ਸੁਪਨਿਆਂ ਦੇ ਘੇਰੇ ਵਿਚੋਂ ਨਿਕਲੋ

ਰਮੇਸ਼ਵਰ ਸਿੰਘ

(ਸਮਾਜ ਵੀਕਲੀ)

ਆਮ ਤੌਰ ਤੇ ਹਰ ਕੋਈ ਇਨਸਾਨ ਅੱਧ ਸੁੱਤੇ ਰੂਪ ਵਿਚ ਅਨੇਕਾਂ ਸੁਪਨੇ ਲੈਂਦਾ ਹੈ ਤੇ ਮਹਿਸੂਸ ਕਰਦਾ ਹੈ।ਸੁਪਨਾ ਉਸ ਦੇ ਫ਼ਾਇਦੇ ਜਾਂ ਨੁਕਸਾਨ ਕਿਸੇ ਵੀ ਰੂਪ ਵਿੱਚ ਹੋ ਸਕਦਾ ਹੈ ਜ਼ਿਆਦਾ ਤੌਰ ਤੇ ਡਰਾਉਣੇ ਸੁਪਨੇ ਹੀ ਆਉਂਦੇ ਹਨ। ਸਾਇੰਸਦਾਨਾਂ ਤੇ ਡਾਕਟਰਾਂ ਦੀ ਆਪਣੀ ਆਪਣੀ ਸੋਚ ਅਨੁਸਾਰ ਇਹ ਹਰ ਇਨਸਾਨ ਦੇ ਦਿਨ ਦੇ ਖਿਆਲ ਹੁੰਦੇ ਹਨ ਜਿਸ ਦੀ ਰੀਲ ਦਿਮਾਗ ਵਿਚ ਘੁੰਮ ਜਾਂਦੀ ਹੈ।ਜ਼ਰੂਰੀ ਨਹੀਂ ਉਹ ਸੱਚ ਜਾਂ ਝੂਠ ਹੋਵੇ।ਸਾਡੀ ਆਮ ਜਨਤਾ ਕਿਹੜੇ ਪਹਿਰ ਸੁਪਨਾ ਆਇਆ ਤੇ ਕਿਹੋ ਜਿਹਾ ਸੁਪਨਾ ਆਇਆ ਉਸ ਨੂੰ ਸੋਚ ਕੇ ਉਸ ਦੇ ਮਿਲਣ ਵਾਲੇ ਫਲ ਬਾਰੇ ਆਮ ਵਿਚਾਰ ਚਰਚਾ ਕਰਦੀ ਵੇਖੀ ਜਾਂਦੀ ਹੈ।ਬੇਸ਼ੱਕ ਅੱਜ ਕੱਲ੍ਹ ਸਾਇੰਸ ਦਾ ਯੁੱਗ ਹੈ ਪਰ ਲੋਕਾਂ ਦੀ ਸੋਚ ਹਾਲਾਂ ਵੀ ਬਹੁਤ ਸਦੀਆਂ ਪਿੱਛੇ ਘੁੰਮ ਰਹੀ ਹੈ।ਕਿਸੇ ਢਾਣੀ ਵਿੱਚ ਬੈਠ ਜਾਓ ਅਜਿਹੇ ਸੁਪਨਿਆਂ ਦੇ ਵਾਰਤਾਲਾਪ ਆਮ ਸੁਣਨ ਨੂੰ ਮਿਲਦੇ ਹਨ।

ਬਹੁਤ ਸਾਰੇ ਸੁਪਨੇ ਜਾਂ ਖਿਆਲ ਕਹਿ ਲਵੋ ਜੋ ਅੱਧ ਸੁੱਤੇ ਇਨਸਾਨ ਨੂੰ ਆ ਜਾਂਦੇ ਹਨ ਉੱਠਣ ਤੋਂ ਬਾਅਦ ਭੁੱਲ ਜਾਂਦਾ ਹੈ।ਆਮ ਤੌਰ ਤੇ ਆਪਾਂ ਖ਼ੁਦ ਜਾਂ ਲੋਕਾਂ ਤੋਂ ਸੁਣਦੇ ਹਾਂ ਜੋ ਸੁਪਨਾ ਆਇਆ ਸੀ ਉਹ ਸੱਚ ਦਾ ਰੂਪ ਧਾਰ ਗਿਆ,ਇਹ ਇੱਕ ਕੁਦਰਤੀ ਵਰਤਾਰਾ ਹੈ ਇਸ ਨੂੰ ਸੱਚ ਦਾ ਸਹੀ ਰੂਪ ਨਹੀਂ ਦੇ ਸਕਦੇ।ਦਿਨ ਵੇਲੇ ਹੀ ਖ਼ਿਆਲਾਂ ਵਿੱਚ ਅਨੇਕਾਂ ਸੁਪਨੇ ਆ ਜਾਂਦੇ ਹਨ ਪਰ ਉਹ ਸਿਰਫ਼ ਖ਼ਿਆਲੀ ਪਲਾਓ ਹੁੰਦੇ ਹਨ।ਅਜਿਹੇ ਸੁਪਨੇ ਇਨਸਾਨ ਨੂੰ ਕਲਪਨਾ ਵਾਲੇ ਸੰਸਾਰ ਵਿੱਚ ਲੈ ਜਾਂਦੇ ਹਨ ਜੋ ਅਸਲੀ ਰੂਪ ਵਿੱਚ ਸਾਰਥਕ ਨਹੀਂ ਹੁੰਦਾ।ਜੇ ਕੋਈ ਤੁਹਾਡੇ ਲਈ ਉੱਚ ਪੱਧਰ ਦਾ ਸੁਪਨਾ ਆ ਗਿਆ ਉਸ ਨੂੰ ਆਪਣੇ ਖ਼ਿਆਲਾਂ ਵਿੱਚ ਧਾਰ ਲਵੋ ਤੇ ਉਸ ਰਸਤੇ ਚੱਲ ਪਵੋ ਤਾਂ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ।

ਸਾਥੋਂ ਵਿਛੜ ਚੁੱਕੇ ਰਾਸ਼ਟਰਪਤੀ ਕਲਾਮ ਜੀ ਨੇ ਕਿਹਾ ਸੀ ਕਿ ਖੁੱਲ੍ਹੀ ਅੱਖ ਦੇ ਸੁਪਨੇ ਲਵੋ,ਤਾਂ ਜੋ ਕੋਈ ਉੱਚੀ ਮੰਜ਼ਿਲ ਪ੍ਰਾਪਤ ਕਰ ਸਕੋ। ਇਸ ਦੁਨੀਆਂ ਤੇ ਰਾਜ ਕਰਨ ਵਾਲੇ ਲੋਕਾਂ ਨੇ ਸੌਂ ਕੇ ਨਹੀਂ ਬਲਕਿ ਜਾਗ ਕੇ ਅਜਿਹੇ ਸੁਪਨੇ ਲਏ ਤੇ ਦੁਨੀਆਂ ਤੇ ਰਾਜ ਕੀਤਾ ਉਸ ਨੂੰ ਸੁਪਨੇ ਨਹੀਂ ਆਪਾਂ ਉੱਚੇ ਖ਼ਿਆਲ ਕਹਿ ਸਕਦੇ ਹਾਂ।ਜਾਗਦੀ ਅੱਖ ਨਾਲ ਆਪਣੇ ਰਸਤੇ ਤੇ ਮੰਜ਼ਿਲਾਂ ਨੂੰ ਪੜ੍ਹੋ ਤਹਾਨੂੰ ਬਹੁਤ ਵੱਡਾ ਸਬਕ ਮਿਲ ਜਾਵੇਗਾ,ਮੰਜ਼ਿਲ ਜ਼ਰੂਰ ਤੈਅ ਹੋ ਜਾਵੇਗੀ।ਵੈਸੇ ਵੀ ਕੁਦਰਤ ਵੱਲੋਂ ਨੀਂਦ ਸਾਨੂੰ ਸੋਚਣ ਤੇ ਸਕੀਮਾਂ ਬਣਾਉਣ ਲਈ ਨਹੀਂ ਦਿੱਤੀ ਸਹੀ ਰੂਪ ਵਿੱਚ ਲਈ ਨੀਂਦ ਸਾਡੇ ਵਿਚ ਏਨੀ ਅੰਦਰੂਨੀ ਤਾਕਤ ਭਰਦੀ ਹੈ ਜਿਸ ਨਾਲ ਖ਼ੁਦ ਹੀ ਤੁਹਾਡੇ ਸਫ਼ਲਤਾ ਦੇ ਖ਼ਿਆਲ ਤੇ ਰਸਤੇ ਤੁਹਾਡੇ ਦਿਮਾਗ ਤੇ ਦਿਲ ਵਿਚ ਬਣ ਜਾਂਦੇ ਹਨ।

ਜੇ ਤੁਹਾਨੂੰ ਸੁੱਤੇ ਰੂਪ ਵਿੱਚ ਕੋਈ ਸੁਪਨਾ ਆਇਆ ਹੈ ਤਾਂ ਉਸ ਤੇ ਅੰਦਰੂਨੀ ਤੌਰ ਤੇ ਆਪਣੇ ਆਪ ਵਿਚਾਰ ਕੀਤਾ ਜਾ ਸਕਦਾ ਹੈ,ਹੋ ਸਕਦਾ ਹੈ ਤੁਸੀਂ ਜੋ ਆਪਣੇ ਭਵਿੱਖ ਲਈ ਸਕੀਮਾਂ ਘੜ ਰਹੇ ਸੀ ਉਸ ਦਾ ਨਕਸ਼ਾ ਕੁਦਰਤ ਵੱਲੋਂ ਤੁਹਾਨੂੰ ਮਿਲ ਗਿਆ ਹੈ।ਫੇਰ ਹਿੰਮਤ ਤੇ ਹੌਸਲੇ ਨਾਲ ਉਸ ਰਸਤੇ ਤੇ ਚੱਲ ਪਵੋ ਉਹ ਸੁਪਨਾ ਤੁਹਾਡੀ ਮੰਜ਼ਲ ਸਰ ਕਰ ਲਵੇਗਾ ਉਹ ਸੁਪਨਾ ਤੁਹਾਡੀ ਉੱਚੀ ਸੋਚ ਦਾ ਇਕ ਚਿੰਨ੍ਹ ਸੀ।ਦਿਨ ਵੇਲੇ ਇਕੱਲਤਾ ਵਿੱਚ ਬੈਠ ਕੇ ਸੁਪਨੇ ਲਵੋ,ਜੋ ਤੁਹਾਡੀ ਭਵਿੱਖ ਦੀ ਜ਼ਿੰਦਗੀ ਦਾ ਖਾਸ ਤੇ ਸਫਲਤਾਪੂਰਵਕ ਰਸਤਾ ਹੋ ਸਕਦਾ ਹੈ। ਸਹੀ ਰੂਪ ਵਿੱਚ ਸਖ਼ਤ ਤੇ ਕੜੀ ਮਿਹਨਤ ਕਰਨ ਵਾਲੇ ਬੰਦੇ ਨੂੰ ਨਾ ਸੁੱਤੇ ਨਾ ਅੱਧ ਸੁੱਤੇ ਸੁਪਨੇ ਨਹੀਂ ਆਉਂਦੇ ਜੋ ਵਿਹਲੜ ਹਨ ਉਨ੍ਹਾਂ ਦਾ ਕੰਮ ਹੀ ਸੁਪਨੇ ਲੈਣਾ ਹੁੰਦਾ ਹੈ,ਜਿਸ ਕਾਰਨ ਉਹ ਕਿਸੇ ਤਣ ਪੱਤਣ ਨਹੀਂ ਲੱਗ ਸਕਦੇ ਅਜਿਹਾ ਤੁਸੀਂ ਆਪਣੇ ਆਲੇ ਦੁਆਲੇ ਸੰਸਾਰ ਵਿਚ ਵੇਖ ਸਕਦੇ ਹੋ।

ਵਿਹਲੜ ਲੋਕਾਂ ਦੀ ਜ਼ਿੰਦਗੀ ਸੁਪਨਿਆਂ ਵਿੱਚ ਹੀ ਗੁਜ਼ਰ ਜਾਂਦੀ ਹੈ ਪਰ ਬਣਦਾ ਬਣਾਉਂਦਾ ਕੁਝ ਵੀ ਨਹੀਂ।ਸਾਡੇ ਇਤਿਹਾਸ ਦੇ ਪੰਨੇ ਫੋਲ ਕੇ ਵੇਖ ਲਵੋ ਸਾਡੇ ਸਾਇੰਸਦਾਨਾਂ ਨੇ ਜੋ ਖੁੱਲ੍ਹੀ ਅੱਖ ਨਾਲ ਸੁਪਨੇ ਲਏ ਹਨ ਉਹ ਇੱਕ ਖੋਜਾਂ ਦਾ ਰੂਪ ਧਾਰ ਗਏ,ਉਨ੍ਹਾਂ ਦੇ ਸੁਪਨੇ ਸਾਡੇ ਜ਼ਿੰਦਗੀ ਦੇ ਵਿਚ ਕੰਮ ਤੇ ਸਫ਼ਲ ਬਣਾਉਣ ਲਈ ਸਾਥ ਦੇ ਰਹੇ ਹਨ।ਸਾਡੀ ਨੌਜਵਾਨ ਪੀੜ੍ਹੀ ਆਪਣੇ ਚੰਗੇ ਭਵਿੱਖ ਲਈ ਕੰਮਕਾਰ ਛੱਡਦੀ ਜਾ ਰਹੀ ਹੈ ਵਿਦੇਸ਼ਾਂ ਨੂੰ ਗਏ ਜਾਂ ਹੀਰੋ ਤੇ ਗੈਂਗਸਟਰ ਜਿਹੇ ਲੋਕਾਂ ਨੂੰ ਵੇਖ ਕੇ ਉਨ੍ਹਾਂ ਤੇ ਸੁਪਨੇ ਲੈਂਦੇ ਹਨ।ਕੀ ਉਨ੍ਹਾਂ ਦੇ ਅੱਖ ਖੁੱਲ੍ਹੇ ਸੁਪਨੇ ਵਿਚ ਇਹ ਨਹੀਂ ਆਉਂਦਾ ਕਿ ਵਿਦੇਸ਼ ਵਿੱਚ ਜਾ ਕੇ ਵੀ ਉਹ ਹੀ ਕੰਮ ਕਰਨੇ ਪੈਣਗੇ ਤੇ ਹੀਰੋ ਬਣਨਾ ਕਿੰਨਾ ਮੁਸ਼ਕਲ ਦਾ ਕੰਮ ਹੈ ਤੇ ਗੈਂਗਸਟਰ ਕੀ ਨਤੀਜੇ ਭੁਗਤ ਰਹੇ ਹਨ ਤੁਹਾਡੇ ਸਾਰਿਆਂ ਦੇ ਸਾਹਮਣੇ ਆਉਂਦੇ ਹਨ।

ਆਓ ਪਾਠਕੋ ਵਿਚਾਰ ਕਰੀਏ ਨੀਂਦ ਵਿੱਚ ਸੁਪਨੇ ਕੁਝ ਵੀ ਨਹੀਂ ਹੁੰਦੇ ਕਦੇ ਆਪਣੀਆਂ ਖੁੱਲ੍ਹੀਆਂ ਅੱਖਾਂ ਨਾਲ ਸਫ਼ਲਤਾ ਪ੍ਰਾਪਤ ਕਰ ਰਹੇ ਲੋਕਾਂ ਵੱਲ ਨਿਗ੍ਹਾ ਮਾਰੋ,ਉਨ੍ਹਾਂ ਦੀ ਸਫ਼ਲਤਾ ਨੂੰ ਆਪਣਾ ਰਸਤਾ ਬਣਾਓ ਫੇਰ ਕੋਈ ਸੁਪਨਾ ਆਵੇਗਾ ਹੀ ਨਹੀਂ ਕਿਉਂਕਿ ਤੁਸੀਂ ਆਪਣੇ ਠੋਸ ਵਿਚਾਰਾਂ ਨਾਲ ਆਪਣੀ ਜ਼ਿੰਦਗੀ ਨੂੰ ਸਹੀ ਰਾਹ ਤੇ ਪਾ ਲਿਆ ਹੈ ਇਹ ਸੁਪਨੇ ਮਿਥਿਹਾਸਕ ਕਹਾਣੀ ਦਾ ਹੀ ਰੂਪ ਹਨ ਤੁਸੀਂ ਇਤਿਹਾਸ ਪੜ੍ਹੋ ਉਸ ਨੂੰ ਹੀ ਆਪਣਾ ਸੁਪਨਾ ਬਣਾ ਲਵੋ ਜਿੱਤ ਤੁਹਾਡੇ ਪੈਰ ਚੁੰਮੇਗੀ।ਕਿਸੇ ਸੁਪਨੇ ਦੇ ਘੇਰੇ ਵਿੱਚ ਆਵੋਗੇ ਹੀ ਨਹੀਂ ਤੁਸੀਂ ਆਪਣੇ ਸ਼ੁੱਧ ਕੰਮਾਂ ਨਾਲ ਲੋਕਾਂ ਦੇ ਸਿੱਖਿਆਦਾਇਕ ਰੂਪੀ ਇਨਸਾਨ ਬਣ ਜਾਓਗੇ।ਰਾਤਾਂ ਦੇ ਸੁਪਨੇ ਇੱਕ ਮਨਘੜਤ ਤੇ ਮਨ ਪਰਚਾਵਾ ਗੱਲਾਂ ਹੁੰਦੀਆਂ ਹਨ ਆਓ ਜਾਗੋ ਤੇ ਅੱਖਾਂ ਖੋਲ੍ਹੋ ਆਪਣੀ ਜ਼ਿੰਦਗੀ ਦੀਆਂ ਸਫ਼ਲ ਰਾਹਾਂ ਦੇ ਸੁਪਨੇ ਲੈ ਕੇ ਦੇਖੋ ਦੁਨੀਆਂ ਵੀ ਤੁਹਾਨੂੰ ਸਲਾਮ ਕਰੇਗੀ।

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ -9914880392

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੋਜੇਵਾਲ ਨੇ ਸੁਖਬੀਰ ਸਿੰਘ ਬਾਦਲ ਵਲੋਂ ਪੰਜਾਬ ਦੇ ਲੋਕਾਂ ਦੇ ਭਲੇ ਲਈ ਕੀਤੇ ਗਏ ਐਲਾਨ ਹਲਕੇ ਦੇ ਲੋਕਾਂ ਨਾਲ ਕੀਤੇ ਸਾਂਝੇ
Next article“ਤੇਰਾ ਕਿਸੇ ਵੇਲੇ ਲੱਥਦਾ ਨੀ ਪਾਰਾ”……