‘ਜੀ-23’ ਆਗੂਆਂ ਵੱਲੋਂ ਨਵੇਂ ਲੀਡਰਸ਼ਿਪ ਮਾਡਲ ਦੀ ਲੋੜ ’ਤੇ ਜ਼ੋਰ

 

  • ਆਜ਼ਾਦ ਦੀ ਰਿਹਾਇਸ਼ ’ਤੇ ਕੀਤੀ ਮੀਟਿੰਗ

ਨਵੀਂ ਦਿੱਲੀ (ਸਮਾਜ ਵੀਕਲੀ): ਕਾਂਗਰਸ ਦੇ ‘ਜੀ-23’ ਗਰੁੱਪ ਦੇ ਕੁਝ ਆਗੂਆਂ ਨੇ ਅੱਜ ਵਿਰੋਧੀ ਧਿਰ ਦੇ ਸਾਬਕਾ ਆਗੂ ਗ਼ੁਲਾਮ ਨਬੀ ਆਜ਼ਾਦ ਦੀ ਰਿਹਾਇਸ਼ ’ਤੇ ਮੀਟਿੰਗ ਕੀਤੀ। ਜੀ-23 ਆਗੂਆਂ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਕਾਂਗਰਸ ਨੂੰ ਸਮੂਹਿਕ ਤੇ ਸਾਰਿਆਂ ਨੂੰ ਮਿਲਾ ਕੇ ਅੱਗੇ ਵਧਣ ਵਾਲੇ ਲੀਡਰਸ਼ਿਪ ਮਾਡਲ ਦੀ ਲੋੜ ਹੈ ਤੇ ਹਰ ਪੱਧਰ ਉਤੇ ਫ਼ੈਸਲੇ ਲੈਣ ਦੀ ਜ਼ਰੂਰਤ ਹੈ। ਉਨ੍ਹਾਂ ਮੰਗ ਕੀਤੀ ਕਿ ਕਾਂਗਰਸ ਇਕੋ ਜਿਹੀ ਵਿਚਾਰਧਾਰਾਂ ਵਾਲੀਆਂ ਤਾਕਤਾਂ ਨਾਲ ਸੰਵਾਦ ਆਰੰਭੇ ਤਾਂ ਕਿ 2024 ਦੀਆਂ ਲੋਕ ਸਭਾ ਚੋਣਾਂ ਲਈ ਇਕ ਭਰੋਸੇਯੋਗ ਬਦਲ ਵਾਸਤੇ ਰਾਹ ਪੱਧਰਾ ਕੀਤਾ ਜਾ ਸਕੇ। ਪਹਿਲਾਂ ਇਹ ਬੈਠਕ ਕਪਿਲ ਸਿੱਬਲ ਦੀ ਰਿਹਾਇਸ਼ ਉਤੇ ਕੀਤੀ ਜਾਣੀ ਸੀ ਪਰ ਐਨ ਆਖ਼ਰੀ ਮੌਕੇ ਥਾਂ ਬਦਲ ਦਿੱਤੀ ਗਈ। ਇਸ ਮੀਟਿੰਗ ਵਿਚ ਆਨੰਦ ਸ਼ਰਮਾ, ਕਪਿਲ ਸਿੱਬਲ, ਮਨੀਸ਼ ਤਿਵਾੜੀ, ਸ਼ਸ਼ੀ ਥਰੂਰ ਤੇ ਸੰਦੀਪ ਦੀਕਸ਼ਿਤ ਸ਼ਾਮਲ ਹੋਏ। ਇਸ ਵਾਰ ਗਰੁੱਪ ਦਾ ਦਾਇਰਾ ਵਧ ਗਿਆ ਤੇ ਸੰਸਦ ਮੈਂਬਰ ਪ੍ਰਨੀਤ ਕੌਰ, ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸ਼ੰਕਰ ਸਿੰਘ ਵਾਘੇਲਾ, ਸਾਬਕਾ ਕੇਂਦਰੀ ਮੰਤਰੀ ਮਣੀ ਸ਼ੰਕਰ ਅੱਈਅਰ ਤੇ ਹਰਿਆਣਾ ਦੇ ਸਾਬਕਾ ਸਪੀਕਰ ਕੁਲਦੀਪ ਸ਼ਰਮਾ ਨੇ ਵੀ ਮੀਟਿੰਗ ਵਿਚ ਸ਼ਮੂਲੀਅਤ ਕੀਤੀ।

ਜ਼ਿਕਰਯੋਗ ਹੈ ਕਿ 23 ਆਗੂਆਂ ਦੇ ਇਸ ਗਰੁੱਪ ਨੇ ਦੂਜੇ ਕਾਂਗਰਸੀ ਆਗੂਆਂ ਨੂੰ ਵੀ ਬੈਠਕ ਵਿਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ ਸੀ। ਇਸ ਮੌਕੇ ਗਰੁੱਪ ਦੀ ਭਵਿੱਖੀ ਰਣਨੀਤੀ ਤੇ ਵੱਖ-ਵੱਖ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਬਾਰੇ ਚਰਚਾ ਕੀਤੀ ਗਈ। ਸੂਤਰਾਂ ਮੁਤਾਬਕ ਗਰੁੱਪ ਦੇ ਸਾਰੇ ਮੈਂਬਰਾਂ ਨੂੰ ਐਤਵਾਰ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿਚ ਲਏ ਗਏ ਫੈ਼ਸਲਿਆਂ ਬਾਰੇ ਵੀ ਜਾਣੂ ਕਰਾਇਆ ਗਿਆ। ਜੀ-23 ਦੇ ਮੈਂਬਰ ਦੋ ਪ੍ਰਮੁੱਖ ਆਗੂਆਂ ਆਜ਼ਾਦ ਤੇ ਸ਼ਰਮਾ ਨੇ ਬਾਕੀ ਮੈਂਬਰਾਂ ਨੂੰ ਵਰਕਿੰਗ ਕਮੇਟੀ ਦੇ ਫ਼ੈਸਲਿਆਂ ਤੋਂ ਇਲਾਵਾ ਪਾਰਟੀ ਦੀ ਮਜ਼ਬੂਤੀ ਬਾਰੇ ਹੋਈ ਚਰਚਾ ਬਾਰੇ ਵੀ ਜਾਣੂ ਕਰਾਇਆ। ਉਨ੍ਹਾਂ ਪਾਰਟੀ ਨੂੰ ਮਜ਼ਬੂਤ ਕਰਨ ਬਾਰੇ ਰੱਖੇ ਆਪਣੇ ਪੱਖ ਬਾਰੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ ਇਸ ਮੌਕੇ ਮੈਂਬਰਾਂ ਨੇ ਮਹਿਸੂਸ ਕੀਤਾ ਕਿ ਪਾਰਟੀ ਵਿਚ ਉਪਰਲੇ ਪੱਧਰ ਤੱਕ ਸੁਧਾਰਾਂ ਦੀ ਲੋੜ ਹੈ ਤਾਂ ਕਿ ਆਗਾਮੀ ਚੋਣਾਂ ਵਿਚ ਪਾਰਟੀ ਦੀ ਕਾਰਗੁਜ਼ਾਰੀ ਸੁਧਾਰੀ ਜਾ ਸਕੇ। ਜ਼ਿਕਰਯੋਗ ਹੈ ਕਿ ਜੀ-23 ਗਰੁੱਪ ਪਹਿਲਾਂ ਵੀ ਪਾਰਟੀ ਲੀਡਰਸ਼ਿਪ ਦੀ ਆਲੋਚਨਾ ਕਰਦਾ ਰਿਹਾ ਹੈ ਤੇ ਜਥੇਬੰਦਕ ਪੁਨਰਗਠਨ ਦੀ ਮੰਗ ਕਰਦਾ ਰਿਹਾ ਹੈ। ਆਗੂਆਂ ਦੇ ਸਮੂਹ ਨੇ 2020 ਵਿਚ ਸੋਨੀਆ ਗਾਂਧੀ ਨੂੰ ਪੱਤਰ ਵੀ ਲਿਖਿਆ ਸੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਬਕਾ ਵਿਧਾਇਕ ਸਿੰਗਲਾ ਵੱਲੋਂ ਅਕਾਲੀ ਦਲ ਤੋਂ ਅਸਤੀਫ਼ਾ
Next articleਸੋਨੀਆ ਗਾਂਧੀ ਵੱਲੋਂ ਪੰਜਾਬ ਦੇ ਸੰਸਦ ਮੈਂਬਰਾਂ ਨਾਲ ਵਿਚਾਰ ਚਰਚਾ