(ਸਮਾਜ ਵੀਕਲੀ)
ਪੱਥਰ ਦਿਲ ਤੋਂ ਟੁੱਕੜੇ ਹੋਇਆ,ਸ਼ੀਸ਼ੇ ਦਾ ਹਰ ਘਰ ਲਗਦਾ ਹੈ।
ਮੀਆਂ ਮਿੱਠੂ ਦਿਲ ਖੋਰੀ ਬੰਦਿਆਂ ਕੋਲੋਂ ਡਰ ਲਗਦਾ ਹੈ।
ਰਿਸ਼ਤੇ ਨਾਤੇ ਗੰਧਲੇ ਹੋ ਗਏ,ਸਾਰ ਨਹੀਂ ਕੋਈ ਵਿਰਸੇ ਦੀ,
ਲੋਰੀ ਰੱਖੜੀ ਬਾਝੋਂ ਹੁਣ ਤਾਂ,ਹਰ ਰਿਸਤਾ ਸ਼ਾਤਰ ਲਗਦਾ ਹੈ।
ਬਾਜ਼ ਸ਼ਿਕਾਰੀ ਵਾਂਗੂੰ ਨਜ਼ਰਾਂ,ਰਖਦਾ ਜੋ ਘੁੱਘੀਆਂ ਚਿੜੀਆਂ ਤੇ,
ਕਾਮੀ ਲੋਭੀ ਜਾਲਿਮ ਚਾਤੁਰ,ਆਦਤ ਤੋਂ ਆਤਰ ਲਗਦਾ ਹੈ।
ਸਾਰ ਨਹੀਂ ਜਦ ਜਿਸ ਬੰਦੇ ਨੂੰ,ਨੈਤਿਕ ਰਿਸ਼ਤਿਆਂ ਨਾਤਿਆਂ ਦੀ,
ਕੰਡਿਆਂ ਵਾਲੀ ਵਾੜ ਚ ਫਸਿਆ,ਪਾਟੇ ਖ਼ਤ ਦੀ ਕਾਤਰ ਲਗਦਾ ਹੈ।
ਰੁੱਖਾਂ ਵਰਗੇ ਮਾਂ ਪਿਉ ਹੁੰਦੇ,ਛਾਵਾਂ ਕਰਦੇ ਅਸੀਸਾਂ ਦੇਵਣ,
ਕਿਰਤੀ ਮਾਪੇ ਰੋਲ ਦਿੱਤੇ ਜਿਸ ,ਮਨਮੁੱਖ ਮੂਰਖ ਪੱਥਰ ਲਗਦਾ ਹੈ।
ਅੱਜ ਵੀ ਚੌਧਰ ਭਾਗੋ ਦੀ ਹੈ,ਹੁਣ ਵੀ ਕਿਰਤੀ ਲਾਲੋ ਬੇਵਸ,
ਮੋਮਨ ਚਿਹਰੇ ਦੇ ਵਿਚ ਛੁਪਿਆ ਰਾਹਬਰ,ਨਾਬਰ ਲਗਦਾ ਹੈ।
ਮਹਿਕਾਂ ਵੰਡਣ ਦਿਲ ਨੂੰ ਮੋੰਹਦੇ,ਕੁਦਰਤ ਸਾਜੇ ਫੁੱਲ ਤੇ ਕਲੀਆਂ,
ਪਿਆਰ ਵਿਹੂਣਾ ਬੰਦਾ ਜਿਹੜਾ ਰਾਵਣ ਦਾ ਪਾਤਰ ਲਗਦਾ ਹੈ।
ਮੇਜਰ ਸਿੰਘ ਰਾਜਗੜ੍ਹ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly