ਪੀੜੀ ਦਰ ਪੀੜੀ

ਜਸਪ੍ਰੀਤ ਕੌਰ ਫ਼ਲਕ

ਬੇਟਾ ਚੱਪਲ ਘੜੀਸ ਕੇ
ਚੱਲਦਾ ਬੁਰਾ ਜਿਹਾ ਲੱਗਦਾ
ਮੈਂ ਉਸਨੂੰ ਸਮਝਾਉਂਦੀ ਹਾਂ
ਨਹੀਂ ਐਦਾਂ ਨਹੀ ਕਰੀਦਾ।

ਅਚੇਤ ਮਨ ਵਿਚ ਪਈਆਂ
ਨਾਨੀ ਦੀਆਂ ਉਹ ਨਿੱਕੀਆਂ ਨਿੱਕੀਆਂ
ਗੱਲਾਂ ਉੱਘੜ ਆਉਂਦੀਆਂ ਹਨ
ਕੁੱਝ ਪਲਾਂ ਲਈ ਲੱਗਦਾ
ਜਿਵੇਂ ਮੈਂ ਨਾਨੀ ਦੇ ਮੂਹਰੇ ਖੜੀ ਹੋਵਾਂ
ਤੇ ਨਾਨੀ ਮੈਨੂੰ ਸਮਝਾ ਰਹੀ ਹੋਵੇ
ਨਾ ਧੀਏ ਇੰਝ ਨਹੀਂ ਕਰੀਦਾ
ਬੁਰਾ ਲੱਗਦਾ ਹੈ,
ਇਹ ਚੀਜ ਇੰਝ ਰੱਖੀਦੀ ਹੈ
ਚੁੰਨੀ ਨਹੀਂ ਲਾਹੀਦੀ ਸਿਰ ਤੋਂ
ਕੱਪੜੇ ਪਾਉਣ ਦਾ ਸਲੀਕਾ ਹੋਣਾ ਚਾਹੀਦਾ
ਤੁਰੀਏ ਤਾਂ ਇੰਝ
ਕਿਸੇ ਨੂੰ ਪਤਾ ਨਾ ਲੱਗੇ
ਕਿਸੇ ਦੇ ਧਿਆਨ ਵਿੱਚ ਖਲਨ ਨਾ ਪਵੇ
ਕੰਮ ਕਰੀਏ ਸਫ਼ਾਈ ਨਾਲ
ਦੂਜੇ ਹੱਥ ਨੂੰ ਪਤਾ ਨਾ ਚੱਲੇ ।

ਤੇ ਮੈ ਸਿਰ ਸੁੱਟੀ ਖੜੀ ਹਾਂ ਹੂੰ ਕਰ ਰਹੀ ਹਾਂ
ਤੇ ਪੈਰ ਦੇ ਅੰਗੂਠੇ ਨਾਲ ਧਰਤੀ ਤੇ
ਲਕੀਰਾਂ ਖਿੱਚ ਰਹੀ ਹਾਂ ।

ਨਾਨੀ ਫੇਰ ਆਖਦੀ ਹੈ
ਸਮਝੀ ਕੁੱਝ
ਤੂੰ ਬੇਗਾਨੇ ਥਾਂ ਜਾਣਾ ਹੈ
ਕੀ ਪਤਾ ਕਿੱਦਾਂ ਦਾ ਪਰਿਵਾਰ ਮਿਲੇ ।

ਨਾਨੀ ਮੈਨੂੰ ਹਲੂਣ ਦੀ ਹੈ
ਤੇ ਮੈ ਪਰਤ ਆਉਂਦੀ ਹਾਂ
ਹੈਰਾਨ ਹੁੰਦੀ ਹਾਂ ਚਾਰ ਦਹਾਕਿਆਂ ਦੀ ਗੱਲ
ਕਿੰਨੀ ਤਾਜ਼ਾ ਲੱਗਦੀ ਹੈ
ਤੇ ਬੇਟਾ ਇੰਨ ਬਿੰਨ
ਮੇਰੇ ਵਾਂਗੂੰ ਮੂੰਹ ਬਣਾ ਖੜਾ ਹੈ
ਸੋਚਦੀ ਹਾਂ ਵੱਡਿਆਂ ਦੀਆਂ ਗੱਲਾਂ
ਸਹੀ ਹੁੰਦੀਆਂ ਹਨ
ਤੇ ਪੀੜ੍ਹੀ ਦਰ ਪੀੜ੍ਹੀ
ਇੰਝ ਹੀ ਅੱਗੇ ਤੁਰਦੀਆਂ ਰਹਿੰਦੀਆਂ ਹਨ ।

ਜਸਪ੍ਰੀਤ ਕੌਰ ਫ਼ਲਕ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੋ ਦਿੱਲੀ ਗਏ ਅੰਦੋਲਨ ਲਈ
Next articleਨਜ਼ਰ