ਰੂਟ ਦੇ ਨਾਲ ਖੁਦਾਈ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਐਮਰਜੈਂਸੀ ਨੰਬਰ 1800-572-7105 ‘ਤੇ ਕੀਤਾ ਜਾਵੇ ਸੰਪਰਕ
ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਡਿਪਟੀ ਕਮਿਸ਼ਨਰ ਰਾਜੇਸ਼ ਧਿਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਕ ਜਾਗਰੂਕਤਾ ਸੈਸ਼ਨ ਦਾ ਆਯੋਜਨ ਕੀਤਾ ਗਿਆ, ਤਾਂ ਜੋ ਆਸਪਾਸ ਦੇ ਖੇਤਰਾਂ ਵਿਚ ਭੂਮੀਗਤ ਕੁਦਰਤੀ ਗੈਸ ਪਾਈਪਲਾਈਨਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ ਅਤੇ ਨਾਲ ਹੀ ਅਣਜਾਣ ਖੁਦਾਈ ਦੀਆਂ ਗਤੀਵਿਧੀਆਂ ਕਾਰਨ ਪਾਈਪਲਾਈਨ ਨੂੰ ਹੋਣ ਵਾਲੇ ਨੁਕਸਾਨ ਦੇ ਖ਼ਤਰਿਆਂ ਬਾਰੇ ਜਾਗਰੂਕ ਕੀਤਾ ਜਾ ਸਕੇ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਨੀਤ ਕੌਰ ਦੀ ਪ੍ਰਧਾਨਗੀ ਹੇਠ ਹੋਏ ਇਸ ਸੈਸ਼ਨ ਦੌਰਾਨ ਖੇਤਰ ਵਿਚ ਥਿੰਕ ਕੁਦਰਤੀ ਗੈਸ ਪਾਈਪਲਾਈਨਾਂ ਅਤੇ ਕੁਦਰਤੀ ਗੈਸ ਦੀ ਢੋਆ-ਢੁਆਈ ਲਈ ਵਰਤੇ ਜਾਂਦੇ ਹਲਕੇ ਵਪਾਰਕ ਵਾਹਨਾਂ (ਐਲ.ਸੀ.ਵੀ) ਲਈ ਆਵਾਜਾਈ ਦੇ ਰੂਟਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਗਈ। ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਗੈਸ ਪਾਈਪਲਾਈਨ ਰੂਟ ਦੇ ਨਾਲ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ, ਤੀਜੀ ਧਿਰ ਦੇ ਕੰਟਰੈਕਟਰ, ਵਿਅਕਤੀਆਂ ਨੂੰ ਥਿੰਕ ਗੈਸ ਐਮਰਜੈਂਸੀ ਨੰਬਰ 1800-572-7105 ‘ਤੇ ਸੰਪਰਕ ਕਰਨਾ ਚਾਹੀਦਾ ਹੈ ਅਤੇ ਸਬੰਧਤ ਵਿਭਾਗਾਂ ਜਿਵੇਂ ਕਿ ਲੋਕ ਨਿਰਮਾਣ ਵਿਭਾਗ, ਸਥਾਨਕ ਸਰਕਾਰਾਂ ਵਿਭਾਗ, ਜਲ ਸਪਲਾਈ ਤੇ ਸੈਨੀਟੇਸ਼ਨ ਆਦਿ ਨਾਲ ਤਾਲਮੇਲ ਕਰਨਾ ਚਾਹੀਦਾ ਹੈ। ਇਸ ਮੌਕੇ ਸੰਕਟ ਦੀ ਸਥਿਤੀ ਦੌਰਾਨ ਸਰਗਰਮ ਕੀਤੇ ਜਾਣ ਵਾਲੇ ਐਮਰਜੈਂਸੀ ਸੰਪਰਕਾਂ ਅਤੇ ਹੈਲਪਲਾਈਨ ਨੰਬਰਾਂ ਦੀ ਇਕ ਅਪਡੇਟ ਸੂਚੀ ਬਣਾਈ ਰੱਖਣ ਦੀ ਜ਼ਰੂਰਤ ਨੂੰ ਵੀ ਉਜਾਗਰ ਕੀਤਾ। ਇਸੇ ਤਰ੍ਹਾਂ ਜ਼ਿਲ੍ਹੇ ਭਰ ਵਿਚ ਕੁਦਰਤੀ ਗੈਸ ਪਾਈਪਲਾਈਨਾਂ ਦੀ ਸੁਰੱਖਿਆ ਅਤੇ ਨਿਯਮਤ ਨਿਗਰਾਨੀ ਤੋਂ ਇਲਾਵਾ ਸਥਾਨਕ ਭਾਈਚਾਰਿਆਂ, ਉਦਯੋਗਾਂ ਅਤੇ ਜਨਤਾ ਸਮੇਤ ਸਾਰੇ ਸਬੰਧਤ ਹਿੱਸੇਦਾਰਾਂ ਵਿਚ ਜਾਗਰੂਕਤਾ ਵਧਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ। ਵਧੀਕ ਡਿਪਟੀ ਕਮਿਸ਼ਨਰ ਅਵਨੀਤ ਕੌਰ ਨੇ ਇਸ ਮੌਕੇ ਕਿਹਾ ਕਿ ਸੰਕਟਕਾਲੀਨ ਸਥਿਤੀਆਂ ਦੌਰਾਨ ਇਨ੍ਹਾਂ ਸਮੂਹਾਂ ਨੂੰ ਜੋਖਮਾਂ ਅਤੇ ਉਨ੍ਹਾਂ ਦੀਆਂ ਭੂਮਿਕਾਵਾਂ ਬਾਰੇ ਸਿੱਖਿਅਤ ਕਰਨਾ ਸਮੂਹਿਕ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਨੰਬਰਾਂ ਦੀ ਇਕ ਸੂਚੀ ਬਣਾਈ ਜਾਵੇ, ਤਾਂ ਜੋ ਸਾਰੇ ਹਿੱਸੇਦਾਰ ਹੰਗਾਮੀ ਹਾਲਤ ਵੇਲੇ ਇਨ੍ਹਾਂ ਦੀ ਵਰਤੋਂ ਕਰ ਸਕਣ। ਇਹ ਇਜਲਾਸ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਸਮਾਪਤ ਹੋਇਆ। ਥਿੰਕ ਗੈਸ ਦੇ ਅਧਿਕਾਰੀਆਂ ਨੇ ਇਸ ਮਹੱਤਵਪੂਰਨ ਸੈਸ਼ਨ ਵਿਚ ਸਹਿਯੋਗ ਦੇਣ ਲਈ ਸਥਾਨਕ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਮੀਟਿੰਗ ਵਿਚ ਪੀ.ਡਬਲਿਊ.ਡੀ., ਪੀ.ਐਸ.ਪੀ.ਸੀ.ਐਲ., ਜਲ ਸਪਲਾਈ ਤੇ ਸੈਨੀਟੇਸ਼ਨ, ਸਿੰਚਾਈ, ਸਿਹਤ, ਬੀ.ਐਸ.ਐਨ.ਐਲ., ਜੀਓ, ਏਅਰਟੈੱਲ ਆਦਿ ਦੇ ਅਧਿਕਾਰੀਆਂ ਨੇ ਭਾਗ ਲਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly