(ਸਮਾਜ ਵੀਕਲੀ)
ਸੱਜਣ ਮੇਰਾ
ਜੇ ਕਿਧਰੇ ਆ ਜਾਵੇ ਸੱਜਣ
ਘੁੱਟ ਕਲੇਜੇ ਲਾਵੇ ਸੱਜਣ
ਦੁੱਖੜੇ ਸਭ ਮਿਟਾਵੇ ਸੱਜਣ
ਤੱਕ ਮੈਨੂੰ ਮੁਸਕਾਵੇ ਸੱਜਣ
ਜਿੰਦ ਭਾਵੇਂ ਲੈ ਜਾਵੇ ਸੱਜਣ ….
ਕਿੰਨਾ ਸੋਹਣਾ ਲੱਗੇ ਸੱਜਣ
ਜਦ ਪੱਗ ਨਵਾਬੀ ਬੰਨ੍ਹੇ ਸੱਜਣ
ਕੁੰਢੀ ਮੁੱਛ ਨੂੰ ਵੱਟੇ ਸੱਜਣ
ਮਹਿਫ਼ਲ ਦੇ ਵਿੱਚ ਫੱਬੇ ਸੱਜਣ
ਜਿੰਦ ਮੇਰੀ ਨੂੰ ਕੱਢੇ ਸੱਜਣ…
ਸੱਜਣ ਮੇਰਾ ਸਾਗਰ ਵਰਗਾ
ਗੰਗਾ ਨੀਰ ਦੀ ਗਾਗਰ ਵਰਗਾ
ਅੱਲੜ੍ਹ ਕੱਢੀ ਚਾਦਰ ਵਰਗਾ
ਸੁੱਚੇ ਇਸ਼ਕ ਸੌਦਾਗਰ ਵਰਗਾ
ਸਭ ਦੇ ਦਿਲ ਨੂੰ ਠੱਗਦਾ ਸੱਜਣ… .
ਚੰਨ ਚਕੋਰ ਪ੍ਰੀਤੀ ਵਰਗਾ
ਗਲ ਵਿੱਚ ਪਾਈ ਤਬੀਤੀ ਵਰਗਾ
ਅੱਲਾ ਦੀ ਹੱਡ ਬੀਤੀ ਵਰਗਾ
ਫੁੱਲਾਂ ਭਰੀ ਬਗੀਚੀ ਵਰਗਾ
ਸੋਹਣਾ ਜਿਵੇਂ ਫ਼ਰਿਸ਼ਤਾ ਸੱਜਣ…..
ਸੱਜਣ ਮੇਰਾ ਦੁਆਵਾਂ ਵਰਗਾ
ਪਰਦੇਸੀ ਦੇ ਚਾਵਾਂ ਵਰਗਾ
ਨਵਜੰਮੇ ਦੇ ਸਾਹਾਂ ਵਰਗਾ
ਨਾਨਕਿਆਂ ਦੇ ਰਾਹਾਂ ਵਰਗਾ
ਮਾਪਿਆਂ ਵਰਗਾ ਲੱਗੇ ਸੱਜਣ….
ਬਿਨ ਤੇਰੇ ਕੀ ਜੀਣਾ ਸੱਜਣ
ਕੌੜਾ ਘੁੱਟ ਭਰੀਣਾ ਸੱਜਣ
ਮਹੀਨਾ ਜਿਵੇਂ ਵਰੀਣਾ ਸੱਜਣ
ਫੁੱਲ ਵੀ ਕੰਡਿਆਂ ਵਾਂਗੂੰ ਲੱਗਣ
‘ਗਿੱਲ’ ਸਾਹਾਂ ਦੇ ਵਿੱਚ ਵੱਸਦਾ ਸੱਜਣ ….
ਜੇ ਕਿਧਰੇ ਆ ਜਾਵੇ ਸੱਜਣ
ਘੁੱਟ ਕਲੇਜੇ ਲਾਵੇ ਸੱਜਣ
ਦੁੱਖੜੇ ਸਭ ਮਿਟਾਵੇ ਸੱਜਣ
ਤੱਕ ਮੈਨੂੰ ਮੁਸਕਾਵੇ ਸੱਜਣ
ਜਿੰਦ ਭਾਵੇਂ ਲੈ ਜਾਵੇ ਸੱਜਣ ….
ਬੇਅੰਤ ਕੌਰ ਮੋਗਾ