(ਸਮਾਜ ਵੀਕਲੀ)
ਹਰ ਪਾਸੇ ਹੀ ਵੇਖੋ ਮੱਚੀ ਹਾਲ ਦੁਹਾਈ ਹੈ।
ਦੱਸੋ ਫਿਰ ਪੌਣਾਂ ਵਿੱਚ ਕਿਹਨੇ ਜ਼ਹਿਰ ਮਿਲਾਈ ਹੈ।
ਚਿੱਟੇ ਕੁੜਤੇ ਪਾ ਕੇ ਲੰਘੇ, ਹੱਥ ਦੁਨਾਲੀ ਸੀ,
ਧਰਕੇ ਦੂਜੇ ਮੋਢੇ ‘ਤੇ ਬੇ-ਖ਼ੌਫ਼ ਚਲਾਈ ਹੈ।
ਚੁੱਪ ਕਰ ਕਮਲਿਆ, ਚੁੱਪ ਕਰ, ਸੱਚ ਨੂੰ ਚੁੱਕਿਆ ਮੋਢੇ ‘ਤੇ,
ਝੂਠੇ ਰਾਜ ‘ਚ ਆਖਣ ਲੋਕੀ ਮਗ਼ਜ਼-ਖਪਾਈ ਹੈ।
ਪੱਥਰਾਂ ਦੇ ਵਿੱਚ ਰਹਿਕੇ ਲੋਕਾ ਪੱਥਰ ਹੋ ਗਏ ਹਾਂ,
ਪੱਥਰ ਹੁੰਦੇ ਪੱਥਰ, ਅੱਗ ਪੱਥਰਾਂ ਦੀ ਲਾਈ ਹੈ।
ਪਰ-ਕੁਤਰੇ ਦੀ ਤਾਂ ਵੀ ਤਾਂਘ ਨਾ ਮੁੱਕੀ ਅੰਬਰਾਂ ਦੀ,
ਜਿਹਨੇ ਖਾਬਾਂ ਵਿੱਚ ਵੀ ਰਾਤ ਉਡਾਰੀ ਲਾਈ ਹੈ।
‘ਪ੍ਰੀਤ’ ਜੋ ਦੋ ਹੱਥ ਕਰਦੇ ਨਾਲ ਹਲਾਤ ਹਮੇਸ਼ਾ ਹੀ,
ਉਹਨਾਂ ਨੇ ਦੁਨੀਆਂ ‘ਤੇ ਵੱਖਰੀ ਛਾਪ ਬਣਾਈ ਹੈ।
ਪਰਮ ਪ੍ਰੀਤ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly