(ਸਮਾਜ ਵੀਕਲੀ)
ਯਾਦ ਤਿਰੀ ਦਾ ਕਾਲਜੇ, ਪੁੜਿਆ ਤਿੱਖਾ ਤੀਰ।
ਛਮ ਛਮ ਕਰਕੇ ਵੱਸਿਆ, ਅੱਖਾਂ ਵਿੱਚੋਂ ਨੀਰ।
ਕੈਸਾ ਆਇਆ ਦੌਰ ਹੈ, ਮੱਚੀ ਲੁੱਟ ਖਸੁੱਟ,
ਰੋਂਦੇ ਦਿਲ ਨੂੰ ਦੋਸਤਾ, ਕੌਣ ਬੰਨ੍ਹਾਵੇ ਧੀਰ।
ਚੋਰ ਉਚੱਕਾ ਚੌਧਰੀ, ਗੁੰਡੀ ਰੰਨ ਪ੍ਰਧਾਨ,
ਖ਼ੈਰ ਮਨਾਵੇ ਦੇਸ਼ ਦੀ, ਦੱਸੋ ਕਿਹੜਾ ਪੀਰ।
ਸਾਰੀ ਸਾਧ-ਜਮਾਤ ਵਿਚ, ਵਿਰਲਾ ਕੋਈ ਸਾਧ ,
ਲੁੱਚੇ ਲੰਡੇ ਬਹਿ ਗਏ, ਬਣਕੇ ਅੱਜ ਫ਼ਕੀਰ।
‘ਮੈਂ ਮੇਰੀ’ ਵਿਚ ਮਰ ਰਹੇ, ਏਧਰ ਓਧਰ ਲੋਕ,
ਹੋ ਗਈ ਵੈਰੀ ਜਾਨ ਦੀ, ਖਿੱਚੀ ਇੱਕ ਲਕੀਰ।
ਫਿਰ ਹੈ ਕੋਈ ਕਰ ਰਿਹਾ, ਲੋਕਾਂ ਨਾਲ਼ ਮਜ਼ਾਕ,
ਲਾਲ ਕਿਲ੍ਹੇ ਤੋਂ ਹੋ ਰਹੀ, ਫਿਰ ਫੋਕੀ ਤਕਰੀਰ।
ਬੁੱਤ ਪੂਜਾ ਤੋਂ ਨਾਨਕਾ, ਤੂੰ ਜੋ ਰੋਕੇ ਲੋਕ,
ਪੂਜਣ ਲੱਗੇ ਅੱਜ ਉਹ, ਤੇਰੀ ਹੀ ਤਸਵੀਰ।
ਆਪਣੇ ਘਰ ਵੀ ਹੈ ਜਦੋਂ, ਮਾਂ, ਧੀ, ਪਤਨੀ, ਭੈਣ,
ਦੂਜੇ ਦੇ ਘਰ ਕਿਉਂ ਦਿਸੇ, ਬੋਲ, ਸਲੇਟੀ ਹੀਰ।
ਜਦ ਵੀ ਮਿਰਜ਼ੇ ਵਾਂਙ ਕੁਈ, ਅੱਤ ਕਰੇ ਬਦਮਾਸ਼,
ਪੈਦਾ ਹੁੰਦੇ ਰਹਿਣ-ਗੇ, ਇੱਥੇ ਖ਼ਾਨ ਸ਼ਮੀਰ।
ਕੁੜੀਏ ਡਰਨਾ ਛੱਡ ਦੇ, ਚੁੱਕ ਲੈ ਹੁਣ ਹਥਿਆਰ,
ਜੋ ਤੈਨੂੰ ਹੱਥ ਪਾਂਵਦਾ, ਉਸ ਨੂੰ ਦੇ ਤੂੰ ਚੀਰ।
“ਜੱਸੀ” ਮੰਗੇ ਰੱਬ ਤੋਂ, ਉੱਡਣ ਲਈ ਦੋ ਖੰਭ,
ਨਾ ਬਖ਼ਸ਼ੀਂ ਤੂੰ ਮਾਲਕਾ, ਪੈਰਾਂ ਨੂੰ ਜ਼ੰਜੀਰ।
ਜਸਵਿੰਦਰ ਸਿੰਘ ਜੱਸੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly