ਗ਼ਜ਼ਲ 

ਜਗਦੀਸ਼ ਰਾਣਾ

  (ਸਮਾਜ ਵੀਕਲੀ)

ਸਮਝੀ ਨਾ ਏਨੀ ਗੱਲ ਵੀ
ਕਿਉਂ ਬੇਸਮਝ ਸੰਸਾਰ ਨੇ।
ਇਹ ਪਦਵੀਆਂ ਇਹ ਦੌਲਤਾਂ,
ਇਕ ਮੋੜ ‘ਤੇ ਬੇਕਾਰ ਨੇ।

ਧੋਖਾ ਤੇਰਾ ਸੁਭਾਅ ਰਿਹੈ,
ਫਿਰ ਵੀ ਨਿਭਾਈ ਮੈਂ ਸਦਾ,
ਤੇਰੇ ਜਿਹੇ ਹਜ਼ਾਰ ਪਰ ,
ਮੇਰੇ ਜਿਹੇ ਦੋ ਚਾਰ ਨੇ ।

ਐ ਕਾਤਿਲੋ ! ਨਾ ਸਮਝਿਓ
ਉਹ ਮਰ ਗਿਆ ਸਦਾ ਲਈ,
ਮਰਿਆ ਉਦ੍ਹਾ ਸਰੀਰ ਹੈ,
ਜਿੰਦਾ ਉਦੇ ਵਿਚਾਰ ਨੇ ।

ਸਾਦਿਕ-ਅਮੀਨ ਕੌਣ ਹੈ ?
ਸਾਰੇ ਹੀ ਠੱਗ ਨੇ ਇਸ ਜਗ੍ਹਾ,
ਗੱਲਾਂ ਦੇ ਨਾਲ਼ ਹੀ ਇਨ੍ਹਾਂ
ਹੁਣ ਮਹਿਲ ਹਨ ਉਸਾਰਨੇ ।

ਗੋਬਿੰਦ, ਅਸ਼ੋਕ, ਭੀਮ ਦੇ
ਵਾਰਿਸ ਅਸੀਂ ਹਾਂ ਯਾਦ ਰੱਖ,
ਰੱਖੀਏ ਬੁਲੰਦ ਹੌਸਲੇ
ਸਿੱਖੇ ਨਾ ਯੁੱਧ ਹਾਰਨੇ।

ਮੇਰੇ ਅਜੀਜ ਪਿਆਰਿਓ,
ਰੁਖ਼ਸਤ ਜਦੋਂ ਮੈਂ ਹੋ ਗਿਆ,
ਪਾਣੀ ‘ਚ ਫੁੱਲ ਨਾ ਤਾਰ ਕੇ
ਖੇਤਾਂ ‘ਚ ਹਨ ਖਿਲਾਰਨੇ ।

ਕਿੱਦਾਂ ਸਮਾਂ ਲੰਘਾ ਰਿਹੈ,
ਪੁੱਛੋ ਕਿਸੇ ਗ਼ਰੀਬ ਨੂੰ,
ਮਹਿੰਗਾਈ ਨੇ ਤਾਂ ਜਾਪਦੈ
ਸਾਰੇ ਗ਼ਰੀਬ ਮਾਰਨੇ।

ਦੁਸ਼ਮਣ ਦਾ ਹੱਕ ਦੁਸ਼ਮਣੀ,
ਪਰ ਦੋਸਤਾਂ ਨੂੰ ਕੀ ਕਹਾਂ ?
ਪਤਝੜ ‘ਤੇ ਕੀ ਗਿਲਾ ਕਰਾਂ
ਜਦ ਲੁੱਟਿਆ ਬਹਾਰ ਨੇ ।

ਸੁੱਟਦੇ ਕਲ਼ਮ ਨੂੰ ਤੋੜ ਕੇ
ਫ਼ਾਇਦਾ ਕੀ ਲਿਖਣ ਦਾ ਜੇ ਤੂੰ,
ਮਸਲੇ ਦੁਖੀ ਸਮਾਜ ਦੇ
ਗ਼ਜ਼ਲਾਂ ‘ਚ ਨਈਂ ਉਭਾਰਨੇ।

ਅਪਣੇ ਵਿਛਾਏ ਜਾਲ਼ ਵਿਚ,
ਅੱਜ ਆਪ ਹੀ ਉਹ ਫਸ ਗਏ,
‘ਰਾਣੇ’ ਸ਼ਿਕਾਰੀ ਆਪ ਹੀ
ਅੱਜ ਹੋ ਗਏ ਸ਼ਿਕਾਰ ਨੇ।

ਜਗਦੀਸ਼ ਰਾਣਾ

Previous articleਤਰਕਸ਼ੀਲ ਮੇਲੇ ਨੇ ਬੰਨਿਆ ਰੰਗ ਯਾਦਗਾਰੀ ਹੋ ਨਿੱਬੜਿਆ ਵਿਸਾਖੀ ਤੇ ਤਰਕਸ਼ੀਲ ਮੇਲਾ 
Next articleਕੇਂਦਰੀ ਸਭਾ ਵੱਲੋਂ ਭਾਰਤੀ ਸੰਘੀ ਢਾਂਚੇ ਨੂੰ ਬਚਾਉਣ ਦੇ ਸਰਵ ਉੱਚ ਅਦਾਲਤੀ ਫੈਸਲੇ ਦਾ ਸਵਾਗਤ – ਪਵਨ ਹਰਚੰਦਪੁਰੀ