ਘੜਿਆ ਵੇ ਮਿੱਟੀ ਦਿਆ ਘੜਿਆ…

ਡਾ. ਪ੍ਰਿਤਪਾਲ ਸਿੰਘ ਮਹਿਰੋਕ

(ਸਮਾਜ ਵੀਕਲੀ) ਮਨੁੱਖ ਦੀ ਘੜੇ ਨਾਲ ਸਾਂਝ ਬਹੁਤ ਪੁਰਾਣੀ ਹੈ। ਇਸ ਸਾਂਝ ਦੇ ਮੁੱਢ ਬਾਰੇ ਨਿਸਚੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ ਕਿ ਇਹ ਕਦੋਂ ਤੋਂ ਜੁੜੀ ਚਲੀ ਆ ਰਹੀ ਹੈ। ਇਸ ਸਾਂਝ ਦੀ ਪੁਰਾਤਨਤਾ ਤੇ ਇਸਦੇ ਪਿਛੋਕੜ ਬਾਰੇ ਵੀ ਕੋਈ ਅਨੁਮਾਨ ਲਗਾਉਣਾ ਕਠਿਨ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਘੜਾ ਮਨੁੱਖ ਵੱਲੋਂ ਸਿਰਜੀ ਗਈ ਮਹੱਤਵਪੂਰਨ ਵਸਤੂ ਹੈ। ਘੜੇ ਦੀ ਸਿਰਜਣਾ ਮਨੁੱਖ ਦੀਆਂ ਬੁਨਿਆਦੀ ਲੋੜਾਂ ਵਿਚੋਂ ਕੁਝ ਅਹਿਮ ਲੋੜਾਂ ਦੀ ਪੂਰਤੀ ਕਰਨ ਲਈ ਇਕ ਸੰਦ ਵਜੋਂ ਕੀਤੀ ਗਈ ਹੋਵੇਗੀ। ਘੜੇ ਦਾ ਮਨੁੱਖੀ ਸਮਾਜ ਤੇ ਲੋਕ ਸੱਭਿਆਚਾਰ ਵਿੱਚ ਇਸ ਹੱਦ ਤੱਕ ਮਹੱਤਵ ਪਾਇਆ ਜਾਂਦਾ ਹੈ ਕਿ ਉਹ ਮਹਿਜ਼ ਇਕ ਵਸਤੂ ਨਾ ਰਹਿ ਕੇ ਆਪਣੀ ਕਾਇਆ ਅੰਦਰ, ਆਪਣੀ ਰੂਪ ਬਣਤਰ ਅੰਦਰ, ਆਪਣੇ ਵਜੂਦ ਅੰਦਰ ਤੇ ਆਪਣੇ ਗੁਣਾਂ ਆਦਿ ਸਦਕਾ ਬਹੁਤ ਡੂੰਘੇ ਅਰਥ ਗ੍ਰਹਿਣ ਕਰ ਜਾਂਦਾ ਹੈ। ਇਸੇ ਲਈ ਮਨੁੱਖ ਘੜੇ ਨੂੰ ਬਹੁਅਰਥੀ ਪ੍ਰਤੀਕ ਦੇ ਤੌਰ ’ਤੇ ਸਵੀਕਾਰ ਕਰਦਾ ਆਇਆ ਹੈ।
ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ ਅਨੁਸਾਰ ” ਮਿੱਟੀ ਦੇ ਸਾਧਾਰਨ ਜਿਹੇ ਘੜੇ ਨਾਲ ਪੰਜਾਬੀਆਂ ਦੀ ਵੰਨ-ਸੁਵੰਨੀ ਸੱੱਭਿਆਚਾਰਕ ਪਛਾਣ ਤੇ ਲੋਕਧਾਰਾਈ ਪਹਿਲੂ ਜੁੜੇ ਹੋਏ ਹਨ। ਵਿਆਹ ਦੇ ਸਮੇਂ ਜਦੋਂ ਕੰਨਿਆ ਨੂੰ ਛੰਦੜੀਆਂ ’ਤੇ ਬਿਠਾਇਆ ਜਾਂਦਾ ਹੈ ਤਾਂ ਉਸ ਕੋਲ ਤਿੰਨ ਘੜੋਲੀਆਂ ਰੱਖੀਆਂ ਜਾਂਦੀਆਂ ਹਨ। ਵਿਆਹ ਨਾਲ ਸਬੰਧਤ ਕੁਝ ਹੋਰ ਰੀਤਾਂ-ਰਸਮਾਂ ਜਿਹਾ ਕਿ ਘੜੋਲੀ ਭਰਨੀ, ਘੜਾ-ਘੜੋਲੀ ਖੇਡਣਾ ਆਦਿ ਵੇਲੇ ਘੜੇ ਤੇ ਜਲ ਦਾ ਹੀ ਸ਼ਗਨ ਕੀਤਾ ਜਾਂਦਾ ਹੈ। ਪੰਜਾਬੀ ਲੋਕਧਾਰਾ ਵਿਚ ਘੜਾ ਜੀਵ ਦੇ ਸਰੀਰ ਦਾ ਬੋਧ ਵੀ ਕਰਵਾਉਂਦਾ ਹੈ, ਟੁੱਟਾ ਘੜਾ ਕਾਲ ਦਾ ਚਿੰਨ੍ਹ ਹੈ।”( ਪੰਜਾਬੀ ਲੋਕਧਾਰਾ ਵਿਸ਼ਵਕੋਸ਼,ਪੰਨਾ1277 )। ਪ੍ਰੋ.ਜਲੌਰ ਸਿੰਘ ਖੀਵਾ ਅਨੁਸਾਰ-” ਸਾਧਾਰਨ ਅਰਥਾਂ ਵਿੱਚ ਘੜਾ ਮਿੱਟੀ ਤੋਂ ਤਿਆਰ ਕੀਤਾ ਹੋਇਆ ਅਜਿਹਾ ਭਾਂਡਾ ਹੈ ਜਿਸਦੀ ਵਿਹਾਰਕ ਵਰਤੋਂ ਰਸੋਈ ਨਾਲ ਸਬੰਧਿਤ ਹੈ, ਪਰ ਕਲਾਤਮਿਕ ਤੇ ਦਾਰਸ਼ਨਿਕ ਪੱਖੋਂ ‘ਘੜਾ’ ਸ਼ਬਦ ਦੇ ਅਰਥ ਬਹੁਤ ਉਚੇਰੇ ਤੇ ਡੂੰਘੇਰੇ ਹਨ।ਕਲਾਤਮਿਕ ਪੱਖੋਂ ਇਹ ਕਿਸੇ ਕੁੰਭਕਾਰ ਦੀ ਸਿਰਜਣਾਤਮਿਕ ਤੇ ਸੁਹਜਾਤਮਿਕ ਸੂਝ ਦਾ ਕ੍ਰਿਸ਼ਮਾ ਹੈ।” ਘੜਾ ਅਤੇ ਘੜੇ ਦਾ ਪਾਣੀ ਬਹੁਤੀਆਂ ਹਾਲਤਾਂ ਵਿਚ ਬੇਸ਼ੱਕ ਹੁਣ ਸਮਾਜ ਦੇ ਕੁਝ ਹਿੱਸੇ ਦੇ ਜੀਵਨ ਦਾ ਭਾਗ ਨਹੀਂ ਰਿਹਾ, ਫਿਰ ਵੀ ਘੜੇ ਦਾ ਮਹੱਤਵ ਇਸ ਸਮਾਜ ਅਤੇ ਸੱਭਿਆਚਾਰ ਦੇ ਚੇਤਿਆਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਵਸਿਆ ਹੋਇਆ ਹੈ। ਘੜੇ ਦੇ ਪਰਿਵਾਰ ਵਿਚ ਮਟਕਾ, ਮੱਟੀ, ਝਾਰੀ, ਘੜੋਲੀ, ਮੱਟ, ਸੁਰਾਹੀ, ਘੜੀ, ਮੱਘੀ, ਝੱਜਰ, ਝੱਕਰਾ, ਚਾਟੀ, ਤੌੜੀ, ਕੁੱਜਾ, ਕੁੱਜੀ ਆਦਿ ਵੀ ਪਾਣੀ ਰੱਖਣ/ਸਾਂਭਣ ਵਾਲੇ ਮਿੱਟੀ ਦੇ ਬਰਤਨ ਹਨ। ਇਨ੍ਹਾਂ ਵਿੱਚੋਂ ਕਈ ਬਰਤਨਾਂ ਵਿੱਚ ਕੋਈ ਜਿਣਸ ਪਾ ਕੇ ਵੀ ਰੱਖ ਲਈ ਜਾਂਦੀ ਹੈ। ਘੜੇ ਦੇ ਬੋਲ-ਬਾਲੇ ਦਾ ਜ਼ਮਾਨਾ ਬੀਤ ਚੁੱਕਿਆ ਹੈ ਪਰ ਘੜਾ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਬਣਿਆ ਚਲਿਆ ਆ ਰਿਹਾ ਹੈ। ਪੰਜਾਬ ਦੀਆਂ ਲੋਕ ਗਾਥਾਵਾਂ ਵਿੱਚ ਘੜੇ ਦਾ ਜ਼ਿਕਰ ਕਿਸੇ ਨਾ ਕਿਸੇ ਰੂਪ ਵਿੱਚ ਹੁੰਦਾ ਆਇਆ ਹੈ। ਸੋਹਣੀ ਮਹੀਂਵਾਲ ਦੇ ਕਿੱਸੇ ਵਿੱਚ ਘੜਾ ਇਕ ਪਾਤਰ ਵਜੋਂ ਪੇਸ਼ ਹੋਇਆ ਕਿਆਸਿਆ ਜਾਂਦਾ ਹੈ। ਕੱਚਾ ਘੜਾ ਆਪਣੇ ਨਾਲ ਡੂੰਘੇ ਅਰਥ ਜੋੜੀ ਬੈਠਾ ਹੈ।
* ਘੜਿਆ ਵੇ ਮਿੱਟੀ ਦਿਆ ਘੜਿਆ
ਤੂੰ ਚੜ੍ਹਿਆ ਢਾਕ ਮਹਿਬੂਬ ਦੀ ਕਿਹੜੀ ਆਸੇ?
* ਘੜਾ ਵੱਜਦਾ ਘੜੋਲੀ ਵੱਜਦੀ
ਕਿਤੇ ਗਾਗਰ ਵੱਜਦੀ ਸੁਣ ਮੁੰਡਿਆ…
*        ਮੈਨੂੰ ਪਾਰ ਲੰਘਾ ਦੇ ਵੇ
ਘੜਿਆ ਮਿੰਨਤਾਂ ਤੇਰੀਆਂ ਕਰਦੀ…
*        ਨਦੀ ਆਰ ਸੋਹਣੀਏਂ
ਨਦੀ ਪਾਰ ਸੋਹਣੀਏਂ
ਘੜਾ ਚੁੱਕ ਲੈ ਦੰਦਾਂ ਦੇ
ਭਾਰ ਸੋਹਣੀਏਂ।
*ਥਾਲੀ ਉੱਤੇ ਥਾਲੀ, ਥਾਲੀ ਉੱਤੇ ਛੰਨਾ
ਘੜਾ ਦੰਦਾਂ ਨਾਲ ਚੁੱਕੇਂ
ਤੈਨੂੰ ਤਾਂ ਮਜਾਜਣ ਮੰਨਾ…
ਪੰਜਾਬੀ ਸੱਭਿਆਚਾਰ ਵਿੱਚ ਘੜਾ ਅਜਿਹੇ ਪ੍ਰਤੀਕ ਵਜੋਂ ਪੇਸ਼ ਹੁੰਦਾ ਆਇਆ ਹੈ, ਜਿਸ ਤੋਂ ਕਈ ਤਰ੍ਹਾਂ ਦੇ ਅਰਥਾਂ ਦਾ ਸੂਚਕ ਬਣ ਕੇ ਪ੍ਰਗਟ ਹੁੰਦਾ ਹੈ। ਘੜਾ ਮਨੁੱਖ ਨੂੰ ਆਪਣੀ ਮਿੱਟੀ ਦੀ ਅਵਸਥਾ ਤੋਂ ਲੈ ਕੇ ਟੁੱਟਣ ਤੱਕ ਵਿਭਿੰਨ ਅਰਥਾਂ ਦਾ ਬੋਧਕ ਬਣਦਾ ਹੈ। ਘੜਾ ਮਨੁੱਖ ਨੂੰ ਸੱਚੀ-ਸੁੱਚੀ ਜੀਵਨ ਜਾਚ ਨਾਲ ਜੁੜਨ ਦਾ ਸੰਕੇਤ ਦਿੰਦਾ ਹੈ। ਜੀਵਨ ਦੀ ਹਰੇਕ ਸਥਿਤੀ ਵਿੱਚ ਵਿਸ਼ੇਸ਼ ਕਰਕੇ ਦੁੱਖਾਂ ਦੇ ਸਮੇਂ ਕਸ਼ਟਦਾਇਕ ਸਥਿਤੀ ਵਿੱਚ ਵੀ ਹੌਸਲਾ ਨਾ ਹਾਰਨ ਦਾ ਸੰਦੇਸ਼ ਦਿੰਦਾ ਹੈ। ਮਨੁੱਖਾ ਜੀਵਨ ਵੀ ਤਾਂ ਹੈ ਹੀ ਘੜੇ ਦੀ ਨਿਆਈਂ ! ਘੜੇ ਵਾਂਗ ਮਨੁੱਖ ਵੀ ਤਪਦਾ ਹੈ, ਘੜੇ ਵਾਂਗ ਮਨੁੱਖੀ ਸਰੀਰ ਵੀ ਨਾਸ਼ਵਾਨ ਹੈ। ਮਨੁੱਖ ਦੀ ਅੰਤਿਮ ਯਾਤਰਾ ਸਮੇਂ ਵੀ ਘੜਾ ਮਨੁੱਖ ਦਾ ਸਾਥ ਨਿਭਾਉਂਦਾ ਹੈ। ਘੜਾ ਭੰਨ੍ਹਣ ਦੀ ਰਸਮ ਮਨੁੱਖੀ ਸਰੀਰ ਦੀ ਨਾਸ਼ਵਾਨਤਾ ਦਾ ਪ੍ਰਤੀਕ ਹੈ। ਕੱਚੇ ਘੜੇ ਨੇ ਸੋਹਣੀ ਨੂੰ ਅਮਰ ਬਣਾ ਦਿੱਤਾ ਹੈ। ਕੱਚਾ ਘੜਾ ਮਨੁੱਖ ਨੂੰ ਕਿਸੇ ਵਾਸਤੇ ਕੁਰਬਾਨੀ ਕਰਨ, ਨੇਕੀ ਕਮਾਉਣ, ਕਿਸੇ ਦੇ ਕੰਮ ਆਉਣ, ਕੀਤੇ ਹੋਏ ਕੌਲ-‘ਕਰਾਰ ਨੂੰ ਨਿਭਾਉਣ ਦਾ ਪ੍ਰਤੀਕ ਬਣਦਾ ਹੈ। ਕੱਚਾ ਘੜਾ ਦਗ਼ਾ ਕਮਾਉਣ, ਧੋਖਾ ਦੇਣ ਦਾ ਪ੍ਰਤੀਕ ਬਣ ਕੇ ਵੀ ਉੱਭਰਦਾ ਹੈ।
ਪਛਵਾੜੇ ਖੂਹ ਮਾਹੀਆ
ਘੜਾ ਸਾਡਾ ਡੁੱਬਦਾ ਨਹੀਓਂ
ਸਾਡਾ ਤਰਸਦਾ ਰੂਹ ਮਾਹੀਆ…
ਪੰਜਾਬ ਦੀਆਂ ਕਈ ਲੋਕ ਕਹਾਣੀਆਂ ਵਿੱਚ ਘੜਾ ਮਹੱਤਵਪੂਰਨ ਤੇ ਉਪਯੋਗੀ ਵਸਤੂ ਦੇ ਰੂਪ ਵਿੱਚ ਪੇਸ਼ ਹੁੰਦਾ ਹੈ। ਸਮਾਜ ਅਤੇ ਲੋਕ ਸਾਹਿਤ ਵਿੱਚ ਮਿੱਟੀ, ਘੜਾ, ਕੱਚਾ ਘੜਾ, ਤਿੜਕਿਆ ਘੜਾ, ਟੁੱਟਿਆ ਘੜਾ ਵਿਭਿੰਨ ਤਰ੍ਹਾਂ ਦੇ ਪ੍ਰਤੀਕਾਂ ਵਜੋਂ ਜਾਣਿਆ ਜਾਂਦਾ ਹੈ।
ਘੜਿਆਂ ਵਿੱਚ ਭਰ ਕੇ ਰੱਖੇ ਪਾਣੀ ਨੂੰ ਪੀਣ ਵਾਲੇ ਸਮੇਂ ਹੁਣ ਬੀਤੇ ਦੀ ਬਾਤ ਬਣ ਕੇ ਰਹਿ ਗਏ ਹਨ। ਪਿਛਲੇ ਕੁਝ ਸਾਲਾਂ ਤੋਂ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਕਰਨ ਵੱਲ ਲੋਕਾਂ ਦਾ ਰੁਝਾਨ ਮੁੜ ਵਧ ਰਿਹਾ ਹੈ। ਫਰਿੱਜ ਦੇ ਪਾਣੀ ਦੀ ਥਾਂ ’ਤੇ ਕੁਝ ਲੋਕ ਮਿੱਟੀ ਦੇ ਘੜੇ ਦਾ ਪਾਣੀ ਪੀਣ ਨੂੰ ਤਰਜੀਹ ਦੇਣ ਲੱਗੇ ਹਨ। ਕਈਆਂ ਨੂੰ ਡਾਕਟਰ ਮਿੱਟੀ ਦੇ ਘੜੇ ਵਿੱਚ ਰੱਖਿਆ ਪਾਣੀ ਪੀਣ ਦੀ ਸਲਾਹ ਦੇਣ ਲੱਗੇ ਹਨ। ਕਹਿੰਦੇ ਹਨ ਘੜੇ ਦਾ ਪਾਣੀ ਸਿਹਤ ਲਈ ਗੁਣਕਾਰੀ ਹੁੰਦਾ ਹੈ। ਵਿਗਿਆਨੀਆਂ ਅਨੁਸਾਰ ਜਦੋਂ ਮਿੱਟੀ ਪਾਣੀ ਦੇ ਸੰਪਰਕ ਵਿੱਚ ਆਉਂਦੀ ਹੈ ਤਾਂ ਪ੍ਰਦੂਸ਼ਿਤ ਪਾਣੀ ਵਿਚਲੇ ਨਾਇਟਰੇਟ ਅੰਸ਼ ਵੱਖ ਹੋ ਜਾਂਦੇ ਹਨ। ਇਹ ਕੁਦਰਤੀ ਕਿਰਿਆ ਸਿਰਫ਼ ਘੜੇ ਦੇ ਪਾਣੀ ਵਿਚ ਹੀ ਹੁੰਦੀ ਹੈ। ਇਸ ਪੱਖ ਤੋਂ ਘੜੇ ਦਾ ਪਾਣੀ ਪੀਣ ਵਾਸਤੇ ਸ਼ੁੱਧ ਸਮਝਿਆ ਜਾਂਦਾ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਘੜੇ ਦੇ ਪਾਣੀ ਦੀ ਲਗਾਤਾਰ ਵਰਤੋਂ ਕਰਨ ਨਾਲ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਿੱਚ ਵਾਧਾ ਹੁੰਦਾ ਹੈ। ਘੜੇ ਦਾ ਪਾਣੀ ਪੀਣ ਨਾਲ ਪਾਚਣ ਪ੍ਰਣਾਲੀ ਵੀ ਠੀਕ ਤੇ ਚੁਸਤ-ਦਰੁਸਤ ਰਹਿੰਦੀ ਹੈ। ਘੜੇ ਦਾ ਪਾਣੀ ਗਲੇ ’ਤੇ ਮਾੜਾ ਪ੍ਰਭਾਵ ਨਹੀਂ ਪਾਉਂਦਾ। ਘੜੇ ਦਾ ਪਾਣੀ ਕੁਦਰਤੀ ਤੌਰ ’ਤੇ ਠੰਢਾ ਹੁੰਦਾ ਹੈ ਤੇ ਕੁਦਰਤੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਸਮੇਂ ਦਾ ਗੇੜ ਅਤੇ ਵਕਤ ਦੀਆਂ ਲੋੜਾਂ ਕਾਰਨ ਹੁਣ ਮਿੱਟੀ ਦੇ ਭਾਂਡਿਆਂ ਦੀ ਥਾਂ ’ਤੇ ਰਸੋਈ ਵਿੱਚ ਸਟੀਲ, ਪਿੱਤਲ, ਨੌਨ-ਸਟਿੱਕ, ਅਲੂਮੀਨੀਅਮ ਤੇ ਹੋਰ ਧਾਤਾਂ ਦੇ ਬਰਤਨਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ।
ਬਜ਼ੁਰਗਾਂ ਅਨੁਸਾਰ ਮਿੱਟੀ ਦੇ ਭਾਂਡੇ ਵਿੱਚ ਜਮਾਏ ਗਏ ਦਹੀਂ ਨੂੰ ਗੁਣਾਂ ਦੇ ਹਿਸਾਬ ਨਾਲ ਬਿਹਤਰ ਸਮਝਿਆ ਜਾਂਦਾ ਹੈ। ਵੇਖਣ ਵਿੱਚ ਆਉਂਦਾ ਹੈ ਕਿ ਲੋਕ ਜੀਵਨ ਤੇ ਲੋਕ ਸਾਹਿਤ ਵਿੱਚ ਘੜੇ ਬਣਾਉਣ ਵਾਲੇ ਕਾਰੀਗਰ ਨੂੰ ਬਹੁਤ ਉੱਚਾ ਦਰਜਾ ਦਿੱਤਾ ਗਿਆ ਹੈ। ਮਾਣ-ਸਤਿਕਾਰ ਵਜੋਂ ਉਸ ਨੂੰ ਸਿਰਜਕ ਕਿਹਾ ਜਾਂਦਾ ਹੈ। ਵਧੀਆ ਕਾਰੀਗਰ ਆਪਣੇ ਹੱਥੀਂ ਬਣਾਏ ਘੜਿਆਂ ਨੂੰ ਵੇਲ-ਬੂਟਿਆਂ, ਆਕ੍ਰਿਤੀਆਂ ਆਦਿ ਨਾਲ ਸਜਾਉਂਦੇ ਹਨ ਤੇ ਰੰਗਾਂ ਨਾਲ ਸ਼ਿੰਗਾਰਦੇ ਹਨ। ਹੁਣ ਘੜੇ ਤੇ ਮਿੱਟੀ ਦੇ ਹੋਰ ਬਰਤਨ ਬਣਾਉਣ ਵਾਲੇ ਕਾਰੀਗਰ ਘਟ ਰਹੇ ਹਨ। ਉਨ੍ਹਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਉਚਿੱਤ ਮੁੱਲ ਨਹੀਂ ਮਿਲਦਾ। ਇਸੇ ਕਰਕੇ ਹੀ ਇਸ ਪਿਤਾ-ਪੁਰਖੀ ਲੋਕ ਕਿੱਤੇ ਨੂੰ ਨਵੀਂ ਪੀੜ੍ਹੀ ਅਪਣਾਉਣ ਤੋਂ ਮੂੰਹ ਮੋੜ ਰਹੀ ਹੈ।
ਹੁਣ ਦੇ ਸਮਿਆਂ ਵਿੱਚ ਵੀ ਗਰਮੀ ਦੇ ਮੌਸਮ ਵਿੱਚ ਘੜਿਆਂ ਦੀ ਮੰਗ ਵਧ ਜਾਂਦੀ ਹੈ। ਭਾਵੇਂ ਕਿ ਕਾਰੀਗਰਾਂ ਨੇ ਮਿੱਟੀ ਦੇ ਵਾਟਰ ਕੂਲਰ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਘੜੇਨੁਮਾ ਵਾਟਰ ਕੂਲਰਾਂ ਵਿੱਚੋਂ ਪਾਣੀ ਦੀ ਨਿਕਾਸੀ ਲਈ ਅਗਲੇ ਪਾਸੇ ਇਕ ਟੂਟੀ ਲਗਾ ਦਿੱਤੀ ਗਈ ਹੈ। ਉਂਜ ਕਾਰੀਗਰਾਂ ਦੀ ਘਾਟ ਕਾਰਨ ਇਸ ਕਿੱਤੇ ਨੂੰ ਢਾਹ ਲੱਗੀ ਹੈ, ਪਰ ਪੰਜਾਬੀ ਲੋਕ ਗੀਤਾਂ ਵਿੱਚ ਘੜੇ ਦੀ ਗੱਲ ਕਿਸੇ ਨਾ ਕਿਸੇ ਪ੍ਰਸੰਗ ਵਿੱਚ ਹੁੰਦੀ ਰਹਿਣੀ ਹੈ:
*ਲੋਕਾਂ ਦੀਆਂ ਕੁੜੀਆਂ ਤਾਂ ਦੋ ਦੋ ਘੜੇ ਚੁੱਕਦੀਆਂ
ਮੇਰਾ ਘੜਾ ਕਿਉਂ ਡੋਲਦਾ ਨੀਂ
ਮੇਰਾ ਮਾਹੀ ਬੰਗਲੇ ਵਿਚ ਬੋਲਦਾ ਨੀਂ…
*ਘੜਾ,ਘੜੇ ‘ਤੇ ਮੱਘੀ ਵੇ ਜ਼ਾਲਮਾ
ਦਿਲ ਵਿਚ ਰੱਖਦਾ ਏਂ ਠੱਗੀ ਵੇ ਜ਼ਾਲਮਾ…
*ਖੂਹੇ ‘ਤੇ ਆ ਮਾਹੀਆ
ਨਾਲੇ ਸਾਡੀ ਗੱਲ ਸੁਣ ਜਾ
ਨਾਲੇ ਘੜਾ ਵੀ ਚੁਕਾ ਮਾਹੀਆ…
ਘੜੇ ਬਣਾਉਣ ਵਾਲੀ ਮਿੱਟੀ ਅਤੇ ਕਾਰੀਗਰਾਂ ਦੀ ਘਾਟ ਕਾਰਨ ਇਸ ਕਿੱਤੇ ਨੂੰ ਬਹੁਤ ਢਾਹ ਲੱਗੀ ਹੈ। ਫਿਰ ਵੀ ਖੇਤਾਂ ਵਿੱਚ ਕੰਮ ਕਰਨ ਵਾਲੇ ਕਿਸਾਨਾਂ,ਮਜਦੂਰਾਂ ਲਈ ਅਤੇ ਸਮਾਜ ਦੇ ਗਰੀਬ ਤੇ ਸਾਧਨ ਵਿਹੂਣੇ ਲੋਕਾਂ ਲਈ ਘੜਾ ਫਰਿੱਜ ਨਾਲੋਂ ਕਿਸੇ ਤਰ੍ਹਾਂ ਵੀ ਘੱਟ ਨਹੀਂ। ਮਨੁੱਖੀ ਜੀਵਨ ਦੀ ਹੋਂਦ ਦਾ ਆਧਾਰ ਬਣਦੇ ਰਹੇ ਘੜੇ ਦਾ ਸਮਾਜਿਕ ਜੀਵਨ ਵਿੱਚ ਮਹੱਤਵ ਬੇਸ਼ੱਕ ਘਟ ਗਿਆ ਹੈ ਫਿਰ ਮਨੁੱਖ ਦੀ ਘੜੇ ਨਾਲ ਪੁਰਾਣੀ ਸਾਂਝ ਦੀ ਗੱਲ ਕਿਸੇ ਨਾ ਕਿਸੇ ਪ੍ਰਸੰਗ ਵਿੱਚ ਚੱਲਦੀ ਰਹਿਣੀ ਹੈ। ਘੜੇ ਨੇ ਮਨੁੱਖ ਦੇ ਚੇਤਿਆਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਵੱਸਦਿਆਂ ਰਹਿਣਾ ਹੈ। ਇਸੇ ਸੱਚ ਦੇ ਤੱਥ ਵਿੱਚ ਪੰਜਾਬੀ ਸੱਭਿਆਚਾਰ ਵਿੱਚ ਘੜੇ ਦੇ ਮਹੱਤਵ ਦਾ ਰਹੱਸ ਛੁਪਿਆ ਹੈ।

ਡਾ. ਪ੍ਰਿਤਪਾਲ ਸਿੰਘ ਮਹਿਰੋਕ
ਸੰਪਰਕ : 98885-10185

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleमजबूर सरकार मे मजबूत अम्बेडकरी कहाँ ?
Next article1 ਜੁਲਾਈ ਤੋਂ ਲਾਗੂ ਹੋਣਗੇ ਤਿੰਨ ਨਵੇਂ ਅਪਰਾਧਿਕ ਕਾਨੂੰਨ, ਕੇਂਦਰ ਨੇ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਭੇਜਿਆ ਨੋਟਿਸ