ਲੁਧਿਆਣਾ (ਸਮਾਜ ਵੀਕਲੀ): ਕੁੰਡਲੀ-ਮਾਨੇਸਰ ਹਾਈਵੇਅ ’ਤੇ ਮੰਗਲਵਾਰ ਰਾਤ ਸੜਕ ਹਾਦਸੇ ’ਚ ਜਾਨ ਗੁਆਉਣ ਵਾਲੇ ਅਦਾਕਾਰ ਸੰਦੀਪ ਸਿੰਘ ਸਿੱਧੂ ਉਰਫ਼ ਦੀਪ ਸਿੱਧੂ ਦਾ ਅੱਜ ਇੱਥੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਦੇਹ ਅੱਜ ਬਾਅਦ ਦੁਪਹਿਰ ਲੁਧਿਆਣਾ ਸਥਿਤ ਉਨ੍ਹਾਂ ਦੇ ਘਰ ਪੁੱਜੀ ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ। ਇਸ ਮੌਕੇ ਜਿੱਥੇ ਸਮਾਜ ਸੇਵੀ, ਧਾਰਮਿਕ ਤੇ ਰਾਜਸੀ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ, ਉੱਥੇ ਪੰਜਾਬੀ ਫ਼ਿਲਮ ਜਗਤ ਨਾਲ ਸਬੰਧਤ ਸ਼ਖ਼ਸੀਅਤਾਂ ਵੀ ਹਾਜ਼ਰ ਸਨ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁਖੀ ਸਿਮਰਜੀਤ ਸਿੰਘ ਮਾਨ, ਜਥੇਦਾਰ ਧਿਆਨ ਸਿੰਘ ਮੰਡ, ਲੱਖਾ ਸਿਧਾਣਾ, ਸੋਨੀਆ ਮਾਨ ਸਮੇਤ ਕਈ ਜਣੇ ਅੱਜ ਅਦਾਕਾਰ ਦੀਆਂ ਅੰਤਿਮ ਰਸਮਾਂ ਮੌਕੇ ਪੁੱਜੇ।
ਇਸ ਮੌਕੇ ਦੀਪ ਸਿੱਧੂ ਦੀ ਪਤਨੀ ਜੋ ਕਿ ਮੁੰਬਈ ’ਚ ਉਨ੍ਹਾਂ ਦੀ 12 ਸਾਲ ਦੀ ਲੜਕੀ ਨਾਲ ਰਹਿ ਰਹੀ ਹੈ, ਉਹ ਵੀ ਪਹੁੰਚ ਗਈ ਤੇ ਮਾਹੌਲ ਬੇਹੱਦ ਗ਼ਮਗੀਨ ਹੋ ਗਿਆ। ਅੰਤਿਮ ਸੰਸਕਾਰ ਦੀਆਂ ਸਾਰੀਆਂ ਰਸਮਾਂ ਦੀਪ ਦੇ ਭਰਾ ਮਨਦੀਪ ਸਿੱਧੂ ਨੇ ਨਿਭਾਈਆਂ। ਦੀਪ ਨੂੰ ਚਾਹੁਣ ਵਾਲੇ ਵੱਡੀ ਗਿਣਤੀ ਲੋਕ ਆਖਰੀ ਯਾਤਰਾ ਦੇ ਨਾਲ-ਨਾਲ ਸਮਸ਼ਾਨਘਾਟ ਤੱਕ ਪੁੱਜੇ। ਜ਼ਿਕਰਯੋਗ ਹੈ ਕਿ ਦੀਪ ਸਿੱਧੂ ਮੰਗਲਵਾਰ ਰਾਤ ਆਪਣੀ ਦੋਸਤ ਦੇ ਨਾਲ ਦਿੱਲੀ ’ਚ ਸਨ ਤੇ ਦਿੱਲੀ ਤੋਂ ਰਾਤ ਨੂੰ ਕੁੰਡਲੀ-ਮਾਨੇਸਰ ਹਾਈਵੇਅ ਰਾਹੀਂ ਸਕਾਰਪੀਓ ਕਾਰ ’ਚ ਪੰਜਾਬ ਆ ਰਹੇ ਸਨ। ਇਸੇ ਦੌਰਾਨ ਉਨ੍ਹਾਂ ਦੀ ਕਾਰ ਦੀ ਟੱਕਰ ਇਕ ਟਰਾਲੇ ਨਾਲ ਹੋ ਗਈ। ਦੀਪ ਸਿੱਧੂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਵੇਰਵਿਆਂ ਮੁਤਾਬਕ ਬੁੱਧਵਾਰ ਸਵੇਰੇ ਸੋਨੀਪਤ ਦੇ ਸਰਕਾਰੀ ਹਸਪਤਾਲ ’ਚ ਪੋਸਟਮਾਰਟਮ ਦੀ ਕਾਰਵਾਈ ਪੂਰੀ ਕਰਨ ਮਗਰੋਂ ਦੁਪਹਿਰ ਬਾਅਦ ਕਰੀਬ ਸਾਢੇ 3 ਵਜੇ ਮ੍ਰਿਤਕ ਦੇਹ ਲੁਧਿਆਣਾ ਲਿਆਂਦੀ ਗਈ। ਦੀਪ ਦੇ ਘਰ ਦੇ ਬਾਹਰ ਪਹਿਲਾਂ ਹੀ ਹਜ਼ਾਰਾਂ ਲੋਕ ਇਕੱਠੇ ਹੋ ਗਏ ਸਨ। ਕਰੀਬ ਦੋ ਤੋਂ ਤਿੰਨ ਕਿਲੋਮੀਟਰ ਦੇ ਘੇਰੇ ’ਚ ਗੱਡੀਆਂ ਖੜ੍ਹੀਆਂ ਸਨ। ਅਰਦਾਸ ਕਰਨ ਤੋਂ ਬਾਅਦ ਕਿਸੇ ਤਰ੍ਹਾਂ ਲੋਕਾਂ ਨੂੰ ਪਿੱਛੇ ਕਰਵਾ ਕੇ ਗੇਟ ਖੁੱਲ੍ਹਵਾਇਆ ਗਿਆ ਤੇ ਅੰਤਿਮ ਯਾਤਰਾ ਉੱਥੋਂ ਨਿਕਲੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly