ਜਨਰਲ ਅਬਜ਼ਰਵਰ ਦੀ ਮੌਜੂਦਗੀ ’ਚ ਹੋਈ ਪੋਲਿੰਗ ਸਟਾਫ ਦੀ ਦੂਜੀ ਰੈਂਡਮਾਈਜੇਸ਼ਨ, 3 ਨਵੰਬਰ ਨੂੰ ਹੋਵੇਗੀ ਪੋਲਿੰਗ ਸਟਾਫ਼ ਦੀ ਰਿਹਰਸਲ

ਚੱਬੇਵਾਲ ਵਿਧਾਨ ਸਭਾ ਜ਼ਿਮਨੀ ਚੋਣ-

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਚੱਬੇਵਾਲ ਵਿਧਾਨ ਸਭਾ ਜ਼ਿਮਨੀ ਚੋਣ ਦੇ ਮੱਦੇਨਜ਼ਰ ਅੱਜ ਜਨਰਲ ਅਬਜਰਬਰ 2011 ਬੈਚ ਦੇ ਆਈ.ਏ.ਐਸ ਅਧਿਕਾਰੀ ਤਪਸ ਕੁਮਾਰ ਬਾਗਚੀ ਦੀ ਹਾਜ਼ਰੀ ਵਿੱਚ ਐਨ.ਆਈ.ਸੀ. ਦਫ਼ਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਸ ਵਿਚ ਪੋਲਿੰਗ ਸਟਾਫ਼ ਦੀ ਦੂਜੀ ਰੈਂਡਮਾਈਜ਼ੇਸ਼ਨ ਹੋਈ |

ਪੋਲਿੰਗ ਸਟਾਫ਼ ਦੀ ਦੂਜੀ ਰੈਂਡਮਾਈਜੇਸ਼ਨ ਨੂੰ ਅੰਤਿਮ ਰੂਪ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਰਾਹੁਲ ਚਾਬਾ ਨੇ ਦੱਸਿਆ ਕਿ ਪੋਲਿੰਗ ਸਟਾਫ਼ ਦੀਆਂ ਡਿਊਟੀਆਂ ਸਬੰਧੀ ਹੁਕਮ ਸਬੰਧਤ ਵਿਭਾਗਾਂ ਦੇ ਮੁਖੀਆਂ ਨੂੰ ਸੌਂਪੇ ਜਾਣਗੇ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 044 ਚੱਬੇਵਾਲ ਦੇ 205 ਪੋਲਿੰਗ ਬੂਥਾਂ ਲਈ ਸਟਾਫ ਦਾ ਡਾਟਾ ਮਿਲਾ ਕੇ ਜ਼ਿਮਨੀ ਚੋਣ ਲਈ ਪੋਲਿੰਗ ਸਟਾਫ ਦੀ ਡਿਊਟੀ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਹਲਕੇ ਲਈ 1044 ਪੋਲਿੰਗ ਸਟਾਫ਼ ਤਾਇਨਾਤ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 261 ਪੀ.ਆਰ.ਓ., 261 ਏ.ਪੀ.ਆਰ.ਓ ਅਤੇ 522 ਪੀ.ਓ. ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਵੋਟਿੰਗ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਉਕਤ ਪੋਲਿੰਗ ਸਟਾਫ਼ ਦੀ ਅਹਿਮ ਭੂਮਿਕਾ ਹੋਵੇਗੀ। ਉਨ੍ਹਾਂ ਹਦਾਇਤਾਂ ਦਿੰਦਿਆਂ ਕਿਹਾ ਕਿ ਚੱਬੇਵਾਲ ਵਿਧਾਨ ਸਭਾ ਹਲਕੇ ਲਈ ਪੋਲਿੰਗ ਪਾਰਟੀਆਂ ਬਣਾ ਕੇ ਭੇਜ ਦਿੱਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਪੋਲਿੰਗ ਸਟਾਫ਼ ਦੀ ਰਿਹਰਸਲ 3 ਨਵੰਬਰ, 2024 ਨੂੰ ਦੋ ਸ਼ਿਫਟਾਂ ਵਿੱਚ ਸਵੇਰੇ 9 ਵਜੇ ਅਤੇ ਦੁਪਹਿਰ 1 ਵਜੇ ਹੋਵੇਗੀ।

ਰਾਹੁਲ ਚਾਬਾ ਨੇ ਪੋਲਿੰਗ ਸਟਾਫ਼ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਪੋਲਿੰਗ ਸਟਾਫ ਨੂੰ ਇਸ ਗੱਲ ‘ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਹ ਚੋਣ ਪ੍ਰਣਾਲੀ ਦਾ ਹਿੱਸਾ ਬਣ ਰਹੇ ਹਨ। ਉਨ੍ਹਾਂ ਦੱਸਿਆ ਕਿ ਚੱਬੇਵਾਲ ਵਿਧਾਨ ਸਭਾ ਜ਼ਿਮਨੀ ਚੋਣ ਲਈ ਵੋਟਾਂ 13 ਨਵੰਬਰ 2024 ਨੂੰ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 23 ਨਵੰਬਰ 2024 ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਮਿਤੀ 30 ਅਕਤੂਬਰ 2024 ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਮਨੀ ਚੋਣ ਨੂੰ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿੱਥੇ ਐਮ.ਸੀ.ਐਮ.ਸੀ. ਕਮੇਟੀ ਬਣਾ ਕੇ ਪੇਡ ਨਿਊਜ਼ ‘ਤੇ ਨਜ਼ਰ ਰੱਖੀ ਜਾ ਰਹੀ ਹੈ, ਉਥੇ ਹੀ ਸੀ-ਵਿਜੀਲ ਐਪ ਰਾਹੀਂ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੀਆਂ ਸ਼ਿਕਾਇਤਾਂ ‘ਤੇ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਡੀ.ਆਈ.ਓ ਪ੍ਰਦੀਪ ਸਿੰਘ, ਚੋਣ ਤਹਿਸੀਲਦਾਰ ਸਰਬਜੀਤ ਸਿੰਘ, ਡਿਪਟੀ ਡੀਈਓ ਧੀਰਜ ਵਸ਼ਿਸ਼ਟ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬ੍ਰੇਨ ਸਟ੍ਰੋਕ ਵਿੱਚ ਸਮੇਂ ਸਿਰ ਇਲਾਜ ਦੀ ਮਹੱਤਤਾ ‘ਤੇ ਚਾਨਣਾ ਪਾਇਆ
Next articleਆਬਕਾਰੀ ਵਿਭਾਗ ਵਲੋਂ ਛਾਪੇਮਾਰੀ ਦੌਰਾਨ 245 ਲੀਟਰ ਨਾਜਾਇਜ਼ ਸ਼ਰਾਬ ਬਰਾਮਦ