ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਜੀ.ਡੀ.ਗੋਇਨਕਾ ਇੰਟਰਨੈਸ਼ਨਲ ਸਕੂਲ ਕਪੂਰਥਲਾ ਵਿਖੇ ਨਰਸਰੀ ਤੋਂ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ । ਸਕੂਲ ਦੇ ਸਲਾਨਾ ਸਮਾਗਮ ਸਮੇਂ ਸਰਦਾਰ ਮੱਸਾ ਸਿੰਘ ਸਿੱਧੂ ਸਾਬਕਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਕਪੂਰਥਲਾ ਨੇ ਬਤੌਰ ਮੁੱਖ ਮਹਿਮਾਨ ਵਜੋਂ ਅਤੇ ਡਾ. ਨਵਰੋਜ਼ ਮੱਲੀ, ਸਰਦਾਰ ਸੇਵਾ ਸਿੰਘ, ਸ਼੍ਰੀਮਤੀ ਬਿਮਲਜੀਤ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ |
ਸਮਾਗਮ ਦੀ ਸ਼ੁਰੂਆਤ ਸ਼ਮਾਂ ਰੌਸ਼ਨ ਕਰ ਕੇ ਕੀਤੀ ਗਈ। ਇਸ ਉਪਰੰਤ ਨਰਸਰੀ ਜਮਾਤ ਦੇ ਛੋਟੇ-ਛੋਟੇ ਬੱਚਿਆਂ ਨੇ ਇੱਕ ਗੀਤ ਰਾਹੀਂ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆ’ ਆਖਿਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਭਾਰਤ ਵਿੱਚ ਅਨੇਕਤਾ ਵਿੱਚ ਏਕਤਾ ਨੂੰ ਦਰਸਾਉਂਦਾ ਡਾਂਸ ਪੇਸ਼ ਕੀਤਾ ਗਿਆ। ਜੋ ਦਰਸ਼ਕਾਂ ਲਈ ਕਾਫੀ ਰੋਮਾਂਚਕ ਰਿਹਾ। ਇਸ ਤੋਂ ਇਲਾਵਾ ਛੋਟੇ ਬੱਚਿਆਂ ਨੇ ਮੌਨਸੂਨ ਆਦਿ ਨਾਲ ਸਬੰਧਤ ਕੋਰੀਓਗ੍ਰਾਫੀ ਅਤੇ ਡਾਂਸ ਵੀ ਪੇਸ਼ ਕੀਤਾ। ਇਨ੍ਹਾਂ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਤੋਂ ਇਲਾਵਾ ਆਏ ਹੋਏ ਮਾਪਿਆਂ ਦੀ ਰੁਚੀ ਨੂੰ ਬਰਕਰਾਰ ਰੱਖਣ ਲਈ ਕੁਝ ਖੇਡਾਂ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਾਰਿਆਂ ਨੇ ਦਿਲਚਸਪੀ ਨਾਲ ਭਾਗ ਲਿਆ ।ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਊਸ਼ਾ ਪਰਮਾਰ ਜੀ ਨੇ ਮਹਿਮਾਨਾਂ ਦਾ ਸਵਾਗਤ ਕਰਨ ਉਪਰੰਤ ਸਕੂਲ ਦੀ ਸਲਾਨਾ ਰਿਪੋਰਟ ਪੇਸ਼ ਕੀਤੀ ਅਤੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ।ਇਸ ਦੌਰਾਨ ਮੁੱਖ ਮਹਿਮਾਨ ਮੱਸਾ ਸਿੰਘ ਸਿੱਧੂ ਜੀ ਨੇ ਪੜ੍ਹਾਈ ਅਤੇ ਹੋਰ ਖੇਤਰਾਂ ਵਿਚ ਪੁਜੀਸ਼ਨਾਂ ਲੈਣ ਵਾਲਿਆਂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਤ ਕੀਤਾ। ਇਸ ਉਪਰੰਤ ਬੋਲਦਿਆ ਉਨ੍ਹਾਂ ਨੇ ਸਕੂਲ ਦੇ ਬੱਚਿਆਂ ਵਲੋਂ ਪੇਸ਼ ਕੀਤੇ ਪ੍ਰੋਗਰਾਮ,ਸਿੱਖਿਆ ਅਤੇ ਹੋਰ ਖੇਤਰਾਂ ਵਿੱਚ ਮਾਰੀਆ ਮੱਲਾਂ ਲਈ ਉਹਨਾਂ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਹੋਰ ਮਿਹਨਤ ਕਰਕੇ ਜਿੰਦਗੀ ਵਿੱਚ ਉੱਚੇ ਮੁਕਾਮ ਹਾਸਲ ਕਰਕੇ ਆਪਣੇ ਸਕੂਲ,ਮਾਤਾ ਪਿਤਾ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ |ਉਹਨਾਂ ਸਕੂਲ ਮੈਨੇਜਮੈਂਟ ਦੀ ਸੁਚੱਜੀ ਕਾਰਗੁਜ਼ਾਰੀ,ਬੱਚਿਆਂ ਨੂੰ ਵਧੀਆ ਸਿੱਖਿਆ,ਖੇਡ ਤੇ ਹੋਰ ਸਹੂਲਤਾਂ ਦੇਣ ਲਈ ਸ਼ਲਾਘਾ ਕੀਤੀ | ਸਕੂਲ ਦੇ ਚੇਅਰਮੈਨ ਸਰਦਾਰ ਸੁਖਦੇਵ ਸਿੰਘ , ਅਤੇ ਸਕੱਤਰ ਸ਼੍ਰੀਮਤੀ ਪਰਮਿੰਦਰ ਕੌਰ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਬੱਚਿਆਂ ਦੀ ਪੜ੍ਹਾਈ ਅਤੇ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਸਮਰਪਿਤ ਭਾਵਨਾ ਨਾਲ ਕੰਮ ਕਰਦੇ ਰਹਿਣਗੇ |ਪ੍ਰੋਗਰਾਮ ਦੇ ਅੰਤ ਵਿੱਚ ਸਕੂਲ ਦੇ ਬੱਚਿਆਂ ਦੁਆਰਾ ਪੇਸ਼ ਕੀਤੇ ਭੰਗੜੇ ਨੇ ਸਭ ਦਾ ਮਨ ਮੋਹ ਲਿਆ | ਸਮਾਗਮ ਵਿੱਚ ਸਕੂਲ ਦੇ ਵਿਦਿਆਰਥੀਆਂ ਦੇ ਮਾਤਾ ਪਿਤਾ ਵਿਸ਼ੇਸ਼ ਤੌਰ ‘ਤੇ ਪਹੁੰਚੇ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly