ਬਰਜਿੰਦਰ ਕੌਰ ਬਿਸਰਾਓ
(ਸਮਾਜ ਵੀਕਲੀ) ਨਵੇਂ ਜ਼ਮਾਨੇ ਦੇ ਨਾਲ ਨਾਲ ਚੱਲਣ ਨੂੰ ਹੀ ਆਧੁਨਿਕਤਾ ਦਾ ਨਾਂ ਦਿੱਤਾ ਗਿਆ ਹੈ।’ਚਲਦਾ ਜ਼ਮਾਨਾ’ ਜਾਂ ‘ਅੱਜ’ ਹਮੇਸ਼ਾ ਆਧੁਨਿਕਤਾ ਤੋਂ ਪ੍ਰਭਾਵਿਤ ਹੁੰਦਾ ਹੈ। ਆਧੁਨਿਕਤਾ ਦਾ ਮਤਲਬ ਸਮਝੀਏ ਤਾਂ ਇਸ ਵਿੱਚ ਸਮੇਂ ਦੇ ਬਦਲਾਅ ਅਨੁਸਾਰ ਬਹੁਤ ਕੁਝ ਸੋਧ ਕੇ ਪੇਸ਼ ਕੀਤਾ ਜਾਂਦਾ ਹੈ ਜਿਸ ਵਿੱਚ ਖੁੱਲ੍ਹ, ਅਜ਼ਾਦੀ,ਵਿਚਾਰ,ਪਹਿਰਾਵਾ,ਸੋਚਣੀ ,ਲੇਖਣੀ, ਰਹਿਣੀ ਬਹਿਣੀ ਅਤੇ ਪ੍ਰਗਟਾਵਾ ਆਦਿ ਅਤੇ ਹੋਰ ਵੀ ਬਹੁਤ ਕੁਝ ਹੁੰਦਾ ਹੈ ਜਿਸ ਅਨੁਸਾਰ ਮਨੁੱਖ ਆਪਣੇ ਆਪ ਨੂੰ ਆਧੁਨਿਕ ਕਹਾਉਂਦਾ ਹੈ। ਇਸ ਤੋਂ ਵੀ ਹੋਰ ਉੱਚਾ ਹੋ ਕੇ ਦੇਖੀਏ ਤਾਂ ਪੱਛਮੀ ਸੱਭਿਅਤਾ ਦਾ ਰੰਗ ਆਪਣੇ ਉੱਪਰ ਚੜ੍ਹਾਉਣ ਨੂੰ ਵੀ ਆਧੁਨਿਕਤਾ ਦਾ ਨਾਂ ਦੇ ਦਿੱਤਾ ਜਾਂਦਾ ਹੈ। ਜੇ ਕੋਈ ਅੱਜ ਵੀ ਪਿਛਲੇ ਸਮਿਆਂ ਦੇ ਰਿਵਾਜਾਂ ਦਾ ਧਾਰਨੀ ਹੋਵੇ ਤਾਂ ਉਸ ਨੂੰ ਪੁਰਾਣੇ ਵਿਚਾਰਾਂ ਵਾਲਾ ਵਿਅਕਤੀ ਕਹਿ ਕੇ ਆਧੁਨਿਕ ਜ਼ਮਾਨੇ ਵੱਲੋਂ ਨਕਾਰ ਦਿੱਤਾ ਜਾਂਦਾ ਹੈ। ਜ਼ਮਾਨੇ ਦੇ ਨਾਲ ਨਾਲ ਤੁਰਨਾ ਸਾਡੀ ਅਕਲ ਅਤੇ ਸੋਝੀ ਨੂੰ ਅਗਾਂਹ ਵਧੂ ਬਣਾਉਂਦਾ ਹੈ ਜਿਸ ਰਾਹੀਂ ਮਨੁੱਖ ਦੇ ਅੰਦਰ ਹੋਰ ਅੱਗੇ ਵਧਣ ਦੀ ਲਾਲਸਾ ਅਤੇ ਵਿਚਾਰ ਉਤਪੰਨ ਹੁੰਦੇ ਹਨ । ਇਸੇ ਕਰਕੇ ਮਨੁੱਖ ਆਧੁਨਿਕ ਜ਼ਮਾਨੇ ਨਾਲ ਤੁਰਦੇ ਤੁਰਦੇ ਤਰੱਕੀਆਂ ਹਾਸਲ ਕਰਦਾ ਹੈ। ਤਕਨੀਕੀ,ਸਾਹਿਤਕ ਜਾਂ ਹੋਰ ਕਈ ਖੇਤਰਾਂ ਵਿੱਚ ਜ਼ਮਾਨੇ ਨਾਲ ਤੁਰਦਿਆਂ ਮਨੁੱਖ ਪ੍ਰਗਤੀਸ਼ੀਲ ਬਣਦਾ ਹੈ।
ਜਦ ਆਪਾਂ ਫੈਸ਼ਨ ਦੀ ਦੁਨੀਆਂ ਵਿੱਚ ਆਧੁਨਿਕਤਾ ਦੀ ਗੱਲ ਕਰਦੇ ਹਾਂ ਤਾਂ ਦੁਨੀਆਂ ਇਸ ਵਿੱਚ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਕਿਉਂਕਿ ਫੈਸ਼ਨ ਦਾ ਖੇਤਰ ਸਿੱਧੇ ਤੌਰ ਤੇ ਆਰਥਿਕ , ਸਮਾਜਿਕ, ਸੱਭਿਆਚਾਰਕ, ਮਨੋਰੰਜਨ, ਕਲਾਤਮਿਕ ਆਦਿ ਕਈ ਹੋਰ ਖੇਤਰਾਂ ਨਾਲ ਸਿੱਧੇ ਤੌਰ ਤੇ ਜੁੜਿਆ ਹੋਇਆ ਹੈ। ਸਾਡੇ ਸਮਾਜ ਉੱਪਰ ਇਸ ਦੇ ਬਹੁਤ ਪ੍ਰਭਾਵ ਪੈ ਰਹੇ ਹਨ । ਕਈ ਦਹਾਕੇ ਪਹਿਲਾਂ ਸਾਡੇ ਸਮਾਜ ਵਿੱਚ ਘੁੰਡ ਕੱਢਣ ਦਾ ਰਿਵਾਜ ਸੀ। ਘੁੰਡ ਕੱਢਣ ਤੋਂ ਭਾਵ ਪਰਦਾ ਕਰਨਾ ਜਾਂ ਔਰਤਾਂ ਵੱਲੋਂ ਸਿਰ ਤੇ ਲੈਣ ਵਾਲੇ ਦੁੱਪਟੇ ਨਾਲ਼ ਮੂੰਹ ਕੱਜਣ ਦਾ ਰਿਵਾਜ ਸੀ। ਘੁੰਡ ਭਾਰਤੀ ਸਭਿਆਚਾਰ ਦਾ ਅਹਿਮ ਹਿੱਸਾ ਸੀ, ਇਹ ਵੱਡਿਆਂ ਪ੍ਰਤੀ ਸਤਿਕਾਰ ਦਾ ਪ੍ਰਤੀਕ ਸੀ। ਘੁੰਡ ਭਾਰਤੀ ਔਰਤ ਦੇ ਲਿਬਾਸ ਦਾ ਉਹ ਹਿੱਸਾ ਸੀ ਜੋ ਉਸ ਨੂੰ ਸੰਗ-ਸ਼ਰਮ ਤੇ ਝਿਜਕ ਦਾ ਅਹਿਸਾਸ ਕਰਵਾਉਂਦਾ ਸੀ ਅਤੇ ਨਾਲ ਹੀ ਵੱਡੇ-ਛੋਟੇ ਰਿਸ਼ਤਿਆਂ ਦੀ ਅਹਿਮੀਅਤ ਬਣਾਈ ਰੱਖਦਾ ਸੀ। ਘੁੰਡ ਦੇ ਰੂਪ ਵੀ ਸਮੇਂ ਦੇ ਬਦਲਾਅ ਅਤੇ ਆਧੁਨਿਕਤਾ ਦੀ ਹਾਮੀ ਭਰਦੇ ਹਨ। ਪਹਿਲਾਂ ਪਹਿਲ ਔਰਤਾਂ ਵੱਲੋਂ ਲੰਮਾ ਸਾਰਾ ਦੂਹਰਾ ਘੁੰਡ ਕੱਢਿਆ ਜਾਂਦਾ ਸੀ। ਫ਼ਿਰ ਜ਼ਮਾਨੇ ਦੇ ਬਦਲਣ ਨਾਲ ਔਰਤਾਂ ਇਕਹਿਰਾ ਘੁੰਡ ਕੱਢਣ ਲੱਗੀਆਂ,ਇਸੇ ਤਰ੍ਹਾਂ ਹੋਰ ਜ਼ਮਾਨਾ ਬਦਲਣ ਨਾਲ ਔਰਤਾਂ ਅੱਧਾ ਘੁੰਡ ਕੱਢਣ ਲੱਗੀਆਂ ਤੇ ਫਿਰ ਕਾਣਾ ਘੁੰਡ ਕੱਢਣ ਲੱਗੀਆਂ ਜਿਸ ਵਿੱਚ ਉਹਨਾਂ ਵੱਲੋਂ ਸਿਰਫ਼ ਜਿਸ ਪਾਸੇ ਬਜ਼ੁਰਗ ਆ ਰਿਹਾ ਹੁੰਦਾ ਸੀ ਉਸ ਪਾਸਿਓਂ ਹੀ ਚੁੰਨੀ ਦਾ ਪੱਲਾ ਹੱਥ ਨਾਲ਼ ਫੜ ਕੇ ਮੂੰਹ ਢੱਕ ਲਿਆ ਜਾਂਦਾ ਸੀ। ਫਿਰ ਔਰਤ ਜਿਵੇਂ ਹੀ ਅਜ਼ਾਦੀ ਦਹਿਲੀਜ਼ ਵੱਲ ਵਧਣ ਲੱਗੀ ਤਾਂ ਘੁੰਡ ਅਲੋਪ ਹੋਣ ਲੱਗਿਆ। ਪਹਿਲਾਂ ਪਹਿਲ ਤਾਂ ਘਰ ਦੇ ਬਜ਼ੁਰਗਾਂ ਵੱਲੋਂ ਹੀ ਇਸ ਗੱਲ ਦੀ ਪਹਿਲ ਕਦਮੀ ਕਰਦਿਆਂ ਆਪਣੀ ਨੂੰਹ ਨੂੰ ਆਖ ਦਿੱਤਾ ਜਾਂਦਾ ਸੀ,”… ਭਾਈ ਕੁੜੀਏ…. ਤੂੰ ਵੀ ਸਾਡੀ ਧੀ ਈ ਐਂ….. ਸਾਨੂੰ ਤੇਰੇ ਅਤੇ ਸਾਡੀ ਆਪਣੀ ਜਾਈ ਵਿੱਚ…. ਕੋਈ ਫ਼ਰਕ ਨਹੀਂ….. ਤੂੰ ਘੁੰਡ ਨਾ ਕੱਢਿਆ ਕਰ….!” ਕਹਿਕੇ ਵਹੁਟੀ ਲਈ ਅਜ਼ਾਦੀ ਦਾ ਵਿਗਲ ਵਜਾ ਦਿੱਤਾ ਜਾਂਦਾ ਸੀ। ਫਿਰ ਉਹ ਹੌਲੀ ਹੌਲੀ ਆਪਣੇ ਰਿਸ਼ਤੇਦਾਰਾਂ ਅਤੇ ਸ਼ਰੀਕੇ ਵਾਲਿਆਂ ਨੂੰ ਦੱਸ ਦਿੰਦੇ ,”…. ਭਾਈ ਅਸੀਂ ਤਾਂ ….. ਆਪਣੀਆਂ ਵਹੁਟੀਆਂ ਦਾ ਘੁੰਡ…..ਚੁਕਵਾ ਦਿੱਤਾ ਹੈ…. ਵਿਚਾਰੀਆਂ ਕੰਮ ਕਰਨ ਜਾਂ ਘੁੰਡ ਸੰਭਾਲਣ…. ਸਾਨੂੰ ਤਾਂ ਉਹ ਆਪਣੀਆਂ ਧੀਆਂ ਈ ਲੱਗਦੀਆਂ ਨੇ…..।” ਇਸ ਤੋਂ ਪਰਿਵਾਰ ਦੇ ਅਜ਼ਾਦ ਖਿਆਲਾਂ ਦੇ ਹੋਣ ਦੀ ਮੋਹਰ ਲੱਗਣ ਲੱਗੀ। ਇਸ ਤਰ੍ਹਾਂ ਦੇਖਾ ਦੇਖੀ ਸਾਰੇ ਲੋਕ ਆਪਣੀਆਂ ਨੂੰਹਾਂ ਨੂੰ ਇਸ ਘੁੰਡ ਵਾਲ਼ੀ ‘ਗੁਲਾਮੀ’ ਤੋਂ ਨਿਜਾਤ ਦਿਵਾਉਣ ਲੱਗੇ। ਵੱਡਿਆਂ ਵੱਲੋਂ ਗੁਲਾਮੀ ਤੋਂ ਐਸੀ ਨਿਜਾਤ ਦਵਾਈ ਗਈ ਕਿ ਸ਼ਰਮ ਤੇ ਲੱਜਾ ਵੀ ਨਾਲ ਹੀ ਤੁਰ ਗਏ। ਹੌਲ਼ੀ ਹੌਲ਼ੀ ਔਰਤ ਦੀ ਅਜ਼ਾਦੀ ਦੇ ਕਦਮ ਐਸੇ ਅੱਗੇ ਨੂੰ ਵਧੇ ਕਿ ਚੁੰਨੀ ਸਿਰੋਂ ਉਤਰ ਕੇ ਗਲ਼ ਵਿੱਚ ਲਮਕਣ ਲੱਗੀ ਤੇ ਫਿਰ ਗਲ਼ ਵਿੱਚੋਂ ਉਤਰ ਕੇ ਇੱਕ ਮੋਢੇ ਤੇ ਲਟਕਾਈ ਜਾਣ ਲੱਗੀ, ਅੱਜ ਕੱਲ੍ਹ ਵੱਡੇ ਸ਼ਹਿਰਾਂ ਵਿੱਚ ਬਹੁਤਾ ਕਰਕੇ ਸੂਟਾਂ ਨਾਲ ਦੁੱਪਟਾ ਲੈਣ ਦਾ ਰਿਵਾਜ ਵੀ ਅਲੋਪ ਹੋਣ ਲੱਗਿਆ ਹੈ। ਚਲੋ ਇੱਥੇ ਤੱਕ ਵੀ ਠੀਕ ਹੈ ਜੇ ਸਾਡੀ ਸੋਚ ਆਧੁਨਿਕ ਹੈ ਜਾਂ ਅਸੀਂ ਜ਼ਮਾਨੇ ਦੇ ਨਾਲ ਨਾਲ ਤੁਰ ਰਹੇ ਹਾਂ।
ਅੱਜ ਕੱਲ੍ਹ ਸਾਡੇ ਸਮਾਜ ਦੇ ਬਹੁਤੇ ਲੋਕਾਂ ਨੇ ਜ਼ਮਾਨੇ ਦੇ ਨਾਲ ਨਾਲ ਤੁਰਨ ਦੀ ਥਾਂ ਉਸ ਦੇ ਅੱਗੇ ਅੱਗੇ ਵੱਡੀਆਂ ਵੱਡੀਆਂ ਪੁਲਾਂਘਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿਵੇਂ ਜਿਵੇਂ ਵਿਸ਼ਵੀਕਰਨ ਹੋਣ ਲੱਗਿਆ,ਸਾਡੇ ਬੱਚੇ ਤੇਜ਼ੀ ਨਾਲ ਬਹੁਮਾਤਰਾ ਵਿੱਚ ਵਿਦੇਸ਼ਾਂ ਵੱਲ ਨੂੰ ਰੁਖ਼ ਕਰਨ ਲੱਗੇ ਤਾਂ ਬੱਚਿਆਂ ਤੋਂ ਪਹਿਲਾਂ ਉਹਨਾਂ ਦੇ ਮਾਪਿਆਂ ਅੰਦਰ ਬਹਤੀ ਜ਼ਿਆਦਾ ਨਵੀਨਤਮ ਸੋਚ ਪੈਦਾ ਹੋਣ ਲੱਗੀ। ਕੁੜੀਆਂ ਖ਼ਾਤਰ ਪੱਛਮੀ ਪਹਿਰਾਵੇ, ਵਾਲ਼ਾਂ ਨੂੰ ਰੰਗ ਕਰਵਾ ਅਤੇ ਸਿੱਧੇ (ਸਟ੍ਰੇਟ) ਕਰਵਾ ਕੇ ਹੀ ਜਹਾਜ਼ੀ ਚਾੜ੍ਹਿਆ ਜਾਣ ਲੱਗਿਆ। ਜਿਹੜੇ ਮਾਪੇ ਆਪਣੀ ਧੀ ਨੂੰ ਪਿੰਡ ਦੀ ਗਲ਼ੀ ਦੀ ਹੱਟੀ ਵਿੱਚ ਇਕੱਲੇ ਨਹੀਂ ਜਾਣ ਦਿੰਦੇ ਸਨ ਉਹੀ ਮਾਪੇ ਆਪਣੀਆਂ ਧੀਆਂ ਨੂੰ ਵਿਦੇਸ਼ਾਂ ਵਿੱਚ ਇਕੱਲੇ ਤੋਰਨ ਲੱਗੇ। ਇਹ ਆਧੁਨਿਕਤਾ ਦਾ ਉੱਤਮ ਨਮੂਨਾ ਵੇਖਣ ਨੂੰ ਮਿਲਿਆ। ਬਸ ਫੇਰ ਕੀ ਸੀ ਸਾਡੇ ਬੱਚਿਆਂ ਉੱਤੇ ਪੱਛਮੀ ਸੱਭਿਆਚਾਰ ਦਾ ਐਨਾ ਪ੍ਰਭਾਵ ਪਿਆ ਕਿ ਸਾਡੀਆਂ ਦੇਸੀ ਪੁਸ਼ਾਕਾਂ ਉੱਤੇ ਵੀ ਵਿਦੇਸ਼ੀ ਰੰਗਤ ਚੜ੍ਹਨ ਲੱਗੀ।
ਪਹਿਰਾਵੇ ਦੇ ਨਾਲ ਹੌਲ਼ੀ ਹੌਲ਼ੀ ਸਾਡੇ ਵਿਆਹਾਂ ਅਤੇ ਰੀਤੀ ਰਿਵਾਜਾਂ ਉੱਤੇ ਵੀ ਵਿਦੇਸ਼ੀ ਸਭਿਅਤਾ ਭਾਰੂ ਹੋਣ ਲੱਗੀ। ਜਿਹੜੀ ਮਹਿੰਦੀ ਜੋ ਕਦੇ ਸ਼ਗਨਾਂ ਦੀ ਇੱਕ ਪਵਿੱਤਰ ਰਸਮ ਹੁੰਦੀ ਸੀ,ਜਿਸ ਨੂੰ ਕੁੜੀਆਂ ਦਿਨ ਤਿਉਹਾਰ ਤੇ ਰਲ਼ ਬੈਠੇ ਕੇ ਇੱਕ ਦੂਜੇ ਦੇ ਲਗਾਉਂਦੀਆਂ ਸਨ ,ਉਹ ਕਿੱਤਾਕਾਰਾਂ ਦੇ ਹੱਥ ਵਿੱਚ ਆ ਗਈ , ਫਿਰ ਮਹਿੰਗੇ ਭਾਅ ਤੇ ਸੋਹਣੇ ਡਿਜ਼ਾਈਨਾਂ ਵਾਲੀਆਂ ਮਹਿੰਦੀਆਂ ਲੱਗਣ ਦਾ ਰਿਵਾਜ ਸ਼ੁਰੂ ਹੋਇਆ ਪਰ ਕਦੋਂ ਇਹ ਰਿਵਾਜ ਬੇਸ਼ਰਮੀ ਦੀ ਹੱਦ ਤੱਕ ਪਹੁੰਚ ਗਿਆ, ਸਾਨੂੰ ਆਪ ਕੰਨੋਂ ਕੰਨ ਖ਼ਬਰ ਨਹੀਂ ਹੋਈ। ਅੱਜ ਕੱਲ੍ਹ ਤਾਂ ਮਹਿੰਦੀ ਲਗਾਉਣ ਦੇ ਮਾਹਰ ਮਰਦਾਂ ਨੂੰ ਸ਼ਗਨ ਵਾਲ਼ੇ ਘਰ ਬੁਲਾ ਕੇ ਲੱਤਾਂ ਬਾਹਾਂ ਦੇ ਉੱਪਰ ਤੱਕ ਮਹਿੰਦੀ ਲਗਾਈ ਜਾਂਦੀ ਹੈ। ਘਰ ਦੇ ਨਾ ਕਿਸੇ ਮਰਦ ਨੂੰ ਇਸ ਗੱਲ ਤੇ ਇਤਰਾਜ਼ ਹੁੰਦਾ ਹੈ ਤੇ ਨਾ ਹੀ ਕਿਸੇ ਵੱਡੀ ਔਰਤ ਨੂੰ, ਸਗੋਂ ‘ਜਮਾਨੇ ਮੁਤਾਬਕ ਤਾਂ ਚੱਲਣਾ ਈ ਪੈਂਦਾ ਹੈ ” ਕਹਿ ਕੇ ਸਾਰ ਦਿੱਤਾ ਜਾਂਦਾ ਹੈ। ਮਹਿੰਦੀ ਨਾਲ਼ ਤਾਂ ਚਲੋ ਸ਼ਗਨਾਂ ਤੇ ਤਿਉਹਾਰਾਂ ਦੀਆਂ ਰਸਮਾਂ ਪੂਰੀਆਂ ਕਰਨੀਆਂ ਜ਼ਰੂਰੀ ਹਨ। ਪਰ ਟੈਟੂ ਖੁਣਵਾਉਣ ਦਾ ਰਿਵਾਜ਼ ਤਾਂ ਕਿਸੇ ਰਸਮ ਦਾ ਹਿੱਸਾ ਵੀ ਨਹੀਂ ਹੈ। ਜੇ ਇਸ ਦਾ ਪਿਛੋਕੜ ਦੇਖੀਏ ਤਾਂ ਟੈਟੂ ਖੁਣਵਾਉਣ ਦਾ ਰਿਵਾਜ਼ ਨਾ ਹੀ ਸਾਡੀ ਸਭਿਅਤਾ ਦਾ ਹਿੱਸਾ ਸੀ। ਕਿਸੇ ਖ਼ਾਸ ਖਿੱਤਿਆਂ ਜਾਂ ਦੇਸ਼ਾਂ ਦੇ ਲੋਕਾਂ ਦਾ ਇਸ ਨਾਲ ਸਬੰਧ ਹੋ ਸਕਦਾ ਹੈ । ਪਹਿਲਾਂ ਪਹਿਲ ਲੋਕ ਟੈਟੂ ਜਾਂ ਤਤੋਲ ਰਾਹੀਂ ਮੇਲਿਆਂ ਵਿੱਚ ਜਾ ਕੇ ਆਪਣਾ ਨਾਂ,ਪਿੰਡ ਜਾਂ ਗੋਤ ਆਪਣੇ ਹੱਥ ਜਾਂ ਬਾਂਹ ਉੱਤੇ ਖੁਣਵਾ ਲੈਂਦੇ ਸਨ ਜਾਂ ਫਿਰ ਕੋਈ ਕੋਈ ਨੌਜਵਾਨਾਂ ਵੱਲੋਂ ਆਪਣੇ ਪੱਟ ਉੱਤੇ ਮੋਰਨੀ ਖੁਣਵਾਉਣ ਦਾ ਰਿਵਾਜ ਸੀ ਜਿਸ ਦਾ ਜ਼ਿਕਰ ਕਈ ਲੋਕ ਗੀਤਾਂ ਵਿੱਚ ਵੀ ਆਉਂਦਾ ਹੈ।
ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਮਸ਼ਹੂਰ ਹੋਣ ਖ਼ਾਤਰ ਜਾਂ ਰੀਲਾਂ ਪਾਉਣ ਖ਼ਾਤਰ ਕੁੜੀਆਂ ਆਪਣੇ ਸਰੀਰ ਦੇ ਇਹੋ ਜਿਹੇ ਅੰਗਾਂ ਤੇ ਟੈਟੂ ਖੁਣਵਾਉਂਦੀਆਂ ਹਨ ਕਿ ਹਰ ਕੋਈ ਇਹ ਸੋਚਣ ਲਈ ਮਜ਼ਬੂਰ ਹੋ ਜਾਂਦਾ ਹੈ ਕਿ ਉਹਨਾਂ ਨੂੰ ਉਹ ਟੈਟੂ ਖੁਣਵਾਉਣ ਲਈ ਨੰਗੇਜ਼ ਦਾ ਸਹਾਰਾ ਲੈਣਾ ਪਿਆ ਹੋਵੇਗਾ। ਫਿਰ ਕਈ ਕੁੜੀਆਂ ਵੱਲੋਂ ਆਪਣੀ ਧੁੰਨੀ,ਪਿੱਠ,ਗਰਦਨ, ਛਾਤੀ ਅਤੇ ਪੱਟਾਂ ਉੱਤੇ ਖੁਣਵਾਏ ਟੈਟੂਆਂ ਦੀ ਪ੍ਰਦਰਸ਼ਨੀ ਕਰਨ ਲਈ ਉਹੋ ਜਿਹੇ ਹੀ ਪਹਿਰਾਵੇ ਪਾ ਕੇ ਸੋਸ਼ਲ ਮੀਡੀਆ ਉੱਤੇ ਰੀਲਾਂ ਬਣਾ ਕੇ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਇਹ ਸਭ ਤਾਂ ਸਾਡੀ ਤਹਿਜ਼ੀਬ ਜਾਂ ਸਭਿਆਚਾਰ ਦਾ ਹਿੱਸਾ ਬਿਲਕੁਲ ਨਹੀਂ ਸੀ। ਬੇਸ਼ੱਕ ਇਹੋ ਜਿਹੇ ਲੋਕ ਇਸ ਸਭ ਕਰਕੇ ਆਪਣੇ ਆਪ ਨੂੰ ਆਧੁਨਿਕ ਹੋਣ ਦਾ ਦਿਖਾਵਾ ਕਰਦੇ ਹਨ । ਜੇ ਕੋਈ ਇਸ ਗੱਲ ਉੱਤੇ ਕਿੰਤੂ ਪ੍ਰੰਤੂ ਕਰਦਾ ਹੈ ਤਾਂ ਉਸ ਨੂੰ ਪੁਰਾਣੇ ਵਿਚਾਰਾਂ ਦਾ ਧਾਰਨੀ ਕਹਿ ਕੇ ਉਸ ਦੀ ਹੇਠੀ ਕੀਤੀ ਜਾਂਦੀ ਹੈ।ਇਹ ਸਭ ਕੁਝ ਅਖੌਤੀ ਆਧੁਨਿਕਤਾ ਦੇ ਪ੍ਰਭਾਵ ਹੇਠ ਅਖੌਤੀ ਨਵੀਨਤਮ ਸੋਚ ਦੇ ਲੋਕਾਂ ਲਈ ਆਮ ਜਿਹੀ ਗੱਲ ਹੋ ਸਕਦੀ ਹੈ ਪਰ ਇਸ ਸਭ ਰਾਹੀਂ ਸਾਡੇ ਸਮਾਜ ਨੂੰ ਕੋਈ ਵਧੀਆ ਸੰਦੇਸ਼ ਨਹੀਂ ਜਾ ਰਿਹਾ। ਇਸ ਨਾਲ ਆਉਣ ਵਾਲੀਆਂ ਪੀੜ੍ਹੀਆਂ ਵਿੱਚ ਅਨੈਤਿਕਤਾ ਉਤਪੰਨ ਹੋ ਰਹੀ ਹੈ ਜਿਸ ਕਰਕੇ ਅੱਜ ਕੱਲ੍ਹ ਦੀ ਨੌਜਵਾਨੀ ਰਿਸ਼ਤਿਆਂ ਦੀ ਪ੍ਰਵਾਹ ਨਹੀਂ ਕਰਦੀ, ਆਪਣੇ ਵੱਡਿਆਂ ਦੀ ਸਲਾਹ ਲੈਣੀ ਪਸੰਦ ਨਹੀਂ ਕਰਦੀ । ਰਿਸ਼ਤਿਆਂ ਦੀ ਅਹਿਮੀਅਤ ਘਟ ਰਹੀ ਹੈ,ਇੱਥੋਂ ਤੱਕ ਕਿ ਨੌਜਵਾਨ ਪੀੜ੍ਹੀ ਦੀ ਆਪਣੇ ਜੀਵਨਸਾਥੀ ਪ੍ਰਤੀ ਵੀ ਵਫ਼ਾਦਾਰੀ ਘਟਦੀ ਜਾ ਰਹੀ ਹੈ, ਆਪਣੇ ਵੱਡਿਆਂ ਪ੍ਰਤੀ ਸਤਿਕਾਰ ਘਟ ਰਿਹਾ ਹੈ ਤੇ ਦੁਨੀਆ ਦੀ ਸ਼ਰਮ ਹਯਾ ਵਾਲ਼ਾ ਪਰਦਾ ਵੀ ਉਤਰਦਾ ਜਾ ਰਿਹਾ ਹੈ।
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly