ਪ੍ਰਭ ਆਸਰਾ ਸੰਸਥਾ ਵੱਲੋਂ ਆਪਣੀ ਇੱਕ ਪਰਿਵਾਰਕ ਮੈਂਬਰ ਦੇ ਰਚਾਏ ਜਾਣਗੇ ਆਨੰਦ ਕਾਰਜ
(ਸਮਾਜ ਵੀਕਲੀ)-
ਕੁਰਾਲ਼ੀ, (ਗੁਰਬਿੰਦਰ ਸਿੰਘ ਰੋਮੀ): ਪਿਛਲੇ 20 ਸਾਲਾਂ ਤੋਂ ਆਪਣੇ ਸਮਾਜ ਸੇਵੀ ਕਾਰਜਾਂ ਲਈ ਨਿਰੰਤਰ ਗਤੀਸ਼ੀਲ ਸੰਸਥਾ ਪ੍ਰਭ ਆਸਰਾ ਦਾ ਜਿੱਥੇ ਬੇਸਹਾਰਾ ਤੇ ਲਾਚਾਰ ਨਾਗਰਿਕਾਂ ਦੀ ਸਾਂਭ-ਸੰਭਾਲ ਅਤੇ ਇਲਾਜ ਵਿੱਚ ਇੱਕ ਨਿਵੇਕਲਾ ਨਾਮ ਹੈ। ਉੱਥੇ ਹੀ ਇਸ ਵੱਲੋਂ ਆਪਣੇ ਠੀਕ ਹੋਏ ਨਾਗਰਿਕਾਂ ਦਾ ਮੁੜ-ਵਸੇਬਾ ਕਰਨ ਵਿੱਚ ਵੀ ਅਹਿਮ ਯੋਗਦਾਨ ਰਹਿੰਦਾ ਹੈ। ਇਸੇ ਲੜੀ ਤਹਿਤ ਇੱਥੇ ਸਾਂਭ-ਸੰਭਾਲ ਅਧੀਨ ਰਹੀ ਨੋਜਵਾਨ ਬੀਬੀ ਕੋਮਲ ਦੀ 06 ਜੂਨ 2024 ਸ਼ਨੀਵਾਰ ਨੂੰ ਸੰਸਥਾ ਵੱਲੋਂ ਵਿਆਹ ਦੀ ਰਸਮ ਅਦਾ ਕੀਤੀ ਜਾਵੇਗੀ।
ਜਿਸ ਬਾਰੇ ਸੰਸਥਾ ਮੁਖੀ ਭਾਈ ਸ਼ਮਸ਼ੇਰ ਸਿੰਘ ਤੇ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਕੋਮਲ ਤੇ ਉਸਦੀ ਮਾਤਾ ਡੇਢ ਕੁ ਸਾਲ ਤੋਂ ਆਰਥਿਕ ਸਥਿਤੀ ਠੀਕ ਨਾ ਹੋਣ ਕਾਰਨ ਇੱਥੇ ਆ ਗਈਆਂ ਸਨ। ਇਸ ਠਹਿਰ ਦੌਰਾਨ ਮਾਤਾ ਨੇ ਆਪਣੀ ਧੀ ਦੇ ਵਿਆਹ ਬਾਬਤ ਗੱਲ ਕੀਤੀ ਤਾਂ ਉਸਦੇ ਮੇਲ ਮੁਤਾਬਕ ਵਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਚਲਦੇ ਮਹੀਨੇ ਵਿੱਚ ਹੀ ਇੱਕ ਪਰਿਵਾਰ ਨਾਲ਼ ਸੰਪਰਕ ਬਣਿਆ। ਜਿੰਨ੍ਹਾ ਨੇ ਸੰਸਥਾ ਵਿਖੇ ਆ ਕੇ ਬਣਦੀ ਰਸਮੀ ਗੱਲਬਾਤ ਕਰਨ ਉਪਰੰਤ ਰਿਸ਼ਤਾ ਪੱਕਾ ਕਰ ਲਿਆ। ਹੁਣ ਕੱਲ੍ਹ ਨੂੰ ਕੋਮਲ ਦੇ ਆਨੰਦ ਕਾਰਜ ਰਚਾਏ ਜਾਣਗੇ। ਜਿਕਰਯੋਗ ਹੈ ਕਿ ਪ੍ਰਭ ਆਸਰਾ ਸੰਸਥਾ ਵੱਲੋਂ ਇਲਾਜ ਤੇ ਸਾਂਭ-ਸੰਭਾਲ ਤੋਂ ਬਾਅਦ ਆਪਣੇ ਮੁੜ ਆਮ ਸਥਿਤੀ ਵਿੱਚ ਪਹੁੰਚੇ ਨਾਗਰਿਕ ਨੂੰ ਪਤਾ ਲੱਭ ਕੇ ਘਰ ਪਹੁੰਚਾਉਣ ਤੇ ਯੋਗਤਾ ਮੁਤਾਬਕ ਸੰਸਥਾ ਵਿੱਚ ਹੀ ਰੁਜ਼ਗਾਰ ਦੇਣ ਜਿਹੇ ਅਹਿਮ ਉਪਰਾਲੇ ਵੀ ਕੀਤੇ ਜਾਂਦੇ ਹਨ।