“ਗ਼ਦਰੀ ਇਨਕਲਾਬੀ ਸ਼ਹੀਦ ਕਰਤਾਰ ਸਿੰਘ ਸਰਾਭਾ”

"ਗ਼ਦਰੀ ਇਨਕਲਾਬੀ ਸ਼ਹੀਦ ਕਰਤਾਰ ਸਿੰਘ ਸਰਾਭਾ"
ਕੁਲਦੀਪ ਸਿੰਘ ਸਾਹਿਲ 
(ਸਮਾਜ ਵੀਕਲੀ)  ਅਗਰ ਦੇਸ਼ ਦੀ ਅਜ਼ਾਦੀ ਲਈ ਸ਼ਹੀਦ ਹੋਣ ਵਾਲੇ ਸਭ ਤੋਂ ਛੋਟੀ ਉਮਰ ਦੇ ਨੌਜਵਾਨਾ ਦੀ ਗੱਲ ਕਰੀਏ ਤਾਂ ਉਹਨਾਂ ਵਿੱਚੋ ਸਭ ਤੋਂ ਪਹਿਲਾਂ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਆਉਂਦਾ ਹੈ। ਜਿਨ੍ਹਾਂ ਦਾ ਸੁਪਨਾ ਸੀ ਕਿ ਭਾਰਤ ਦੇਸ਼ ਅਜ਼ਾਦੀ ਤੋਂ ਬਾਅਦ ਦੁਨੀਆਂ ਦੇ ਸਭ ਤੋਂ ਚੰਗੇ ਲੋਕਤੰਤਰ ਵਜੋਂ ਉਭਰਕੇ ਸਾਹਮਣੇ ਆਏ। ਪਰ ਅਫਸੋਸ ਕਿ ਅਸੀਂ ਅਜ਼ਾਦੀ ਤੋਂ 79 ਸਾਲਾਂ ਬਾਅਦ ਵੀ ਦੇਸ਼ ਨੂੰ ਸਹੀ ਮਾਅਨਿਆਂ ਵਿੱਚ ਸ਼ਹੀਦਾਂ ਦੇ ਸੁਪਨਿਆਂ ਦੇ ਹਾਣ ਨਹੀਂ ਬਣਾ ਸਕੇ। ਅੱਜ ਦੇ ਨੌਜਵਾਨਾ ਨੂੰ ਰੁਜ਼ਗਾਰ ਲਈ ਆਪਣੇ ਵਤਨ ਨੂੰ ਛੱਡ ਕੇ ਦੂਜੇ ਮੁਲਕਾਂ ਵਿੱਚ ਜਾਣਾ ਪੈ ਰਿਹਾ ਹੈ । ਬੇਰੁਜ਼ਗਾਰੀ, ਮਹਿਗਾਈ ਗਰੀਬੀ ਵਰਗੀਆਂ ਸਮੱਸਿਆਵਾਂ ਘਟਣ ਦੀ ਬਜਾਏ ਦਿਨੋ ਦਿਨ ਵਧਦੀਆਂ ਜਾ ਰਹੀਆਂ ਹਨ। ਦੇਸ਼ ਦੀ ਰਾਜਨੀਤੀ ਗੰਧਲੀ ਹੋ ਚੁੱਕੀ ਹੈ ਜਿਸ ਦਾ ਸਾਫ ਹੋਣਾ ਇੱਕ ਸਪਨੇ ਵਾਂਗ ਹੈ। ਅਜ਼ਾਦੀ ਤੋਂ ਬਾਅਦ ਇੱਕ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਅਤੇ ਚੰਗੇ ਸਿਸਟਮ ਲਈ ਜੋ ਇਨਕਲਾਬ ਆਉਣਾ ਚਾਹੀਦਾ ਸੀ ਉਹ ਨਹੀਂ ਆ ਸਕਿਆ। ਦੇਸ਼ ਵਿੱਚ ਮਹਿਗਾਈ, ਭੁੱਖ, ਗਰੀਬੀ, ਬੇਰੁਜ਼ਗਾਰੀ ਦੇ ਖਿਲਾਫ ਜੋ ਇਨਕਲਾਬ ਆਉਣਾ ਚਾਹੀਦਾ ਸੀ ਨਹੀਂ ਆਇਆ। ਸਿੱਖਿਆ ਅਤੇ ਸਿਹਤ ਵਿੱਚ ਜੋ ਇਨਕਲਾਬ ਆਉਣਾ ਚਾਹੀਦਾ ਸੀ ਨਹੀਂ ਆਇਆ। ਦੇਸ਼ ਦੇ ਸ਼ਹੀਦਾਂ ਨੇ ਦੇਸ਼ ਨੂੰ ਅੰਗ੍ਰੇਜ਼ ਮੁਕਤ ਕਰਨ ਅਤੇ ਇੱਕ ਨਵੇ ਇਨਕਲਾਬ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਸਨ ਜਿਨ੍ਹਾਂ ਵਿੱਚ ਛੋਟੀ ਉਮਰ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਨਾਂ ਵੀ ਆਉਂਦਾ ਹੈ ਉਨ੍ਹਾਂ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਸਰਦਾਰ ਮੰਗਲ ਸਿੰਘ ਅਤੇ ਬੀਬੀ ਸਾਹਿਬ ਕੌਰ ਦੇ ਘਰ ਹੋਇਆ। ਛੋਟੀ ਉਮਰ ਵਿੱਚ ਹੀ ਉਨ੍ਹਾਂ ਦੇ ਪਿਤਾ ਜੀ ਦੀ ਮੌਤ ਹੋ ਗਈ ਅਤੇ ਉਸ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਦਾਦਾ ਸਰਦਾਰ ਬਚਨ ਸਿੰਘ ਦੇ ਮੋਢਿਆਂ ‘ਤੇ ਆ ਗਈ। ਕਰਤਾਰ ਸਿੰਘ ਸਰਾਭਾ ਨੇ ਮੁੱਢਲੀ ਵਿੱਦਿਆ ਸਰਾਭਾ ਪਿੰਡ ਵਿੱਚ ਹੀ ਪ੍ਰਾਪਤ ਕੀਤੀ। ਅੱਠਵੀਂ ਤੱਕ ਦੀ ਸਿੱਖਿਆ ਮਾਲਵਾ ਖਾਲਸਾ ਸਕੂਲ, ਲੁਧਿਆਣਾ ਤੋਂ ਪ੍ਰਾਪਤ ਕੀਤੀ। ਇਸ ਮਗਰੋਂ ਕਰਤਾਰ ਸਿੰਘ ਆਪਣੇ ਚਾਚਾ ਵੀਰ ਸਿੰਘ ਜੋ ਉੜੀਸਾ ਦੇ ਸ਼ਹਿਰ ਕਟਕ ਵਿੱਚ ਡਾਕਟਰ ਲੱਗੇ ਹੋਏ ਸਨ, ਕੋਲ ਚਲਾ ਗਿਆ ਅਤੇ ਉੱਥੋਂ ਦੀ ਰੇਵਨਸ਼ਾਹ ਯੂਨੀਵਰਸਿਟੀ ਤੋਂ ਦਸਵੀਂ ਤੱਕ ਦੀ ਪੜ੍ਹਾਈ ਕੀਤੀ।1916 ਵਿੱਚ ਖੁਫ਼ੀਆ ਮਹਿਕਮੇ ਵੱਲੋਂ ਛਾਪੀ ਗ਼ਦਰ ਡਾਇਰੈਕਟਰੀ ਵਿੱਚ ਉਨ੍ਹਾਂ ਦੇ  ਦਾਦੇ ਬਚਨ ਸਿੰਘ ਬਾਰੇ ਲਿਖਿਆ ਹੈ ਕਿ ਉਹ ਇਨਕਲਾਬੀਆਂ ਦਾ ਹਿਮਾਇਤੀ ਸੀ ਤੇ ਉਸ ਨੇ ਆਪਣੇ ਪੋਤੇ ਨੂੰ ਹਥਿਆਰਬੰਦ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਤਿਆਰ ਕੀਤਾ ਸੀ। ਕਰਤਾਰ ਸਿੰਘ ਸ਼ਹੀਦੇ ਆਜ਼ਮ ਸ. ਭਗਤ ਸਿੰਘ ਦਾ ਪ੍ਰੇਰਣਾ ਸਰੋਤ ਸੀ। ਉਹ 28 ਜੁਲਾਈ 1912 ਨੂੰ ਅਮਰੀਕਾ ਪੜ੍ਹਾਈ ਕਰਨ ਪਹੁੰਚਿਆ। ਮਜਦੂਰਾਂ, ਕਿਸਾਨਾਂ, ਸਾਬਕਾ ਫੌਜੀਆਂ ਅਤੇ ਵਿਦਿਆਰਥੀਆਂ ਦੀ ਬਣਾਈ ਜਥੇਬੰਦੀ ਗਦਰ ਪਾਰਟੀ ਦਾ ਉਹ ਮੋਹਰੀ ਆਗੂ ਬਣ ਗਿਆ ਸੀ । ਬਾਬਾ ਸੋਹਣ ਸਿੰਘ ਭਕਨਾ, ਲਾਲਾ ਹਰਦਿਆਲ, ਕਰੀਮ ਬਖ਼ਸ਼, ਪੰਡਿਤ ਜਗਤ ਰਾਮ, ਪੰਡਿਤ ਕਾਂਸ਼ੀ ਰਾਮ,, ਬਾਬਾ ਵਿਸਾਖਾ ਸਿੰਘ ਬਾਬਾ ਜਵਾਲਾ  ਸਿੰਘ ਵਰਗੇ ਇਨਕਲਾਬੀਆਂ ਦੀ ਸੰਗਤ ਵਿੱਚ ਕਰਤਾਰ ਸਿੰਘ ਨੇ ਵੱਧ ਚੜ੍ਹ ਕੇ ਕੰਮ ਕੀਤਾ। ਉਨ੍ਹਾਂ ਨੇ ਅਮਰੀਕਾ ਵਿੱਚ ਗਦਰ ਲਹਿਰ ਦੀ ਉਸਾਰੀ ਕਰਨ, ਭਾਰਤੀਆਂ ਨੂੰ ਸੰਗਠਿਤ ਕਰਨ, ਦਿਨ ਰਾਤ ਗਦਰ ਅਖਬਾਰ ਛਾਪਣ, ਉਰਦੂ ਲੇਖਾਂ ਨੂੰ ਪੰਜਾਬੀ ਵਿਚ ਅਨੁਵਾਦ ਕਰਕੇ ਛਾਪਣ ਜਿਹੇ ਕੰਮ ਕੀਤੇ। ਗਦਰ ਪਾਰਟੀ ਦੀ ਲਲਕਾਰ ਅਤੇ ਦੇਸ਼ ਦੀ ਗੁਲਾਮੀ ਦੇ ਸੰਗਲ ਤੋੜਨ ਲਈ ਕਰਤਾਰ ਸਿੰਘ ਵਿਦੇਸ਼ ਤੋਂ ਭਾਰਤ ਆ ਗਏ ਸਨ। ਉਨ੍ਹਾਂ ਦਾ ਨਿਸ਼ਾਨਾ ਦੇਸ਼ ਨੂੰ ਅਜ਼ਾਦ ਕਰਵਾ ਕੇ ਇੱਥੇ ਧਰਮ ਨਿਰਪੱਖ ਜਮਹੂਰੀ ਪੰਚਾਇਤੀ ਰਾਜ ਕਾਇਮ ਕਰਨਾ ਸੀ। ਉਨ੍ਹਾਂ ਦਾ ਸੰਕਲਪ ਤਖਤ ਜਾਂ ਤਖਤਾ ਭਾਵ ਅੰਗਰੇਜ਼ਾਂ ਕੋਲੋਂ ਰਾਜ ਖੋਹਣਾ ਸੀ ਜਾਂ ਅਸਫਲ ਹੋਣ ’ਤੇ ਫਾਂਸੀ ਦੇ ਤਖਤੇ ‘ਤੇ ਚੜ੍ਹ ਜਾਣਾ ਸੀ ਉਸ ਵੇਲੇ ਉਨ੍ਹਾਂ ਦੇ ਨਾਲ ਗ਼ਦਰ ਪਾਰਟੀ ਦੇ ਬਾਕੀ ਮੈਂਬਰਾਂ ਨੇ ਵੀ ਭਾਰਤ ਵਲ ਵਹੀਰਾਂ ਘੱਤ ਦਿਤੀਆਂ ਸਨ। ਬਹੁਤ ਸਾਰੇ ਗ਼ਦਰੀ ਸੂਰਮੇ ਤਾਂ ਭਾਰਤ ਪਹੁੰਚਣ ਤੋਂ ਪਹਿਲਾਂ ਹੀ ਰਾਹ ਵਿਚ ਫੜੇ ਗਏ ਪਰ ਕਰਤਾਰ ਸਿੰਘ ਕੋਲੰਬੋ ਬੰਦਰਗਾਹ ਰਾਹੀਂ ਪੰਜਾਬ ਪਹੁੰਚਣ ਵਿਚ ਸਫਲ ਹੋ ਗਿਆ। ਦੇਸ਼ ਪਹੁੰਚ ਕੇ ਇਨ੍ਹਾਂ ਰਾਸ ਬਿਹਾਰੀ ਬੋਸ ਤੇ ਹੋਰ ਅਜ਼ਾਦੀ ਪ੍ਰਵਾਨਿਆਂ ਨਾਲ ਮਿਲ ਕੇ ਦੇਸ਼ ਭਗਤ  ਫੌਜੀਆਂ ਨਾਲ ਰਾਬਤਾ ਕਾਇਮ ਕੀਤਾ ਤੇ ਬਗਾਵਤ ਕਰਨ ਦਾ ਫੈਸਲਾ ਕੀਤਾ। ਕਰਤਾਰ ਸਿੰਘ ਬਿਨਾ ਕਿਸੇ ਡਰ ਦੇ ਛਾਉਣੀਆਂ ‘ਚ ਗਦਰ ਪ੍ਰਾਪੇਗੰਡੇ ਕਰਨ ਚਲਾ ਜਾਂਦਾ ਸੀ। ਅੱਠ ਹਜ਼ਾਰ ਦੇ ਕਰੀਬ ਗਦਰੀ ਦੇਸ਼ ਭਗਤ ਭਾਰਤ ਨੂੰ ਅਜ਼ਾਦ ਕਰਾਉਣ ਲਈ ਵਿਦੇਸ਼ਾਂ ਤੋਂ ਪਰਤ ਆਏ ਸਨ। ਗਦਰ ਕਰਨ ਲਈ ਹਥਿਆਰ ‘ਕੱਠੇ ਕਰਨ, ਉੱਤਰੀ ਭਾਰਤ ਵਿੱਚ ਘੁੰਮ ਕੇ ਦੇਸ਼ ਭਗਤਾਂ ਦਾ ਸੰਗਠਨ ਖੜ੍ਹਾ ਕਰਨ, ਪ੍ਰਚਾਰ ਸਮੱਗਰੀ ਵੰਡਣ, ਗੱਲ ਕੀ ਕੋਈ ਵੀ ਅਜਿਹਾ ਕੰਮ ਨਹੀਂ ਸੀ, ਜਿਸ ਵਿੱਚ ਕਰਤਾਰ ਸਿੰਘ ਸ਼ਾਮਿਲ ਨਹੀਂ ਸੀ। ਗ਼ਦਰ ਪਾਰਟੀ ਵਿੱਚ ਸ਼ਾਮਲ ਹੋਣ ਅਤੇ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਵਿਰੁੱਧ ਉਨ੍ਹਾਂ ਦੀਆਂ ਕ੍ਰਾਂਤੀਕਾਰੀ ਗਤੀਵਿਧੀਆਂ ਲਈ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ, ਸਰਾਭਾ ਨੂੰ ਮੁਕੱਦਮੇ ਦਾ ਸਾਹਮਣਾ ਕਰਨਾ ਪਿਆ ਅਤੇ ਬਾਅਦ ਵਿੱਚ ਉਸਨੂੰ ਮੌਤ ਦੀ ਸਜ਼ਾ ਸੁਣਾਈ ਗਈ। 16 ਨਵੰਬਰ, 1915 ਨੂੰ, 19 ਸਾਲ ਦੀ ਉਮਰ ਵਿੱਚ, ਉਨ੍ਹਾਂ ਨੂੰ ਸੈਂਟਰਲ ਜੇਲ੍ਹ, ਲਾਹੌਰ ਵਿੱਚ ਫਾਂਸੀ ਦੇ ਦਿੱਤੀ ਗਈ। ਭਾਰਤੀ ਆਜ਼ਾਦੀ ਦੇ ਕਾਰਨਾਂ ਪ੍ਰਤੀ ਉਸਦੀ ਅਟੁੱਟ ਵਚਨਬੱਧਤਾ ਅਤੇ ਸੁਤੰਤਰਤਾ ਸੰਗਰਾਮ ਵਿੱਚ ਉਸਦੀ ਸਰਗਰਮ ਭਾਗੀਦਾਰੀ ਆਖਰਕਾਰ ਉਸਦੀ ਅੰਤਮ ਕੁਰਬਾਨੀ ਦਾ ਕਾਰਨ ਬਣੀ। ਕਰਤਾਰ ਸਿੰਘ ਸਰਾਭਾ ਦੀ ਮੌਤ ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਅਣਗਿਣਤ ਕ੍ਰਾਂਤੀਕਾਰੀਆਂ ਦੁਆਰਾ ਕੀਤੀਆਂ ਕੁਰਬਾਨੀਆਂ ਦੀ ਇੱਕ ਪ੍ਰਭਾਵਸ਼ਾਲੀ ਯਾਦ ਵਜੋਂ ਕੰਮ ਕਰਦੀ ਹੈ ਅਤੇ ਨਿਆਂ ਅਤੇ ਮੁਕਤੀ ਦੀ ਪ੍ਰਾਪਤੀ ਲਈ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀ ਰਹਿੰਦੀ ਹੈ। ਅਖੀਰ ਗਦਰੀਆਂ ਵਾਲਾ ਤਰੀਕਾ ਹੀ ਕਾਮਯਾਬ ਹੋਇਆ। ਇਨ੍ਹਾਂ ਹਥਿਆਰਬੰਦ ਬਗਾਵਤਾਂ ਤੋਂ ਡਰਦੇ ਮਾਰੇ ਅੰਗਰੇਜਾਂ ਨੇ ਭਾਰਤ ਨੂੰ ਅਜ਼ਾਦ ਕਰਨ ਦਾ ਐਲਾਨ ਕਰ ਦਿੱਤਾ ਅਤੇ 15 ਅਗਸਤ 1947 ਨੂੰ ਭਾਰਤ ਇੱਕ ਅਜ਼ਾਦ ਦੇਸ਼ ਬਣ ਗਿਆ। ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਕੋਟਨ ਕੋਟ ਪ੍ਰਣਾਮ ਹੈ, ਜੋ 19 ਸਾਲ 5 ਮਹੀਨੇ  ਦੀ ਨਿੱਕੀ ਉਮਰ ਵਿੱਚ ਬਹੁਤ ਵੱਡੀ ਕੁਰਬਾਨੀ ਕਰਕੇ ਦੇਸ਼ ਨੂੰ ਵਿਦੇਸ਼ੀ ਹਾਕਮਾਂ ਦੀ ਗੁਲਾਮੀ ਤੋਂ ਤਾਂ ਨਿਜਾਤ ਦੁਆ ਗਏ ਪਰ ਦੇਸ਼ ਦੇ ਅੰਦਰ ਹੀ ਘੁਣ ਵਾਂਗੂੰ ਲੱਗੀ ਅਤੇ ਜੋਕ ਵਾਂਗੂੰ ਚੰਬੜੀ ਗੰਦੀ ਰਾਜਨੀਤੀ ਤੋਂ ਨਿਜ਼ਾਤ ਪਾਉਣੀ ਅਜੇ ਬਾਕੀ ਹੈ।
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
ਜਿਨ੍ਹਾਂ ਨੇ ਦੇਸ਼ ਸੇਵਾ ਵਿਚ ਪੈਰ ਪਾਇਆ,
ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।
ਕੁਲਦੀਪ ਸਿੰਘ ਸਾਹਿਲ 
9417990040
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਉਸਤਾਦ ਗਾਇਕ ਪੀਤਮ ਦਾਸ ਪ੍ਰੀਤੂ ਦੀ ਬੇਵਕਤੀ ਮੌਤ ਤੇ ਦੁੱਖ਼ ਦਾ ਪ੍ਰਗਟਾਵਾ
Next article~ਸਿੱਖੀ ਦਾ ਅੰਬਰ~