(ਸਮਾਜ ਵੀਕਲੀ)
ਅੰਕੁਸ਼ ਨਹੀਂ ਹੈ ਜਿਸ ਦਾ ਆਪਣੀ ਜ਼ੁਬਾਨ ਉੱਤੇ,
ਇੱਜ਼ਤ ਨਾ ਬਹੁਤੀ ਉਸ ਨੂੰ ਮਿਲਦੀ ਜਹਾਨ ਉੱਤੇ।
ਫਿਰ ਨਾ ਦੁਬਾਰਾ ਉਹ ਆਵੇ ਸੌਦਾ ਲੈਣ ਉੱਥੋਂ,
ਇਕ ਵਾਰ ਆ ਗਿਆ ਜੋ ਉਸ ਦੀ ਦੁਕਾਨ ਉੱਤੇ।
ਉਹ ਹੁਕਮਰਾਨ ਲਹਿ ਜਾਵੇ ਉਹਨਾਂ ਦੇ ਦਿਲਾਂ ਤੋਂ,
ਜਿਸ ਨੇ ਵੀ ਜ਼ੁਲਮ ਕੀਤਾ ਕਿਰਤੀ, ਕਿਸਾਨ ਉੱਤੇ।
ਮਿਲ ਜਾਣਾ ਹੈ ਉਸ ਨੇ ਇਕ ਦਿਨ ਇੱਥੇ ਮਿੱਟੀ ਦੇ ਵਿੱਚ,
ਆਇਆ ਹੈ ਦੋਸਤੋ, ਜੋ ਵੀ ਇਸ ਜਹਾਨ ਉੱਤੇ।
ਦਿੱਤੇ ਨੇ ਸਭ ਨੇ ਸਾਨੂੰ ਧੋਖੇ ਹੀ ਜ਼ਿੰਦਗੀ ਵਿੱਚ,
ਕਿਸ ਦਾ ਅਸੀਂ ਨਾਂ ਲਿਖੀਏ ਦਿਲ ਦੀ ਕਿਤਾਬ ਉੱਤੇ।
ਉਹਨਾਂ ਦਾ ਕੀ ਬਣੂੰ ਜਿਹੜੇ ਝੂਠ ਬੋਲਦੇ ਨੇ,
ਰੱਖ ਕੇ ਹੱਥ ਪਵਿੱਤਰ ਗੀਤਾ, ਕੁਰਾਨ ਉੱਤੇ।
ਭਾਵੇਂ ਮਿਲੇ ਦੋ ਵੇਲੇ ਦੀ ਰੋਟੀ ਔਖੇ ਹੋ ਕੇ,
ਸਾਨੂੰ ਹੈ ਮਾਣ ਫਿਰ ਵੀ ਭਾਰਤ ਮਹਾਨ ਉੱਤੇ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ – 9915803554