ਗ਼ਜ਼ਲ

ਸੁਰਜੀਤ ਸਿੰਘ ਲਾਂਬੜਾ

(ਸਮਾਜ ਵੀਕਲੀ)

ਸਦਾ ਲਗਦੀ ਏ ਚੰਗੀ ਸਾਨੂੰ ਪਿਆਰਿਆਂ ਦੀ ਗੱਲ।
ਜਦੋਂ ਕਰਦੇ ਉਹ ਅਜਬ ਨਜ਼ਾਰਿਆਂ ਦੀ ਗੱਲ।

ਹੁੰਦੀ ਕਾਬਲੇ ਤਾਰੀਫ਼ ਉਸ ਨਦੀ ਦੀ ਹੈ ਚਾਲ,
ਜਿਹੜੀ ਮੰਨ ਕੇ ਹੈ ਚਲਦੀ ਕਿਨਾਰਿਆਂ ਦੀ ਗੱਲ।

ਜਿਹਨਾਂ ਸਿਖੀ ਤਰਕੀਬ ਕਿੱਦਾਂ ਜ਼ਿੰਦਗੀ ਬਿਤਾਉਣੀ,
ਕਦੇ ਮੰਨਦੇ ਨਾ ਬੰਦਿਆਂ ਹੰਕਾਰਿਆਂ ਦੀ ਗੱਲ।

ਜਿਹੜੇ ਆਸ਼ਾਵਾਦੀ ਹੋਣ, ਕਦੇ ਨੇਰ੍ਹੇ ‘ਚ ਨਾ ਰੋਣ,
ਰਹਿਣ ਕਰਦੇ ਉਹ ਚਾਨਣ ਮੁਨਾਰਿਆਂ ਦੀ ਗੱਲ।

ਸਾਦਾ ਰਹਿਣ ਸਹਿਣ, ਸਾਦੇ ਰਸਮੋ ਰਿਵਾਜ ਸਾਰੇ,
ਖੁੱਲ੍ਹੇ ਮੰਡਲਾਂ ‘ਚ ਰਹਿੰਦੇ ਵਣਜਾਰਿਆਂ ਦੀ ਗੱਲ।

ਅੱਜ ਕੋਈ ਕਰੇ ਨਾ ਅਲੋਪ ਹੋਈ ਜਾਂਦੀ ਕਾਹਤੋਂ,
ਕੱਚੇ ਕੋਠੇ, ਛੰਨਾਂ ਅਤੇ ਢਾਰਿਆਂ ਦੀ ਗੱਲ।

ਵਾਘੇ ਪਾਰ ‘ਲਾਂਬੜਾ’ ਪੰਜਾਬੀਆਂ ਦੇ ਗੀਤਾਂ ਵਿਚ
ਹੁੰਦੀ ਰਹਿੰਦੀ ਹੁੱਲੇ ਤੇ ਹੁਲਾਰਿਆਂ ਦੀ ਗੱਲ।

ਸੁਰਜੀਤ ਸਿੰਘ ਲਾਂਬੜਾ

ਸੰਪਰਕ :92177-90689
100 -ਏ ,ਭਾਈ ਹਿੰਮਤ ਸਿੰਘ ਨਗਰ ,ਬਲਾਕ -ਬੀ, ਦੁੱਗਰੀ, ਲੁਧਿਆਣਾ,ਪੰਜਾਬ

 

Previous articleਆਪਣਾ ਕੌਣ
Next articleਬਸੰਤ ਰੁੱਤ