(ਸਮਾਜ ਵੀਕਲੀ)
ਤੇਰੇ ਬਗ਼ੈਰ ਜ਼ਿੰਦਗੀ,ਚਾਨਣ ਨਹੀਂ ਹਨੇਰ ਹੈ।
ਮੇਰੇ ਸਨਮ ਤੂੰ ਆ ਵੀ ਜਾ, ਕਾਹਤੋਂ ਲਗਾਈ ਦੇਰ ਹੈ ?
ਤੁਰ ਪੈਣ ਪਿੱਛੇ ਕਾਫ਼ਿਲੇ, ਜਿਸ ਤਰਫ਼ ਵੀ ਉਹ ਤੁਰ ਪਵੇ,
ਲੋਕਾਂ ਲਈ ਉਹ ਲੜ ਰਿਹਾ, ਬੰਦਾ ਬੜਾ ਦਲੇਰ ਹੈ।
ਛਾਇਆ ਹਨੇਰ ਜ਼ੁਲਮ ਦਾ,ਹੈ ਦੇਰ ਡਾਹਢੀ ਹੋ ਗਈ,
ਸੁਣਦੇ ਸਾਂ ਦੇਰ ਘਰ ‘ਉਦ੍ਹੇ’,
ਹੁੰਦਾ ਨਹੀਂ ਹਨੇਰ ਹੈ।
ਮਿਹਨਤ ਕਰੀ ਹੈ ਰਾਤ ਦਿਨ, ਮਿਲ਼ਿਆ ਮੁਕਾਮ ਫੇਰ ਇਹ,
ਲੋਕੀਂ ਵੀ ਠੀਕ ਆਖਦੇ,
ਕਿਸਮਤ ਦਾ ਹੇਰ-ਫੇਰ ਹੈ।
ਪੜ੍ਹ ਲਿਖ ਕੇ ਵੀ ਨਾ ਸਮਝਿਆ, ਵਹਿਮਾਂ ‘ਚ ਫ਼ਸਿਆ ਉਹ ਰਿਹਾ,
ਇਕ ਜੋਤਸ਼ੀ ਦੇ ਕਹਿਣ ਤੇ,ਤਾਰਨ ਗਿਆ ਲਲੇਰ ਹੈ।
ਹੈ ਲਾਸ਼ ਇਕ ‘ਸ਼ਹੀਦ’ ਦੀ, ਆਈ, ਦੁਖੀ ਹੈ ਸ਼ਹਿਰ ਇਉਂ,
ਕੇ ਰਾਤ ਪਾਉਂਦੀ ਕੀਰਨੇ,ਕੁਰਲਾ ਰਹੀ ਸਵੇਰ ਹੈ।
ਰੰਗੀਨੀਆਂ ਨੇ ਪਰਤਣਾਂ,ਮੁੜ ਆਏਗੀ ਬਹਾਰ ਫਿਰ,
ਹਾਲਤ ਵਤਨ ਦੀ ਇੰਝ ਦੀ,ਰਹਿਣੀ ਨਾ ਬਹੁਤੀ ਦੇਰ ਹੈ।
ਪਾਣੀ ਜ਼ਮੀਨ ਤੇ ਹਵਾ,ਕੀਤੇ ਤੁਸੀਂ ਹੀ ਗੰਦਲੇ,
ਹੁਣ ਆਖਦੇ ਹੋ ਇਹ ਜਗ੍ਹਾ,ਤਾਂ ਗੰਦਗੀ ਦਾ ਢੇਰ ਹੈ ।
ਤੇਰੀ ਗਲ਼ੀ ਤਾਂ ਫੇਰ ਕੀ? ਕਰ ਕੇ ਰਹੂੰ ਮੁਕਾਬਲਾ,
ਅਪਣੀ ਗਲ਼ੀ ‘ਚ ਆਖਦੇ, ਕੁੱਤਾ ਵੀ ਹੁੰਦਾ ਸ਼ੇਰ ਹੈ ।
ਜਗਦੀਸ਼ ਰਾਣਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly