ਮੁੰਬਈ (ਸਮਾਜ ਵੀਕਲੀ): ਗਾਇਕ-ਸੰਗੀਤਕਾਰ ਬੱਪੀ ਲਹਿਰੀ ਦਾ ਅੱਜ ਇੱਥੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਇੰਡਸਟਰੀ ਦੇ ਸਹਿਯੋਗੀਆਂ ਦੀ ਮੌਜੂਦਗੀ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅੱਸੀਵੇਂ ਅਤੇ ਨੱਬਵੇਂ ਦਹਾਕੇ ਦੌਰਾਨ ਡਿਸਕੋ ਦੀ ਧਮਕ ’ਤੇ ਮਸ਼ਹੂਰ ਧੁਨਾਂ ਤਿਆਰ ਕਰਨ ਵਾਲੇ ਬੱਪੀ ਲਹਿਰੀ ਦਾ ਬੀਤੇ ਦਿਨ ਜੁਹੂ ਸਥਿਤ ਕ੍ਰਿਤੀਕੇਅਰ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਸੀ। ਅੱਜ ਸਸਕਾਰ ਮੌਕੇ ਪੁਲੀਸ ਨੇ ਗਾਇਕ ਦੇ ਜੁਹੂ ਸਥਿਤ ਲਹਿਰੀ ਹਾਊਸ ਦੀ ਲੇਨ ਨੂੰ ਬੈਰੀਕੇਡ ਲਾ ਕੇ ਬੰਦ ਕਰ ਦਿੱਤਾ ਸੀ ਅਤੇ ਭੀੜ ਨੂੰ ਕਾਬੂ ਕਰਨ ਕਰੀਬ 15 ਪੁਲੀਸ ਕਰਮੀ ਮੌਜੂਦ ਸਨ। ਲਹਿਰੀ ਦੀ ਮ੍ਰਿਤਕ ਦੇਹ ਨੂੰ ਗਾਇਕ ਦੇ ਟ੍ਰੇਡਮਾਰਕ ਵਾਲੇ ਕਾਲੇ ਚਸ਼ਮੇ ਨਾਲ ਇੱਕ ਖੁੱਲ੍ਹੇ ਟਰੱਕ ਵਿੱਚ ਰੱਖਿਆ ਗਿਆ ਸੀ, ਜਿਸ ਨੂੰ ਫੁੱਲਾਂ ਨਾਲ ਸਜਾਇਆ ਗਿਆ ਸੀ। ਟਰੱਕ ਦੇ ਅੱਗੇ ਅਤੇ ਆਲੇ-ਦੁਆਲੇ ਗਾਇਕ-ਸੰਗੀਤਕਾਰ ਦੀਆਂ ਤਸਵੀਰਾਂ ਲਾਈਆਂ ਗਈਆਂ ਸਨ ਅਤੇ ਟਰੱਕ ਦੇ ਇੱਕ ਪਾਸੇ ‘ਭਾਵਪੂਰਨ ਸ਼ਰਧਾਂਜਲੀ’ ਲਿਖੀ ਹੋਈ ਸੀ।
ਲਹਿਰੀ ਦੇ ਪਰਿਵਾਰ ਵਿੱਚੋਂ ਪਤਨੀ ਚਿਤਰਾਨੀ, ਪੁੱਤਰ ਬੱਪਾ ਅਤੇ ਧੀ ਰੀਮਾ ਖੁੱਲ੍ਹੇ ਟਰੱਕ ਵਿੱਚ ਰਿਸ਼ਤੇਦਾਰਾਂ ਨਾਲ ਮੌਜੂਦ ਸੀ। ਟਰੱਕ ਦੇ ਪਿੱਛੇ ਪੁਲੀਸ ਵੈਨਾਂ ਅਤੇ ਦੋ ਐਂਬੂਲੈਂਸ ਸਮੇਤ ਕਾਰਾਂ ਦਾ ਕਾਫ਼ਲਾ ਮੌਜੂਦ ਸੀ। ਬੱਪੀ ਦੀ ਰਿਹਾਇਸ਼ ਤੋਂ ਦਿ ਵਿਲੇ ਪਾਰਲੇ’ਜ਼ ਪਵਨ ਹੰਸ ਸ਼ਮਸ਼ਾਨਘਾਟ ਤੱਕ 10 ਮਿੰਟਾਂ ਦਾ ਸਫ਼ਰ ਲਗਭਗ ਇੱਕ ਘੰਟੇ ਵਿੱਚ ਪੂਰਾ ਹੋਇਆ। ਬੱਪੀ ਲਹਿਰੀ ਦਾ ਪੁੱਤਰ ਬੱਪਾ ਪਰਿਵਾਰ ਸਮੇਤ ਅੱਜ ਸਵੇਰੇ 3 ਵਜੇ ਯੂਐੱਸ ਤੋਂ ਇੱਥੇ ਪੁੱਜਿਆ ਸੀ। ਬੱਪਾ ਨੇ ਆਖ਼ਰੀ ਰਸਮਾਂ ਨਿਭਾਉਂਦਿਆਂ ਪਿਤਾ ਦੀ ਦੇਹ ਅਗਨ ਭੇਟ ਕੀਤੀ। ਸਸਕਾਰ ਮੌਕੇ ਵਿੱਦਿਆ ਬਾਲਨ, ਸ਼ਕਤੀ ਕਪੂਰ, ਰੂਪਾਲੀ ਗਾਂਗੁਲੀ, ਦੇਬ ਮੁਖਰਜੀ, ਗਾਇਕ ਉਦਿਤ ਨਾਰਾਇਣ, ਸ਼ਾਨ, ਅਭਿਜੀਤ ਭੱਟਾਚਾਰੀਆ, ਮੀਕਾ ਸਿੰਘ, ਭੂਸ਼ਨ ਕੁਮਾਰ, ਕੇਸੀ ਬੋਕਾਡੀਆ ਮੌਜੂਦ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly