HOME *ਗਦਰੀ ਗੁਲਾਬ ਕੌਰ ਦੇ ਵਿਛੋੜੇ ਦੀ ਸ਼ਤਾਬਦੀ 28ਜੁਲਾਈ 2025

*ਗਦਰੀ ਗੁਲਾਬ ਕੌਰ ਦੇ ਵਿਛੋੜੇ ਦੀ ਸ਼ਤਾਬਦੀ 28ਜੁਲਾਈ 2025

2
   (ਸਮਾਜ ਵੀਕਲੀ)   ਗਦਰੀਆਂ ਦੀ ਭੈਣ ਬੀਬੀ ਗੁਲਾਬ ਕੌਰ* ਦਾ ਜਨਮ ਇੱਕ ਕਿਸਾਨ ਪਰਿਵਾਰ ਵਿੱਚ 1890 ਨੂੰ ਪਿੰਡ ਬਖ਼ਸੀਵਾਲਾ, ਜਿਲਾ ਸੰਗਰੂਰ ਵਿੱਚ ਹੋਇਆ।ਉਨਾਂ ਪਿੰਡ ਦੇ ਮਹੰਤ ਕੋਲੋਂ ਪੰਜਾਬੀ ਪੜ੍ਹਨੀ ਤੇ ਲਿਖਣੀ ਸਿੱਖੀ।ਛੋਟੀ ਉਮਰ ਵਿੱਚ ਹੀ ਇਨਾਂ ਦਾ ਵਿਆਹ ਜਖੇਪਲ ਦੇ ਮਾਨ ਸਿੰਘ ਨਾਲ ਹੋਇਆ।ਅੰਗਰੇਜ਼ ਸਰਕਾਰ ਨੇ ਦੇਸ਼ ਨੂੰ ਬਰਬਾਦ ਕਰਨ ਲਈ ਜ਼ਮੀਨ ਦੀ ਨਿਜੀ ਮਾਲਕੀ ਦਾ ਕਾਨੂੰਨ ਬਣਾ ਦਿੱਤਾ ਤੇ ਮਾਲੀਆ ਜਿਨਸ ਦੀ ਥਾਂ ਨਗਦੀ ਵਿੱਚ ਵਸੂਲਣਾ ਸ਼ੁਰੂ ਕਰ ਦਿੱਤਾ।ਗਰੀਬੀ ਤੇ ਕੁਦਰਤੀ ਆਫਤਾਂ ਸੋਕਾ,ਕਾਲ ਤੇ ਪਲੇਗ ਵਰਗੀਆਂ ਬਿਮਾਰੀਆਂ ਹੋਣ ਕਰਕੇ ਲੋਕ ਵਿਦੇਸ਼ਾਂ ਵਿੱਚ ਭੱਜਣ ਲੱਗੇ।ਅਮਰੀਕਾ ਤੇ ਕਨੈਡਾ ਵਿੱਚ ਭਾਰਤੀਆਂ ਦੇ ਦਾਖਲੇ ਤੇ ਰੋਕ ਹੋਣ ਕਰਕੇ ਗੁਲਾਬ ਕੌਰ ਆਪਣੇ ਪਤੀ ਨਾਲ ਮਨੀਲਾ ਦੇਸ਼ ਚਲੀ ਗਈ।1914 ਵਿੱਚ ਅਮਰੀਕਾ ਤੋਂ ਆ ਰਹੇ 70 ਗਦਰੀਆਂ ਦਾ ਇਕ ਜੱਥਾ ਐਸ ਐਸ ਕੋਰੀਆ ਜਹਾਜ ਰਾਂਹੀ ਮੀਨਾਲਾ ਪੁੱਜਾ।ਉਥੋਂ ਦੇ ਗੁਰਦੁਆਰੇ ਵਿੱਚ ਭਾਰੀ ਇੱਕਠ ਕਰਕੇ ਗਦਰ ਕਰਨ ਵਾਸਤੇ ਦੇਸ਼ ਵਾਪਸ ਪਹੁੰਚਣ ਲਈ ਕੀਤੇ ਭਾਸ਼ਣਾਂ ਦਾ ਗੁਲਾਬ ਕੌਰ ਤੇ ਮਾਨ ਸਿੰਘ ਉਤੇ ਕਾਫੀ ਪ੍ਰਭਾਵ ਪਿਆ।ਮਾਨ ਸਿੰਘ ਵੱਲੋਂ ਵਾਪਸ ਦੇਸ਼ ਜਾਣ ਤੋਂ ਨਾਂਹ ਕਰਨ ਤੇ ਗੁਲਾਬ ਕੌਰ ਨੇ ਆਪਣੀਆਂ ਚੂੜੀਆਂ ਲਾਹ ਕੇ ਉਸ ਵੱਲ ਵਗਾਹ ਮਾਰੀਆਂ ਤੇ ਕਿਹਾ,”ਤੂੰ ਇਹ ਪਾ ਕੇ ਅੰਦਰ ਬੈਠ ਜਾਈ,ਪਰ ਮੈਂ ਨਹੀ ਰੁਕਣ ਵਾਲੀ।” ਉਹ ਜਹਾਜ਼ ਵਿਚ ਸਵਾਰੀਆਂ ਵਿੱਚ ਇਕੱਲੀ ਔਰਤ ਸੀ ਜੋ ਜਹਾਜ਼ ਵਿੱਚ ਹੋਣ ਵਾਲੀ ਬਹਿਸ ਵਿੱਚ ਹਿੱਸਾ ਲੈਂਦੀ ਰਹੀ। ਹਾਂਗਕਾਗ ਵਿਖੇ ਜਹਾਜ਼ ਦੀ ਤਲਾਸ਼ੀ ਸਮੇਂ ਸਵਾਰੀਆਂ ਗੁਰਦੁਆਰੇ ਚਲੀ ਗਈਆਂ ਤੇ ਉਸਨੇ ਉਥੇ ਅਜ਼ਾਦੀ ਬਾਰੇ ਜੋਸ਼ੀਲਾ ਭਾਸ਼ਣ ਦਿੱਤਾ।ਰਾਹ ਵਿੱਚ ਸਿੰਗਾਪੁਰ,ਪੀਨਾਂਗ,ਰੰਗੂਨ ਵਿਖੇ ਭਾਸ਼ਨ ਤੇ ਕਵਿਤਾਵਾਂ ਪੜ੍ਹੀਆਂ।ਉਹ ਗਦਰੀਆਂ ਨਾਲ 28/10/1914 ਨੂੰ ਕਲਕੱਤੇ ਬੰਦਰਗਾਹ ਤੇ ਜੀਵਨ ਸਿੰਘ ਦੌਲਾ ਦੀ ਫਰਜੀ ਪਤਨੀ ਬਣ ਕੇ ਪੁਲੀਸ ਨੂੰ ਧੋਖਾ ਦਿੰਦੀ ਹੋਈ ਗਦਰੀ ਬੰਤਾ ਸਿੰਘ ਸੰਗੋਵਾਲ ਦੇ ਪਿੰਡ ਪਹੁੰਚ ਗਈ। ਗੁਲਾਬ ਕੌਰ ਨੇ ਅੰਮ੍ਰਿਤਸਰ ਅਤੇ ਲਾਹੌਰ ਗ਼ਦਰ ਪਾਰਟੀ ਦੇ ਦਫ਼ਤਰਾਂ ਵਿਚ ਸੇਵਾਵਾਂ ਦਿੱਤੀਆਂ।ਉਸ ਕੋਲ ਇਕ ਘਗਰਾ ਤੇ ਟੋਕਰੀ ਹੁੰਦੀ ਜਿਸ ਵਿੱਚ ਹੇਠਾਂ ਹਥਿਆਰ ਉਪਰ ਕਾਗਜ ਰੱਖ ਕੇ ਗਦਰੀਆਂ ਕੋਲ ਜਾਂਦੀ,ਫਿਰ ਉਹ ਗਦਰੀ ਅਮਰ ਸਿੰਘ ਦੇ ਘਰ ਰਹਿ ਕੇ ਪਿੰਡਾਂ ‘ਚ ਗਦਰੀਆਂ ਦੇ ਸੁਨੇਹੇ ਪਹੁੰਚਾਉਂਦੀ ਰਹੀ।ਲਾਹੌਰ ਵਿੱਚ ਇੰਦਰ ਸਿੰਘ ਭਸੀਨ ਗਦਰੀ ਦੀ ਪਤਨੀ ਬਣ ਕੇ ਮਕਾਨ ਕਿਰਾਏ ਤੇ ਲਿਆ,ਜਿਥੇ ਛਾਪਾਖਾਨਾ ਲਾ ਕੇ ਗਦਰੀ ਅਖਬਾਰ ਗਦਰ ਛਾਪਦੇ ਰਹੇ।ਉਹ ਬਾਹਰ ਚਰਖਾ ਡਾਹ ਕੇ ਬੈਠ ਜਾਂਦੀ।ਉਹ ਕੱਪੜੇ ਸਿਉਣ ਵਾਲੀ ਮਸ਼ੀਨ ਲੈ ਕੇ ਗਦਰੀ ਝੰਡੇ ਬਣਾਉਂਦੀ।ਜਦੋਂ ਪੁਲਿਸ ਨੂੰ ਸ਼ੱਕ ਹੋਇਆ ਤਾਂ ਉਹ ਰੂਪੋਸ਼ ਹੋ ਗਈ।ਗਦਰ ਫੇਲ ਹੋਣ ਤੇ ਸੱਜਣ ਸਿੰਘ ਨਾਰੰਗਵਾਲ ਨਾਲ ਪਤਨੀ ਬਣ ਕੇ ਰਹੀ।ਗਦਾਰ ਬੇਲਾ ਸਿੰਘ ਜਿਆਣ ਅਤੇ ਕੋਟਲਾ ਨੋਧ ਸਿੰਘ ਦੇ ਜ਼ੈਲਦਾਰ ਨਰਿੰਦਰ ਸਿੰਘ ਨੇ ਗੁਲਾਬ ਕੌਰ ਨੂੰ ਮੁਖਬਰੀ ਕਰਕੇ ਫੜਾ ਦਿੱਤਾ।ਪਾਰਟੀ ਦੇ ਭੇਤ,ਟਿਕਾਣੇ ਤੇ ਗਦਰੀਆਂ ਦੇ ਨਾਂ ਪੁੱਛਣ ਲਈ ਭਾਰੀ ਤਸੀਹੇ ਦਿੱਤੇ ਪਰ ਉਸਨੇ ਮੂੰਹ ਨਹੀਂ ਖੋਲਿਆ।ਕੁੱਟ ਨਾਲ ਛਾਤੀ ਤੇ ਫੋੜਾ ਹੋ ਗਿਆ ਜੋ ਕੈਂਸਰ ਦਾ ਕਾਰਣ ਬਣਿਆ।1921 ਵਿੱਚ ਸਰਕਾਰੀ ਸਬੂਤ ਨਾ ਹੋਣ ਤੇ ਰਿਹਾ ਕਰ ਦਿੱਤਾ ਗਿਆ। ਸਰੀਰ ਦੇ ਜਖਮਾਂ ਤੋਂ ਉਸ ਨੂੰ ਕੈਂਸਰ ਹੋ ਗਿਆ। ਕੈਂਸਰ ਦਾ ਉਸ ਵਕਤ ਕੋਈ ਇਲਾਜ ਨਹੀਂ ਸੀ। ਦੇਸੀ ਓਹੜ ਪੋਹੜ ਕੀਤਾ ਗਿਆ ।ਪਰ ਕੈਂਸਰ ਸਰੀਰ ਵਿੱਚ ਵਿੱਚ ਫੈਲਦਾ ਗਿਆ ਬੀਬੀ ਗੁਲਾਬ ਕੌਰ ਸ਼ਰੀਰ ਦੀ ਇਸ ਨਾਜ਼ਕ ਹਾਲਤ ਵਿੱਚ ਪਿੰਡ ਕੋਟਲਾ ਨੌਧ ਸਿੰਘ ਦੀਆਂ ਬੀਬੀਆਂ ਨੂੰ ਘਰ ਬੁਲਾਉਂਦੀ ਅਤੇ ਕਹਿੰਦੀ, “ਆਪਾਂ ਸਾਰਿਆਂ ਨੇ ਮਿਲ ਕੇ ਆਪਣੇ ਮੁਲਕ ਨੂੰ ਆਜ਼ਾਦ ਕਰਾਉਣਾ, ਗੋਰਿਆਂ ਨੂੰ ਇਥੋਂ ਭਜਾਉਣਾ, ਤੁਸੀਂ ਵੀ ਆਪਣੇ ਭਾਈਆਂ ਨਾਲ ਮਿਲ ਕੇ ਹਿੱਸਾ ਪਾਓ ,ਮੁਲਕ ਨੂੰ ਯਾਦ ਕਰੋ ਭੈਣੋ , ਮੇਰੇ ਤਾਂ ਸਵਾਸਾਂ ਦੀ ਪੂੰਜੀ ਮੁੱਕ ਗਈ ਲੱਗਦੀ ਐ , ਤੁਸੀਂ ਹੀ ਹੁਣ ਸੰਭਾਲਣਾ ਇਸ ਮੁਲਕ ਨੂੰ,।” ਗਦਰੀ ਲਹਿਰ ਦੀ ਮਾਈ ਭਾਗੋ ਬੀਬੀ ਗੁਲਾਬ ਕੌਰ ਦੀ 28 ਜੁਲਾਈ 1925 ਨੂੰ ਮੌਤ ਹੋ ਕੋਟਲਾ ਨੋਧ ਸਿੰਘ ਦੇ ਅਮਰ ਸਿੰਘ ਨੇ ਆਪਣਾ ਚੁਬਾਰਾ ਬੀਬੀ ਗੁਲਾਬ ਕੌਰ ਦੇ ਨਾਂ ਕੀਤਾ ਹੋਇਆ ਸੀ,ਬੀਬੀ ਗੁਲਾਬ ਕੌਰ ਦੇ ਫੁੱਲਾਂ ਦੀ ਰਸਮ ਗਦਰੀ ਅਮਰ ਸਿੰਘ ਨੇ ਪੂਰੀ ਕੀਤੀ। ਇਸ ਸਾਲ ਗ਼ਦਰੀ ਗੁਲਾਬ ਕੌਰ ਦੀ 100ਵੀਂ ਵਰ੍ਹੇ ਗੰਢ ਮਨਾਈ ਜਾ ਰਹੀ ਹੈ।
। ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਇਸ ਸਾਲ ਦੀ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ2025 ਗਦਰ ਲਹਿਰ ਦੀ ਨਾਇਕਾ ਬੀਬੀ ਗੁਲਾਬ ਕੌਰ ਨੂੰ ਸਮਰਪਿਤ ਕੀਤੀ ਗਈ ਹੈ ‌।
ਮਾਸਟਰ ਪਰਮ ਵੇਦ
ਤਰਕਸ਼ੀਲ ਆਗੂ
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਦੋਂ ਉਡਦੇ ਜਹਾਜ ਚ ਸਵਾਰ ਵਿਅਕਤੀ ਨੇ ਆਪਣੇ ਕੋਲ ਬੰਬ ਹੋਣ ਦੀ ਦਿੱਤੀ ਧਮਕੀ
Next articleਨਰੋਏ ਸਾਹਿਤ ਦੀ ਸਿਰਜਣਾ ਲਈ ਨਰੋਈ ਸਿਹਤ ਲਾਜ਼ਮੀ: ਡਾ. ਅਮਨਦੀਪ ਟੱਲੇਵਾਲੀਆ