*ਪੱਥਰ ਤੋਂ ਦੇਵਤੇ ਤੱਕ……..…*

ਹਰਮੇਲ ਸਿੰਘ ਧੀਮਾਨ

(ਸਮਾਜ ਵੀਕਲੀ)

ਰਾਹ ਦੇ ਵਿਚ ਪਿਆ ਸੀ ਪੱਥਰ,ਰਾਹੀਆਂ ਦੇ ਜੋ ਠੁੱਡੇ ਖਾਂਦਾ।
ਕਦੀ ਕਦਾਈ ਰਾਹੀ ਕੋਈ,ਔਖੜ ਕੇ ਝੱਟ ਡਿੱਗ ਜਾਂਦਾ।

ਵੇਖਣ ਨੂੰ ਨਾ ਸੋਹਣਾ ਲਗਦਾ,ਹੈ ਸੀ ਗੋਲ ਮਟੋਲ ਜਿਹਾ।
ਏਸ ਵਿਚਾਰੇ ਦਾ ਕੀ ਬਨਣੈਂ,ਮਨ ਹੀ ਮਨ ਵਿੱਚ ਮੈਂ ਕਿਹਾ।

ਇੱਕ ਦਿਨ ਚੁੱਕ ਕੇ ਉਸਨੂੰ ਮੈਂ,ਅਪਣੇ ਘਰੀਂ ਲਿਆਇਆ।
ਸਾਰਾ ਟੱਬਰ ਪੁੱਛੀਂ ਜਾਵੇ, ਆਹ ਤੂੰ ਕੀ ਲੈ ਆਇਆ।

ਦਿਲ ਮੇਰੇ ਵਿੱਚ ਜੋ ਸੀ ਆਖਰ, ਸਭ ਨੂੰ ਕਹਿ ਸੁਨਾਇਆ।
ਵੇਖਿਓ ਇੱਕ ਹਫ਼ਤੇ ਦੇ ਅੰਦਰ,ਪਲਟੀ ਇਸ ਦੀ ਕਾਇਆ।

ਚੁੱਕ ਹਥੌੜਾ ਸੈਣੀ ਉਸ ਨੂੰ, ਜਦੋਂ ਤਰਾਸ਼ਣ ਲੱਗਾ।
ਰੰਗ ਬਰੰਗਾ ਵਿਚੋਂ ਨਿਕਲਿਆ, ਕਾਲਾ ਕਿਧਰੇ ਬੱਗਾ।

ਕੁੱਝ ਦਿਨਾਂ ਦੀ ਮਿਹਨਤ ਮੇਰੀ, ਸੋਹਣਾ ਰੰਗ ਲਿਆਈ।
ਪੱਥਰ ਤੋਂ ਫਿਰ ਦੇਵਤੇ ਵਾਲੀ, ਉਸ ਤੇ ਰੰਗਤ ਆਈ।

ਵੱਖਰੇ ਰੰਗਾਂ ਨਾਲ ਪੋਚ ਕੇ, ਉਸ ਨੂੰ ਖੂਬ ਸਜਾਇਆ।
ਸੋਹਣੀ ਸੂਰਤ ਵੇਖ ਕੇ ਯਾਰੋ, ਮਨ ਮੇਰਾ ਰੁਸ਼ਨਾਇਆ।

ਆਏ ਧਰਮੀ ਬੰਦੇ ਉਸ ਨੂੰ, ਨਾਲ ਸਤਿਕਾਰ ਦੇ ਲੈ ਗਏ।
ਸੱਜ ਸਵਰ ਕੇ ਮੇਰੇ ‘ਦੇਵਤਾ’,ਜਾ ਮੰਦਿਰ ਵਿੱਚ ਬਹਿ ਗਏ।

ਨਿੱਤ ਚੜ੍ਹਾਵੇ ਚੜ੍ਹਦੇ ਵੇਖ ਕੇ, ਫੁੱਲਿਆ ਨਾ ਸਮਾਉਂਦਾ।
ਕਿੰਨਾ ਚੰਗਾ ਹੁੰਦਾ ਜੇ ਮੈਂ, ਪਹਿਲਾਂ ਮੰਦਿਰ ਆਉਂਦਾ।

ਕਦੇ ਕਦੇ ਮੰਦਿਰ ਦੇ ਵਲ ਨੂੰ,ਜਾਂਦਾ ਸਾਂ ਮੈਂ ਰਹਿੰਦਾ।
ਇਉਂ ਲੱਗਦਾ ਜਿਉਂ ਵੇਖ ਕੇ ਮੈਨੂੰ ‘ਧੰਨਵਾਦ’ ਹੈ ਕਹਿੰਦਾ।

ਰੜੇ ਮੈਦਾਨ ਤੋਂ ਚੁੱਕ ਦੋਸਤਾ, ਮੰਦਿਰ ਵਿੱਚ ਬਹਾਇਆ।
ਜਿਊਂਦਾ ਰਹੇ ਤੂੰ ‘ਬੁਜਰਕ’ ਮੈਨੂੰ,ਨਰਕੋਂ ਸੁਰਗ ਵਖਾਇਆ।

ਪੱਥਰੋਂ ਇੱਕ ਬਣਾ ਕੇ ਦੇਵਤਾ, ਕੀ ਕੀਤੀ ਮੈਂ ਚੰਗੀ।
ਭੋਲ੍ਹੀ ਭਾਲ੍ਹੀ ਜਨਤਾ ਵਹਿਮਾਂ, ਭਰਮਾਂ ਵਿੱਚ ਗਈ ਰੰਗੀ।

ਹਰਮੇਲ ਸਿੰਘ ਧੀਮਾਨ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next article* ਤਾਸ਼ ਦੇ ਪੱਤੇ ਤੇ ਕਿਸਮਤ *