(ਸਮਾਜ ਵੀਕਲੀ)
ਜਿਹੜੇ ਘਰ ਪ੍ਰਵਾਰ ਵਿੱਚ, ਹੋਵੇ ਚੰਦਰੀ ਫੁੱਟ।
ਉਹ ਕਦੇ ਨਾ ਵੱਸਦਾ, ਜਲਦੀ ਜਾਂਦਾ ਏ ਟੁੱਟ।
ਜਿਸ ਥਾਂ ਭੈੜੀ ਫੁੱਟ ਦਾ, ਪੈ ਜਾਂਦਾ ਏ ਪੈਰ।
ਓਥੇ ਕਲਾ ਕਲੇਸ਼ ਦਾ ਰਹੇ ਵਰਤਦਾ ਕਹਿਰ।
ਸੁੱਖ ਅਰਾਮ ਜਾਂ ਸ਼ਾਂਤੀ, ਉੱਡ ਜਾਏ ਲਾ ਖੰਭ। ਦੁੱਖ,
ਮਸੀਬਤ, ਮੁਸ਼ਕਿਲਾਂ, ਰਹਿਣ ਕਰਦੀਆਂ ਤੰਗ।
ਇਸ ਚੰਦਰੀ ਨੇ ਸੈਂਕੜੇ, ਕੀਤੇ ਘਰ ਬਰਬਾਦ।
ਜੋ ਨਾ ਸਦੀਆਂ ਤੀਕਰਾਂ,ਹੋ ਸਕੇ ਆਬਾਦ।
ਰਾਜ ਭੋਗਦੇ ਰਾਜਿਆਂ ਦੇ, ਮਿਟ ਗਏ ਨਾਮ-ਨਿਸ਼ਾਨ।
ਮਹਿਲ ਮੁਨਾਰੇ ਉੱਜੜੇ, ਰਹੀ ਨਾ ਪਹਿਲੀ ਸ਼ਾਨ।
ਮਹਿਲਾਂ ਦੇ ਵਿੱਚ ਵੱਸਦੇ, ਰਾਜਕੁਮਾਰ ਵਜ਼ੀਰ।
ਫੁੱਟ ਨੇ ਕੀਤਾ ਪਲਾਂ ਵਿੱਚ, ਧੂੰਏਂ ਦੇ ਫ਼ਕੀਰ।
ਰਾਵਣ ਮਾਰਿਆ ਫੁੱਟ ਨੇ, ਲੰਕਾ ਹੋਈ ਤਬਾਹ।
ਰਾਜ ਭਾਗ, ਪੁੱਤ-ਪੋਤਰੇ, ਹੋਇਆ ਸਭ ਫਨਾਹ।
ਕੌਰਵ ਪਾਂਡਵ ਫੁੱਟ ਨੇ, ਰੱਜ ਕੇ ਕਰੇ ਖੁਆਰ।
ਚਾਚੇ-ਤਾਏ ਦੇ ਪੁੱਤਰਾਂ ਵਿੱਚ ਖੜਕੀ ਤਲਵਾਰ।
ਇੱਕ ਦੂਜੇ ਦੀ ਜਾਨ ਦੇ ਵੈਰੀ ਬਣ ਗਏ ਵੀਰ।
ਡਾਊਰੂ ਵੱਜਾ ਮੌਤ ਦਾ, ਦੇ ਗਈ ਹਾਰ ਤਕਦੀਰ।
ਰਣਜੀਤ ਸਿੰਘ ਦੇ ਰਾਜ ਨੂੰ, ਖਾ ਗਈ ਭੈੜੀ ਫੁੱਟ।
ਟੋਪੀ ਵਾਲੇ ਗੋਰਿਆਂ, ਸਭ ਕੁੱਝ ਲਿਆ ਲੁੱਟ।
ਆਪਣਿਆਂ ਤੋਂ ਆਪਣੇ, ਹੋਏ ਤੇਗ ਦੀ ਭੇਟ।
ਫੁੱਟ ਭੈੜੀ ਨੇ ਸਿੱਖ ਰਾਜ, ਦਿਨਾਂ ‘ਚ ਦਿੱਤਾ
ਜਿਸ ਘਰ ਵੜ ਗਈ ਚੰਦਰੀ, ਕੀਤਾ ਲੀਰੋ-ਲੀਰ।
ਕੱਖ ਨਾ ਪੱਲੇ ਛੱਡਿਆ, ਦਿੱਤੀ ਖਿੱਚ ਲਕੀਰ।
‘ਭੁੱਲੜਾ’ ਭੈੜੀ ਫੁੱਟ ਤੋਂ, ਆਪਣਾ ਆਪ ਬਚਾ।
ਕਿਰਤ ਵਿਰਤ ਕਰ ਧਰਮ ਦੀ, ਜੀਵਨ ਸੁਖੀ ਲੰਘਾ।
ਸੁਖਦੇਵ ਸਿੰਘ ਭੁੱਲੜ
ਸੁਰਜੀਤ ਪੁਰਾ ਬਠਿੰਡਾ
+91 9417046117
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly