ਚੱਬੇਵਾਲ ਵਿਧਾਨ ਸਭਾ ਜ਼ਿਮਨੀ ਚੋਣ
ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਚੱਬੇਵਾਲ ਵਿਧਾਨ ਸਭਾ ਹਲਕੇ ਵਿਚ ਆਗਾਮੀ ਉਪ ਚੋਣ ਦੇ ਸਿਲਸਿਲੇ ਵਿਚ ਉਮੀਦਵਾਰਾਂ ਅਤੇ ਉਨ੍ਹਾਂ ਦੇ ਪੋਲਿੰਗ ਏਜੰਟਾਂ ਨਾਲ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਕ ਮਹੱਤਵਪੂਰਨ ਮੀਟਿੰਗ ਦਾ ਆਯੋਜਨ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਜਨਰਲ ਅਬਜ਼ਰਵਰ ਤਪਸ ਕੁਮਾਰ ਬਾਗਚੀ ਅਤੇ ਖਰਚਾ ਅਬਜ਼ਰਵਰ ਸਰੇਨ ਜੋਸ ਨੇ ਕੀਤੀ ਜਿਸ ਦਾ ਉਦੇਸ਼ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤਮਈ ਢੰਗ ਨਾਲ ਯਕੀਨੀ ਬਣਾਉਣਾ ਹੈ। ਇਸ ਦੌਰਾਨ ਚੋਣ ਜ਼ਾਬਤੇ, ਪੋਲਿੰਗ ਸਟੇਸ਼ਨਾਂ ਨਾਲ ਜੁੜੇ ਮੁੱਦਿਆਂ, ਚੋਣ ਖਰਚਿਆਂ ਨਾਲ ਜੁੜੇ ਮਹੱਤਵਪੂਰਨ ਪਹਿਲੂਆਂ ’ਤੇ ਵੀ ਚਰਚਾ ਕੀਤੀ ਗਈ ਅਤੇ ਸਾਰੇ ਉਮੀਦਵਾਰਾਂ ਨੂੰ ਸਬੰਧਤ ਦਿਸ਼ਾ-ਨਿਰਦੇਸ਼ ਦਿੱਤੇ ਗਏ।
ਜਨਰਲ ਅਬਜ਼ਰਵਰ ਨੇ ਚੋਣ ਜ਼ਾਬਤੇ ਨਾਲ ਜੁੜੀ ਵਿਸਥਾਰਤ ਜਾਣਕਾਰੀ ਪ੍ਰਦਾਨ ਕੀਤੀ ਅਤੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਾਰੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਪੋਲਿੰਗ ਏਜੰਟਾਂ ਨੂੰ ਚੋਣ ਪ੍ਰਕਿਰਿਆ ਦੌਰਾਨ ਹੈ। ਉਨ੍ਹਾਂ ਕਿਹਾ ਕਿ ਚੋਣ ਜ਼ਾਬਤੇ ਦਾ ਉਦੇਸ਼ ਚੋਣ ਪ੍ਰਕਿਰਿਆ ਨੂੰ ਨਿਰਪੱਖ ਅਤੇ ਆਜ਼ਾਦ ਰੱਖਣਾ ਹੈ ਤਾਂ ਜੋ ਸਾਰੇ ਵੋਟਰ ਬਿਨਾ ਕਿਸੇ ਦਬਾਅ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। ਚੋਣ ਜ਼ਾਬਤੇ ਵਿਚ ਸ਼ਾਮਿਲ ਸਾਰੇ ਨਿਯਮਾਂ ਅਤੇ ਪ੍ਰਬੰਧਾਂ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਅਣਉਚਿਤ ਗਤੀਵਿਧੀਆਂ ਅਤੇ ਨਿਯਮਾਂ ਦੇ ਉਲੰਘਣ ਪ੍ਰਤੀ ਚੋਣ ਕਮਿਸ਼ਨ ਜੀਰੋ ਟਾਲਰੈਂਸ ਦੀ ਨੀਤੀ ਅਪਨਾਉਂਦਾ ਹੈ।
ਜਨਰਲ ਅਬਜ਼ਰਵਰ ਨੇ ਅਪੀਲ ਕੀਤੀ ਕਿ ਪ੍ਰਚਾਰ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇਨ-ਬਿਨ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਕਿਸੇ ਵੀ ਸਮਾਜ, ਜਾਤੀ ਅਤੇ ਧਾਰਮਿਕ ਭਾਵਨਾ ਨੂੰ ਠੇਸ ਨਾ ਪਹੁੰਚੇ। ਉਨ੍ਹਾਂ ਕਿਹਾ ਕਿ ਕਿਸੇ ਤਰ੍ਹਾਂ ਦੀ ਹੇਟ ਸਪੀਚ, ਕਿਸੇ ਦੇ ਨਿੱਜੀ ਜੀਵਨ ਦੀ ਅਲੋਚਨਾ, ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਵਿਗਿਆਪਨਾਂ, ਵਿਗਿਆਪਨਾਂ ਨੂੰ ਸਮਾਚਾਰ ਦੇ ਰੂਪ ਵਿਚ ਨਾ ਪੇਸ਼ ਕੀਤਾ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਚੋਣ ਪ੍ਰਚਾਰ ਲਈ ਧਾਰਮਿਕ ਸਥਾਨਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਚੋਣਾਂ ਨਾਲ ਸਬੰਧਤ ਕੋਈ ਵੀ ਗਤੀਵਿਧੀ ਕਰਨ ਲਈ ਸਬੰਧਤ ਅਧਿਕਾਰੀਆਂ ਤੋਂ ਮਨਜ਼ੂਰੀ ਲੈਣਾ ਜ਼ਰੂਰੀ ਹੈ।
ਇਸ ਮੀਟਿੰਗ ਵਿਚ ਖਰਚਾ ਅਬਜ਼ਰਵਰ ਨੇ ਚੋਣ ਖਰਚੇ ਦੇ ਪ੍ਰਬੰਧਨ ’ਤੇ ਇਕ ਵਿਸ਼ੇਸ਼ ਟਰੇਨਿੰਗ ਸੈਸ਼ਨ ਵੀ ਕਰਾਇਆ । ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਇਸ ਉਪ ਚੋਣ ਵਿਚ ਹਰੇਕ ਉਮੀਦਵਾਰ ਲਈ 40 ਲੱਖ ਰੁਪਏ ਦੀ ਖਰਚ ਸੀਮਾ ਨਿਰਧਾਰਤ ਕੀਤੀ ਗਈ ਹੈ। ਇਸ ਸੀਮਾ ਦੇ ਦਾਇਰੇ ਦਾ ਧਿਆਨ ਰੱਖਦਿਆਂ ਉਮੀਦਵਾਰਾਂ ਨੂੰ ਹਰ ਖਰਚ ਦਾ ਸਟੀਕ ਰਿਕਾਰਡ ਰੱਖਣਾ ਹੋਵੇਗਾ। ਖਰਚਾ ਅਬਜ਼ਰਵਰ ਨੇ ਉਮੀਦਵਾਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੇ ਚੋਣ ਖਰਚਿਆਂ ਨੂੰ ਨਿਰਧਾਰਤ ਸੀਮਾ ਅੰਦਰ ਰੱਖਣ ਅਤੇ ਇਸੇ ਪਾਰਦਰਸ਼ੀ ਢੰਗ ਨਾਲ ਦਰਜ ਕਰਨ। ਉਨ੍ਹਾਂ ਖਰਚੇ ਦੀ ਨਿਗਰਾਨੀ ਵਿਚ ਪਾਰਦਰਸ਼ਤਾ ਬਣਾਏ ਰੱਖਣ ਲਈ ਕਮਿਸ਼ਨ ਦੁਆਰਾ ਦਰਸਾਏ ਗਏ ਤਰੀਕਿਆਂ ਦੀ ਵੀ ਜਾਣਕਾਰੀ ਦਿੱਤੀ ਤਾਂ ਜੋ ਖਰਚੇ ਦਾ ਬਿਓਰੇ ਦੀ ਕਿਸੇ ਵੀ ਸਮੇਂ ਪੁਸ਼ਟੀ ਕੀਤੀ ਜਾ ਸਕੇ।
ਜਨਰਲ ਅਬਜ਼ਰਵਰ ਅਤੇ ਖਰਚਾ ਅਬਜ਼ਰਵਰ ਨੇ ਮੌਜੂਦ ਉਮੀਦਵਾਰਾਂ ਅਤੇ ਪੋਲਿੰਗ ਏਜੰਟਾਂ ਨਾਲ ਨਿਰਪੱਖ ਅਤੇ ਪਾਰਦਰਸ਼ੀ ਚੋਣ ਪ੍ਰਕਿਰਿਆ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਉਮੀਦਵਾਰ ਵਲੋਂ ਚੋਣ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਕਮਿਸ਼ਨ ਦੁਅਰਾ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਚੋਣਾਂ ਨੂੰ ਸ਼ਾਂਤੀ, ਅਨੁਸ਼ਾਸਨ ਅਤੇ ਪਾਰਦਰਸ਼ੀ ਮੁਕੰਮਲ ਕਰਨ ਵਿਚ ਆਪਣਾ ਸਹਿਯੋਗ ਦੇਣ।
ਵਧੀਕ ਡਿਪਟੀ ਕਮਿਸ਼ਨਰ-ਕਮ-ਰਿਟਰਨਿੰਗ ਅਫ਼ਸਰ ਰਾਹੁਲ ਚਾਬਾ ਨੇ ਦੱਸਿਆ ਕਿ ਕੁੱਲ 6 ਉਮੀਦਵਾਰ ਚੱਬੇਵਾਲ ਜ਼ਿਮਨੀ ਚੋਣ ਲੜ੍ਹ ਰਹੇ ਹਨ ਜਿਨ੍ਹਾਂ ਨੂੰ ਚੋਣ ਨਿਸ਼ਾਨ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ 13 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ 23 ਨਵੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਉਨ੍ਹਾ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵਲੋਂ ਵਿਧਾਨ ਸਭਾ ਚੋਣ ਹਲਕੇ ਵਿਚ ਹੋਣ ਜਾ ਰਹੀ ਉਪ ਚੋਣ ਲਈ ਨਿਯੁਕਤ ਕੀਤੇ ਗਏ ਜਨਰਲ ਅਬਜ਼ਰਵਰ ਤਪਸ ਕੁਮਾਰ ਬਾਗਚੀ ਦਾ ਮੋਬਾਇਲ ਨੰਬਰ 89182-26101, ਖਰਚਾ ਨਿਗਰਾਨ ਸ਼੍ਰੀ ਸਰੇਨ ਜੋਸ ਮੋਬਾਇਲ ਨੰਬਰ 70876-96950 ਅਤੇ ਪੁਲਿਸ ਅਬਜ਼ਰਵਰ ਸਿਧਾਰਥ ਕੌਸ਼ਲ ਦਾ ਮੋਬਾਇਲ ਨੰਬਰ 86998-66950 ਹੈ। ਜ਼ਿਮਨੀ ਚੋਣ ਨਾਲ ਸਬੰਧਤ ਮਸਲਿਆਂ ਲਈ ਚੋਣ ਅਬਜ਼ਰਵਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly