੈ।
ਰੰਗਾਂ ਦਾ ਮੌਸਮ ਬੇਰੰਗਾ,ਪੌਣਾਂ ਵਿੱਚ ਸੁਗੰਧ ਨਹੀਂ,
ਕਲੀਆਂ ਨੇ ਮਰਸੀਏ ਗਾਏ,ਫੁੱਲਾਂ ਦਾ ਮਨ ਭਰਿਆ ਹੈ।
ਗੁਲਸ਼ਨ ਸਾੜਨ ਖ਼ਾਤਿਰ ਤਲਖ਼ ਹਵਾਵਾਂ ਇੱਕ ਸੁਰ ਹੋਈਆਂ ਨੇ,
ਵਿਧਵਾ ਰੁੱਤ ਜਿਉਂ ਬੂਹੇ ਢੁੱਕੀ,ਹਰ ਇਕ ਪੰਛੀ ਡਰਿਆ ਹੈ।
ਮੇਰੀ ਕੁੱਲੀ ਨੂੰ ਅੱਗ ਲਾ ਕੇ,ਮੈਨੂੰ ਚਾਹੁੰਣ ਡਰਾਉਣਾ ਜੋ,
ਲੈਂਣ ਸਮਝ ਉਹ ਉਮਰਾਂ ਭਰ ਮੈਂ,ਅੱਗ ਦਾ ਸਾਗਰ ਤਰਿਆ ਹੈ।
ਲੇਬਰ ਚੌਂਕ ‘ਚ ਖੜ੍ਹ ਕੇ ਕਿਰਤੀ,ਨਾਲ਼ ਦਿਆਂ ਨੂੰ ਕਹਿੰਦਾ ਸੀ,
ਹੱਥ ਅੱਡੇ ਨਾ ਕਿਸੇ ਦੇ ਮੂਹਰੇ,ਸਾਰ ਲਿਆ ਜਿਉਂ ਸਰਿਆ ਹੈ।
ਉਹਨਾਂ ਨਫ਼ਰਤ ਦੇ ਕੰਡੇ ਜੋ,ਸਾਡੇ ਪਿੰਡ ਖਿਲਾਰੇ ਸਨ,
ਲੋਕਾਂ ਪਿਆਰ ਬੁਹਾਰੀ ਲਾ ਕੇ, ਉਹਨਾਂ ਨੂੰ ਸੁੰਬਰਿਆ ਹੈ।
ਗ਼ੈਰਾਂ ਨੂੰ ਸੀ ਅਪਣਾ ਕਹਿੰਦਾ, ਸਕਿਆਂ ਤੋਂ ਸੀ ਦੂਰ ਬੜਾ,
ਜਿੱਤ ਸਕਦਾ ਸੀ ਦੁਨੀਆਂ ਜਿਹੜਾ,ਅਪਣਿਆਂ ਤੋਂ ਹਰਿਆ ਹੈ।
ਸਾਗਰ ਦੇ ਗਲ਼ ਲੱਗ ਕੇ ਨਦੀ ਨੇ,ਅਪਣਾ ਹਾਲ ਸੁਣਾਇਆ ਇਉਂ,
ਤੇਰੀ ਪਿਆਸ ਬੁਝਾਉਣ ਦੀ ਖ਼ਾਤਿਰ,ਮੈਂ ਕਿੰਨਾ ਕੁਝ ਜਰਿਆ ਹੈ।
ਤਪਦੇ ਥਲ ਵਿਚ ਸ਼ੀਤਲ ਪੌਣਾਂ ਦੀ ਹੁਣ ਆਸ ਨਹੀਂ ‘ਰਾਣੇ’,
ਬੱਦਲ ਧੋਖੇਬਾਜ਼ ਬੜਾ ਹੈ ਫਿਰ ਸਾਗਰ ‘ਤੇ ਵਰ੍ਹਿਆ ਹੈ।
ਜਗਦੀਸ਼ ਰਾਣਾ
ਸੋਫ਼ੀ ਪਿੰਡ
ਜਲੰਧਰ -24
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly