ਗੈਸ ਫੈਕਟਰੀਆਂ ਵਿਰੋਧੀ ਲੋਕ ਸੰਘਰਸ਼ ਵਿੱਚ ਮੱਦਦ ਕਰ ਰਹੇ ਡਰੱਗ ਵਿਗਿਆਨੀ ਡਾ. ਬਲਵਿੰਦਰ ਸਿੰਘ ਔਲਖ ਨੂੰ ਪੁਲਸ ਵੱਲੋਂ ਪਰੇਸ਼ਾਨ ਕਰਨ ਖ਼ਿਲਾਫ਼ ਰੋਸ ਮੁਜਾਹਰਾ

(ਡਾ. ਔਲਖ ਨੇ ਇਹਨਾਂ ਫੈਕਟਰੀਆਂ ਨੂੰ ਕੈਂਸਰ ਫੈਕਟਰੀਆਂ ਦਾ ਨਾਂ ਦਿੱਤਾ ਹੈ।)

ਲੁਧਿਆਣਾ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਬੀਤੀ 20 ਅਗਸਤ ਨੂੰ ਪੀ.ਏ.ਯੂ. ਵਿਖੇ ਬਾਇਓ ਗੈਸ ਫੈਕਟਰੀਆਂ ਵਿਰੋਧੀ ਸੰਘਰਸ਼ ਦੀ ਤਾਲਮੇਲ ਕਮੇਟੀ ਦੀ ਪੰਜਾਬ ਸਰਕਾਰ ਦੇ ਮੁੱਖ ਸੱਕਤਰ ਵੀ.ਕੇ. ਸਿੰਘ ਨਾਲ਼ ਹੋਈ ਮੀਟਿੰਗ ਤੋਂ ਬਾਦ ਲੁਧਿਆਣਾ ਪੁਲਿਸ ਨੇ ਗੱਲਬਾਤ ’ਚ ਮੁੱਖ ਤੋਰ ’ਤੇ ਸ਼ਾਮਲ ਵਿਗਿਆਨੀ ਡਾ. ਬਲਵਿੰਦਰ ਸਿੰਘ ਔਲਖ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਲੁਧਿਆਣਾ ਪਿਲਸ ਦੀ ਸਪੈਸ਼ਲ ਬ੍ਰਾਂਚ ਦੇ ਇੱਕ ਥਾਣੇਦਾਰ ਨੇ 23 ਅਗਸਤ ਨੂੰ ਡਾ. ਔਲਖ ਦੇ ਘਰੇ ਜਾ ਕੇ ਉਨ੍ਹਾਂ ਦੇ ਪਰਿਵਾਰ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ। ਡਾ. ਔਲਖ ਦੇ ਘਰ ਨਾ ਹੋਣ ਤੇ ਉਨ੍ਹਾਂ ਨੂੰ ਫੋਨ ’ਤੇ ਦਬਕਾਉਣ ਦੀ ਕੋਸ਼ਿਸ਼ ਕੀਤੀ ਗਈ। ਉਪਰੰਤ ਸਾਰਾ ਦਿਨ ਸਾਦਾ ਵਰਦੀ ’ਚ ਪੁਲਿਸ ਉਨ੍ਹਾਂ ਦੇ ਘਰ ਨੇੜੇ ਗੱਡੀਆਂ ’ਤੇ ਸਵਾਰ ਹੋ ਕੇ ਖੜੀ ਰਹੀ। ਇਸ ਸਮੁੱਚੇ ਘਟਨਾਕ੍ਰਮ ਦਾ ਪਤਾ ਲੱਗਣ ਤੇ ਤਾਲਮੇਲ ਕਮੇਟੀ ਦੇ ਸੱਦੇ ’ਤੇ ਬਾਇਓ ਗੈਸ ਵਿਰੋਧੀ ਸੰਘਰਸ਼ ਮੋਰਚਿਆਂ ਭੂੰਦੜੀ, ਅਖਾੜਾ, ਮੁਸ਼ਕਾਬਾਦ, ਘੁੰਗਰਾਲੀ ਰਾਜਪੂਤਾਂ ਤੋਂ ਸਵਾ ਸੋ ਦੇ ਕਰੀਬ ਵਰਕਰ ਰਾਤ ਸਾਢੇ ਨੌਂ ਵਜੇ ਡਾ. ਔਲਖ ਦੇ ਘਰ ਪੰਹੁਚ ਗਏ। ਇਸ ਸਮੇਂ ਨੇਤਾ ਜੀ ਪਾਰਕ, ਹੈਬੋਵਾਲ ਵਿਖੇ ਵਰਕਰਾਂ ਦੀ ਰੋਹ ਭਰਪੂਰ ਰੈਲੀ ਨੂੰ ਸੰਬੋਧਨ ਕਰਦਿਆਂ ਤਾਲਮੇਲ ਕਮੇਟੀ ਦੇ ਆਗੂਆਂ ਡਾ. ਸੁਖਦੇਵ ਸਿੰਘ ਭੂੰਦੜੀ, ਕੰਵਲਜੀਤ ਖੰਨਾ, ਕਾਰਖਾਨਾ ਮਜਦੂਰ ਯੂਨੀਅਨ ਦੇ ਆਗੂ ਲਖਵਿੰਦਰ ਸਿੰਘ, ਕਮੇਟੀ ਆਗੂਆਂ ਗੁਰਪ੍ਰੀਤ ਸਿੰਘ ਗੁਰੀ, ਹਰਮੇਲ ਸਿੰਘ ਸਰਪੰਚ , ਪ੍ਰਧਾਨ ਗੁਰਤੇਜ ਸਿੰਘ ਅਖਾੜਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਅਤੇ ਸਰਕਾਰੀ ਪੱਖ ਦੇ ਮਾਹਰਾਂ ਨਾਲ਼ ਦੋ ਵਾਰ ਹੋਈ ਮੀਟਿੰਗ ਚ ਡਾ. ਔਲਖ ਨੇ ਤੱਥਾਂ, ਦਲੀਲਾਂ ਤੇ ਅੰਕੜਿਆਂ ਸਹਿਤ ਸਾਬਿਤ ਕਰ ਦਿੱਤਾ ਕਿ ਇਹ ਸੀਬੀਜੀ ਫੈਕਟਰੀਆਂ ਅਸਲ ’ਚ ਕੈਂਸਰ ਫ਼ੈਕਟਰੀਆਂ ਹਨ ਤਾਂ ਪੰਜਾਬ ਸਰਕਾਰ ਬੁਖਲਾਹਟ ’ਚ ਆ ਗਈ ਹੈ। ਸਿੱਟੇ ਵਜੋਂ ਵੱਖ-ਵੱਖ ਪੁਲਿਸ ਅਧਿਕਾਰੀਆਂ ਵੱਲੋਂ ਡਾ. ਔਲਖ ਬਾਰੇ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਗਈ। ਬੁਲਾਰਿਆਂ ਨੇ ਪੰਜਾਬ ਸਰਕਾਰ ਦੇ ਇਸ਼ਾਰੇ ਉੱਤੇ ਪੁਲਿਸ ਵੱਲੋਂ ਡਾ. ਔਲਖ ਨੂੰ ਜਾਣਬੁੱਝ ਕੇ ਪਰੇਸ਼ਾਨ ਕਰਨ ਦੀ ਨਿੰਦਾ ਕਰਦਿਆਂ ਇਹ ਵਤੀਰਾ ਬੰਦ ਕਰਨ ਦੀ ਮੰਗ ਕੀਤੀ। ਪੰਜਾਬ ਸਰਕਾਰ ਦੀ ਨੀਤੀ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੂੰ ਇਹ ਕੈਂਸਰ ਫੈਕਟਰੀਆਂ ਬੰਦ ਕਰਨ ਲਈ ਹਰ ਕੁਰਬਾਨੀ ਦੇ ਕੇ ਮਜਬੂਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਰਕਾਰ ਦੇ ਸਰਕਾਰ ਦੇ ਲੋਕ ਦੋਖੀ ਰਵੱਈ ਵਿਰੁੱਧ ਪੰਜ ਸਤੰਬਰ ਨੂੰ ਦਿੱਲੀ ਹਾਈ ਵੇਅ ਜਾਮ ਕੀਤਾ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਤੇ ਭਗਵੰਤ ਮਾਨ ਸਰਕਾਰ ਦੋਹੇਂ ਵਿਰੋਧੀ ਵਿਚਾਰਾਂ ਨੂੰ ਦਬਾ ਕੇ ਲੁੱਟ ਦਾ ਰਾਜ ਕਾਇਮ ਰੱਖਣ ਦਾ ਭਰਮ ਪਾਲ ਰਹੀਆਂ ਹਨ। ਇਸ ਸਮੇਂ ਡਾ. ਔਲਖ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਸੱਚ ਬੋਲਦੇ ਰਹਿਣਗੇ ਕਿ ਇਹ ਸੀ.ਬੀ.ਜੀ. ਪਲਾਂਟ ਨਹੀਂ ਹਨ ਸਗੋ ਕੈਂਸਰ ਫੈਕਟਰੀਆਂ ਹਨ। ਇਹ ਪੰਜਾਬੀਆਂ ਲਈ ਕੈਂਸਰ ਦੇ ਖੂਹ ਹਨ ਜਿਨਾਂ ਨੂੰ ਕਦਾਚਿਤ ਪੰਜਾਬ ਦੀ ਧਰਤੀ ’ਤੇ ਨਹੀਂ ਲੱਗਣ ਦਿੱਤਾ ਜਾਵੇਗਾ। ਇਸ ਸਮੇਂ ਹਰਦੇਵ ਸਿੰਘ ਅਖਾੜਾ, ਜਗਦੇਵ ਸਿੰਘ ਅਖਾੜਾ, ਸੁਰਜੀਤ ਸਿੰਘ ਭੂੰਦੜੀ, ਤੇਜਾ ਸਿੰਘ ਭੂੰਦੜੀ, ਨਿਰਮਲ ਸਿੰਘ ਮੁਸ਼ਕਾਬਾਦ, ਜਗਸੀਰ ਸਿੰਘ ਸੀਰਾ, ਰੂਪ ਸਿੰਘ ਮੁਸ਼ਕਾਬਾਦ, ਮਲਵਿੰਦਰ ਸਿੰਘ ਲਵਲੀ, ਕਰਮਜੀਤ ਸਿੰਘ ਸਹੋਤਾ, ਸਵਰਨ ਸਿੰਘ ਅਖਾੜਾ ਆਦਿ ਹਾਜਰ ਸਨ। ਡਾ. ਔਲਖ ਨੂੰ ਤੰਗ ਪ੍ਰੇਸ਼ਾਨ ਕਰਨ ਬਾਰੇ ਹੋਰ ਜੱਥੇਬੰਦੀਆਂ ਦਾ ਵੀ ਪ੍ਰਤੀਕਰਮ ਸਾਹਮਣੇ ਆਇਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਆਗੂ ਬਲਵੰਤ ਸਿੰਘ ਘੁਡਾਣੀ, ਜਮਹੂਰੀ ਅਧਿਕਾਰ ਸਭਾ ਦੇ ਆਗੂ ਜਸਵੰਤ ਜੀਰਖ ਨੇ ਪੁਲਸੀਆ ਦੀਆਂ ਚਾਲਾਂ ਦੀ ਜੋਰਦਾਰ ਨਿੰਦਾ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਅਪਣਾ ਵਤੀਰਾ ਨਾ ਬਦਲਿਆ ਤਾਂ ਸਰਕਾਰ ਨੂੰ ਇਸਦੀ ਭਾਰੀ ਕੀਮਤ ਚੁਕਾਉਣੀ ਪਵੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸਵੱਛਤਾ ਪਖਵਾੜਾ’ ਸਕੂਲਾਂ ਵਿਚ ਸਵੱਛਤਾ ਮੁਹਿੰਮ ਨੂੰ ਮਿਲੇਗੀ ਨਵੀਂ ਦਿਸ਼ਾ
Next articleਅਦਾਰਾ ਪੈਗ਼ਾਮ-ਏ-ਜਗਤ ਵਲੋਂ ਸ੍ਰੀ ਜਗਤ ਰਾਮ ਜੀ ਦੀ ਯਾਦ ਵਿੱਚ ਪਹਿਲਾ ਖੂਨਦਾਨ ਅਤੇ ਅੱਖਾਂ ਦਾ ਚੈਕਅਪ ਕੈਂਪ ਲਗਾਇਆ ਗਿਆ