ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਤੇ ਉਨ੍ਹਾਂ ਦੀ ਪਤਨੀ ਮਧੂਲਿਕਾ ਰਾਵਤ ਦਾ ਅੱਜ ਸ਼ਾਮੀਂ ਇਥੇ ਦਿੱਲੀ ਛਾਉਣੀ ਵਿਚਲੇ ਬਰਾੜ ਸਕੁਏਅਰ ਸ਼ਮਸ਼ਾਨਘਾਟ ਵਿੱਚ ਪੂਰੇ ਫੌਜੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਫੌਜ ਵੱਲੋਂ ਆਪਣੇ ਜਰਨੈਲ ਨੂੰ 17 ਤੋਪਾਂ ਦੀ ਸਲਾਮੀ ਦਿੱਤੀ ਗਈ। ਧੀਆਂ ਤਾਰਿਨੀ ਤੇ ਕ੍ਰਿਤਿਕਾ ਨੇ ਆਪਣੇ ਮਾਤਾ-ਪਿਤਾ ਦੀਆਂ ਦੇਹਾਂ ਨੂੰ ਅਗਨੀ ਵਿਖਾਈ। ਜਨਰਲ ਰਾਵਤ, ਉਨ੍ਹਾਂ ਦੀ ਪਤਨੀ ਤੇ 11 ਹੋਰਨਾਂ ਦਾ ਬੁੱਧਵਾਰ ਨੂੰ ਤਾਮਿਲ ਨਾਡੂ ਵਿੱਚ ਵਾਪਰੇ ਹੈਲੀਕਾਪਟਰ ਹਾਦਸੇ ਵਿੱਚ ਦੇਹਾਂਤ ਹੋ ਗਿਆ ਸੀ। ਰਾਵਤ ਜੋੜੇ ਦੀਆਂ ਅਸਥੀਆਂ ਭਲਕੇ ਹਰਿਦੁਆਰ ਵਿੱਚ ਜਲ ਪ੍ਰਵਾਹ ਕੀਤੀਆਂ ਜਾਣਗੀਆਂ।
ਸਿਖਰਲੇ ਫੌਜੀ ਜਰਨੈਲ ਦੀ ਅੰਤਿਮ ਯਾਤਰਾ ਵਿੱਚ ਤਿੰਨਾਂ ਸੈਨਾਵਾਂ ਦੇ ਕਰੀਬ 800 ਅਧਿਕਾਰੀ ਤੇ ਹੋਰ ਸਟਾਫ਼ ਤੋਂ ਇਲਾਵਾ ਰੱਖਿਆ ਮੰਤਰੀ ਰਾਜਨਾਥ ਸਿੰਘ, ਕਾਨੂੰਨ ਮੰਤਰੀ ਕਿਰਨ ਰਿਜਿਜੂ, ਭਾਰਤ ਵਿੱਚ ਫਰਾਂਸ ਦੇ ਰਾਜਦੂਤ ਇਮੈਨੂਅਲ ਲੇਨੈਨ ਤੇ ਬਰਤਾਨਵੀ ਹਾਈ ਕਮਿਸ਼ਨਰ ਐਲਕਸ ਐਲਿਸ ਮੌਜੂਦ ਰਹੇ। ਦੱਸਣਾ ਬਣਦਾ ਹੈ ਕਿ ਬੁੱਧਵਾਰ ਨੂੰ ਵਾਪਰੇ ਹੈਲੀਕਾਪਟਰ ਹਾਦਸੇ ਮਗਰੋਂ ਹੁਣ ਤੱਕ ਜਨਰਲ ਰਾਵਤ, ਉਨ੍ਹਾਂ ਦੀ ਪਤਨੀ ਅਤੇ ਬ੍ਰਿਗੇਡੀਅਰ ਲਖਵਿੰਦਰ ਸਿੰਘ ਲਿੱਧੜ ਦੀਆਂ ਮ੍ਰਿਤਕ ਦੇਹਾਂ ਦੀ ਹੀ ਸ਼ਨਾਖਤ ਹੋ ਸਕੀ ਹੈ ਜਦੋਂਕਿ ਬਾਕੀ 10 ਦੇਹਾਂ ਨੂੰ ਪਛਾਣ ਲਈ ਮਿਲਟਰੀ ਬੇਸ ਹਸਪਤਾਲ ਵਿੱਚ ਰੱਖਿਆ ਗਿਆ ਹੈ।
ਜਨਰਲ ਰਾਵਤ ਤੇ ਉਨ੍ਹਾਂ ਦੀ ਪਤਨੀ ਦੀ ਅੰਤਿਮ ਯਾਤਰਾ ਅੱਜ ਬਾਅਦ ਦੁਪਹਿਰ 2:20 ਵਜੇ ਦੇ ਕਰੀਬ ਇਥੇ ਕਾਮਰਾਜ ਮਾਰਗ ਸਥਿਤ ਰਿਹਾਇਸ਼ ਤੋਂ ਸ਼ੁਰੂ ਹੋਈ। ਇਸ ਜੋੜੇ ਦੀਆਂ ਦੋਵਾਂ ਧੀਆਂ ਨੇ ਰੀਤੀ ਰਿਵਾਜ ਮੁਤਾਬਕ ਅੰਤਿਮ ਰਸਮਾਂ ਪੂਰੀਆਂ ਕੀਤੀਆਂ। ਤਿਰੰਗੇ ਝੰਡੇ ਵਿਚ ਲਿਪਟੀਆਂ ਦੇਹਾਂ ਨੂੰ ਫੁੱਲਾਂ ਨਾਲ ਸਜੇ ਟਰੱਕ ਵਿੱਚ ਦਿੱਲੀ ਛਾਉਣੀ ਵਿੱਚ ਬਰਾੜ ਸਕੁਏਅਰ ਸ਼ਮਸ਼ਾਨਘਾਟ ਲਿਜਾਇਆ ਗਿਆ। ਅੰਤਿਮ ਯਾਤਰਾ ਨੂੰ ਕਾਮਰਾਜ ਮਾਰਗ ਤੋਂ ਸ਼ਮਸ਼ਾਨਘਾਟ ਤੱਕ ਦਾ ਦਸ ਕਿਲੋਮੀਟਰ ਦਾ ਫ਼ਾਸਲਾ ਤੈਅ ਕਰਨ ਵਿੱਚ ਦੋ ਘੰਟੇ ਦੇ ਕਰੀਬ ਲੱਗੇ। ਇਸ ਦੌਰਾਨ ਰਸਤੇ ਵਿੱਚ ਲੋਕਾਂ ਨੇ ਨਮ ਅੱਖਾਂ ਤੇ ਫੁੱਲ ਮਾਲਾਵਾਂ ਨਾਲ ਰਾਵਤ ਜੋੜੇ ਨੂੰ ਸ਼ਰਧਾਂਜਲੀਆਂ ਦਿੱਤੀਆਂ। ਉਨ੍ਹਾਂ ਅੰਤਿਮ ਯਾਤਰਾ ਦੇ ਇਨ੍ਹਾਂ ਗ਼ਮਗੀਨ ਪਲਾਂ ਨੂੰ ਆਪਣੇ ਮੋਬਾਈਲਾਂ ਵਿੱਚ ਕੈਦ ਕੀਤਾ।
ਇਸ ਤੋਂ ਪਹਿਲਾਂ ਅੱਜ ਦਿਨੇ ਜਨਰਲ ਰਾਵਤ ਤੇ ਉਨ੍ਹਾਂ ਦੀ ਪਤਨੀ ਦੀਆਂ ਮ੍ਰਿਤਕ ਦੇਹਾਂ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਆਮ ਲੋਕਾਂ ਤੇ ਹੋਰਨਾਂ ਦੇ ਦਰਸ਼ਨਾਂ ਲਈ ਰੱਖਿਆ ਗਿਆ। ਭਾਰਤੀ ਕਿਸਾਨ ਯੂਨੀਅਨ ਦੇ ਮੁੱਖ ਬੁਲਾਰੇ ਰਾਕੇਸ਼ ਟਿਕੈਤ ਨੇ ਵੀ ਜਨਰਲ ਰਾਵਤ ਦੀ ਰਿਹਾਇਸ਼ ’ਤੇ ਪੁੱਜ ਕੇ ਸ਼ਰਧਾਂਜਲੀਆਂ ਦਿੱਤੀਆਂ। ਜਨਰਲ ਰਾਵਤ ਤੇ ਉਨ੍ਹਾਂ ਦੀ ਪਤਨੀ ਦੀ ਚਿਖਾ ਨਾਲੋ-ਨਾਲ ਸੀ ਤੇ ਧੀਆਂ ਤਾਰਿਨੀ ਤੇ ਕ੍ਰਿਤਿਕਾ ਨੇ ਅਗਨੀ ਵਿਖਾਈ। ਇਸ ਮੌਕੇ ਜਨਰਲ ਰਾਵਤ ਦੇ ਛੋਟੇ ਭਰਾ ਵਿਜੈ ਰਾਵਤ(60) ਵੀ ਮੌਜੂਦ ਸਨ। ਰਾਵਤ ਦੀ ਛੋਟੀ ਧੀ ਤਾਰਿਨੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਦਿੱਲੀ ਛਾਉਣੀ ਸ਼ਮਸ਼ਾਨਘਾਟ ਵਿੱਚ ਅੱਜ ਸਸਕਾਰ ਮਗਰੋਂ ਅਸੀਂ ਭਲਕੇ ਉਨ੍ਹਾਂ ਦੀਆਂ ਅਸਥੀਆਂ ਨੂੰ ਹਰਿਦੁਆਰ ਲਿਜਾਵਾਂਗੇ।’’ ਜੈਪੁਰ ਆਧਾਰਿਤ ਵਿਜੈ ਰਾਵਤ ਨੇ ਕਿਹਾ, ‘‘ਮੈਂ ਉਨ੍ਹਾਂ (ਰਾਵਤ ਜੋੜੇ) ਨਾਲ ਬੁੱਧਵਾਰ ਨੂੰ ਗੱਲ ਕੀਤੀ ਸੀ, ਉਦੋਂ ਉਹ ਵੈਲਿੰਗਟਨ ਵਿੱਚ ਇਕ ਸਮਾਗਮ ਲਈ ਤਾਮਿਲ ਨਾਡੂ ਜਾ ਰਹੇ ਸਨ। ਅਸੀਂ ਇਹ ਸੋਚਿਆ ਵੀ ਨਹੀਂ ਸੀ ਕਿ ਹੋਣੀ ਉਨ੍ਹਾਂ ਨੂੰ ਸਾਡੇ ਕੋਲੋਂ ਇੰਜ ਖੋਹ ਲਏਗੀ।’’
ਜਨਰਲ ਰਾਵਤ ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਸਟਾਫ ਸਨ, ਜਿਨ੍ਹਾਂ ਦੇ ਕਾਰਜਕਾਲ ਨੂੰ ਇਸ ਮਹੀਨੇ ਦੇ ਅਖੀਰ ’ਚ ਦੋ ਸਾਲ ਪੂਰੇ ਹੋਣੇ ਸਨ। ਹੈਲੀਕਾਪਟਰ ਹਾਦਸੇ ਵਿੱਚ ਬਚਿਆ ਇਕਲੌਤਾ ਗਰੁੱਪ ਕੈਪਟਨ ਵਰੁਣ ਸਿੰਘ ਇਸ ਵੇਲੇ ਬੰਗਲੂਰੂ ਵਿੱਚ ਜ਼ੇਰੇ ਇਲਾਜ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly