ਗਜ਼ਲ

(ਸਮਾਜ ਵੀਕਲੀ)

ਨਵਾਂ ਨਵਾਂ ਇੱਕ ਜ਼ਖਮ ਪੁੰਗਰਿਆ ਸ਼ੁਕਰੀਆ ਜੀ।
ਅਪਣਾ ਬਣਕੇ ਯਾਰ ਮੁੱਕਰਿਆ ਸ਼ੁਕਰੀਆ ਜੀ।

ਕਰਦਾ ਸੀ ਗੱਲ ਹੋਰ ਨਿਕਲਦਾ ਨਾਂ ਸੀ ਮੇਰਾ,
ਹੁਣ ਚੇਤੇ ‘ਚੋਂ ਗਿਆ ਵਿੱਸਰਿਆ ਸ਼ੁਕਰੀਆ ਜੀ।

ਵਕਤ ਕੁਲਹਿਣਾ ਐਸਾ ਘੋਰ ਤੁਫ਼ਾਨ ਲਿਆਇਆ,
ਰੀਝਾਂ ਦਾ ਜੇ ਛਿੱਕੂ ਖਿੱਲਰਿਆ ਸ਼ੁਕਰੀਆ ਜੀ।

ਸੋਚ ਰਿਹਾ ਹਾਂ ਮੇਰੇ ਦਿਲ ‘ਤੋਂ ਓਸ ਸੱਜਣ ਦਾ,
ਨਹੀਂ ਮਿਟੇਗਾ ਨਾਮ ਉੱਕਰਿਆ ਸ਼ੁਕਰੀਆ ਜੀ।

ਮੈਂ ਹੌਲੇ ਤੋਂ ਕੀ ਸੀ ਮਿਲਨਾ ਉਸ ਕਮਲੇ ਨੂੰ,
ਭਾਰੇ ਪਾਸੇ ਵੱਲ ਉੱਲਰਿਆ ਸ਼ੁਕਰੀਆ ਜੀ।

ਇਹ ਵੀ ਉਸਦੀ ਯਾਦ ਨਿਸ਼ਾਨੀ ਮੰਨਦਾ ਹਾਂ ਮੈਂ,
ਸੀਨੇ ਜਦ ਵੀ ਦਰਦ ਉੱਭਰਿਆ ਸ਼ੁਕਰੀਆ ਜੀ।

‘ਬੋਪਾਰਾਏ ‘ ਉਸਦੇ ਸੋਹਣੇ ਮੁੱਖ ਵਰਗਾ ਹੀ,
ਏਸ ਗ਼ਜ਼ਲ ਦਾ ਬੰਦ ਉੱਸਰਿਆ ਸ਼ੁਕਰੀਆ ਜੀ।

ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ
ਮੋ 97797-914426

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਅੱਜ ਦੀ ਨਾਰੀ”
Next articleਸਾਡੀ ਵੀ ਕੋਈ ਜ਼ਿੰਮੇਵਾਰੀ ਹੈ