ਬਠਿੰਡਾ (ਸਮਾਜ ਵੀਕਲੀ): ਇੱਥੋਂ ਨੇੜਲੇ ਪਿੰਡ ਲਹਿਰਾਖਾਨਾ ਵਿਚ ਅੱਜ ਦੋ ਨੌਜਵਾਨਾਂ ਦਾ ਘਾਤ ਲਾਈ ਬੈਠੇ ਕਾਰ ਸਵਾਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਘਟਨਾ ਨੂੰ ਗੈਂਗਵਾਰ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਮ੍ਰਿਤਕਾਂ ਦੀ ਸ਼ਨਾਖ਼ਤ ਮਨਪ੍ਰੀਤ ਸਿੰਘ ‘ਛੱਲਾ ਸਿੱਧੂ’ (32) ਵਾਸੀ ਲਹਿਰਾਖਾਨਾ ਅਤੇ ਵਿੱਕੀ ਸਿੰਘ (26) ਵਾਸੀ ਲਹਿਰਾਬੇਗਾ ਵਜੋਂ ਹੋਈ ਹੈ। ਵੇਰਵਿਆਂ ਮੁਤਾਬਕ ਜਦ ਘਟਨਾ ਵਾਪਰੀ ਤਾਂ ਦੋਵੇਂ ਨੌਜਵਾਨ ਇਕ ਭੋਗ ਸਮਾਰੋਹ ’ਚ ਮੱਥਾ ਟੇਕਣ ਮਗਰੋਂ ਗੁਰਦੁਆਰੇ ਵੱਲੋਂ ਆ ਰਹੇ ਸਨ। ਹਮਲਾਵਰਾਂ ਵੱਲੋਂ ਅੰਨ੍ਹੇਵਾਹ ਫ਼ਾਇਰਿੰਗ ਕੀਤੀ ਗਈ ਤੇ ਦੋਵਾਂ ਦੀ ਮੌਤ ਹੋ ਗਈ।
ਐੱਸਐੱਸਪੀ ਬਠਿੰਡਾ ਅਜੈ ਮਲੂਜਾ ਨੇ ਦੱਸਿਆ ਕਿ ਮਰਹੂਮ ਮਨਪ੍ਰੀਤ ਸਿੰਘ ਛੱਲਾ ਦੀ ਤਾਈ ਦੀ ਗੁਰਦੁਆਰਾ ਸਾਹਿਬ ਵਿਚ ਅੰਤਿਮ ਅਰਦਾਸ ਸੀ। ਭੋਗ ਪੈਣ ’ਤੇ ਜਦੋਂ ਉਹ ਬਾਹਰ ਆਏ ਤਾਂ ਕਾਲੇ ਰੰਗ ਦੀ ਸਕੌਡਾ ਕਾਰ ’ਚ ਸਵਾਰ ਕੁਝ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਘਟਨਾ ’ਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਘਟਨਾ ਸਥਾਨ ਤੋਂ 30 ਬੋਰ ਦੇ ਪਿਸਤੌਲ ’ਚੋਂ ਚੱਲੇ ਕਾਰਤੂਸਾਂ ਦੇ 10 ਖੋਲ ਬਰਾਮਦ ਹੋਏ ਹਨ ਅਤੇ ਹਮਲਾਵਰਾਂ ਦੀ ਗਿਣਤੀ 3-4 ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਘਟਨਾ ਦੀ ਜਾਂਚ ’ਚ ਜੁਟੀ ਹੋਈ ਹੈ ਅਤੇ ਜਲਦੀ ਹੀ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜੁਲਾਈ ਮਹੀਨੇ ਕਤਲ ਹੋਏ ਕੁਲਬੀਰ ਨਰੂਆਣਾ ਨਾਲ ਮ੍ਰਿਤਕਾਂ ਦਾ ਸਬੰਧ ਦੱਸਿਆ ਜਾ ਰਿਹਾ ਹੈ ਅਤੇ ਬਾਕੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly