ਗ਼ਜ਼ਲ

  (ਸਮਾਜ ਵੀਕਲੀ)               

ਬੁਰੇ  ਇਸ ਦੌਰ ਅੰਦਰ ਯੋਗ ਨੇਕ ਵਿਚਾਰ ਦਾ ਮਿਲਣਾ।
ਕਿਸੇ ਉਤਸਵ ਜਿਹਾ ਲਗਦਾ ਸਲੀਕੇਦਾਰ ਦਾ ਮਿਲਣਾ।ਜਦੋਂ ਹਰ ਤਰਫ਼ ਹੀ ਪਤਝੜ ਬੜਾ ਅਸਚਰਜ ਲਗਦਾ ਹੈ,
ਫਿਰੇ ਜੋ ਵੰਡ ਦੀ ਮਹਿਕਾਂ  ਖਿੜੀ ਗੁਲਜ਼ਾਰ ਦਾ ਮਿਲਣਾ।

ਹਮੇਸ਼ਾ ਯਾਦ  ਰਹਿੰਦਾ ਹੈ  ਕਦੇ  ਵੀ ਭੁੱਲ  ਹੁੰਦਾ ਨਈਂ,
ਕਿਸੇ ਵੀ ਸ਼ਖ਼ਸ ਦੇ ਕੋਲੋਂ ਦਿਲੋਂ ਸਤਿਕਾਰ ਦਾ ਮਿਲਣਾ।

ਰਤੀ ਵੀ  ਝੂਠ ਨਾ  ਇਸ ਵਿਚ  ਦਿਲਾਂ ਨੂੰ  ਟੁੰਬ ਜਾਂਦਾ ਹੈ,
ਕਿਸੇ ਦਾ ਆਮ ਵਾਂਗਰ ਵੀ ਦਿਲੋਂ ਹਰ ਵਾਰ ਦਾ ਮਿਲਣਾ।

ਮਨਾਂ ਵਿਚ ਵਾਂਗ  ਲਹਿਰਾਂ ਦੇ  ਪਲਾਂ ਵਿਚ ਆਉਂਦੀਆਂ ਖ਼ੁਸ਼ੀਆਂ,
ਬਹਾਰਾਂ  ਨਾਲ ਭਰ ਦਿੰਦਾ  ਪ੍ਰੇਮ ਪਿਆਰ  ਦਾ ਮਿਲਣਾ।

ਖੜ੍ਹੇ  ਨੇ  ਹਰ  ਜਗ੍ਹਾ  ਉਹ  ਜੋ  ਹਮੇਸ਼ਾ  ਖਿੱਚਦੇ  ਲੱਤਾਂ,
ਬੜਾ ਔਖਾ  ਜ਼ਮਾਨੇ  ਵਿਚ  ਕਿਸੇ ਗ਼ਮਖ਼ਾਰ ਦਾ ਮਿਲਣਾ।

ਵਿਕੇ ਨੇ  ਕੁਝ ਵਿਕਣ  ਦੇ ਵਾਸਤੇ  ਕੁਝ ਨੇ ਅਜੇ ਫਿਰਦੇ,
ਬੜਾ ਮੁਸ਼ਕਲ ਜਿਹਾ ਜਾਪੇ ਭਲੀ ਸਰਕਾਰ ਦਾ ਮਿਲਣਾ।

ਖ਼ੁਸ਼ੀ ਦੇ ਨਾਲ ਭਰ ਜਾਂਦਾ ਉਦੋਂ ਉਸ ਪੁਰਸ਼ ਦਾ ਹਿਰਦਾ,
ਜਦੋਂ ਉਸ ਨੂੰ ਪਤਾ ਲਗਦਾ ਕਿਸੇ ਉਪਹਾਰ ਦਾ ਮਿਲਣਾ।

ਜਦੋਂ ਇਸ ਦੌਰ ਵਿਚ ਭਾਰੂ ਸੁਆਰਥ ਹਰ ਕਿਸੇ ‘ਤੇ ਹੈ,
ਨਹੀਂ ਹੁੰਦਾ  ਮਨੋਰਥ ਬਾਝ  ਰਿਸ਼ਤੇਦਾਰ  ਦਾ ਮਿਲਣਾ।

ਜਿਵੇਂ ਹੁਣ ਵਾਂਗਰਾਂ ਗਿਰਗਿਟ  ਬਦਲਦਾ ਰੰਗ ਹਰ ਕੋਈ,
ਬੜਾ ਮੁਸ਼ਕਲ ਜਿਹਾ ਲਗਦਾ ਭਲੇ ਦਿਲਦਾਰ ਦਾ ਮਿਲਣਾ।

ਜਦੋਂ  ਹਰ  ਥਾਂ  ਨਿਸ਼ਾਨ  ਸਿਆਂ  ਲੁਟੇਰੇ, ਚੋਰ  ਤੇ ਡਾਕੂ ,
ਬੜਾ  ਧਰਵਾਸ ਦਿੰਦਾ  ਹੈ  ਦਿਆਨਤਦਾਰ  ਦਾ ਮਿਲਣਾ।

ਨਿਸ਼ਾਨ ਸਿੰਘ
ਪਿੰਡ ਤੇ ਡਾਕ : ਜੌੜਾ ਸਿੰਘਾ
ਜ਼ਿਲ੍ਹਾ : ਗੁਰਦਾਸਪੁਰ
ਫੋਨ: 9646540249 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article           ਮਰਦੇ ਰਿਸ਼ਤੇ 
Next articleਬਠਿੰਡਾ ਦਾ ਅਲੋਕਿਕ ਅਦਭੁੱਤ, ਪੰਛੀਆਂ ਦਾ ਰੈਣ ਬਸੇਰਾ।