ਸੁਪਨੇ ਤੋਂ ਹਕੀਕਤ ਤੱਕ ਦੇ ਸਫ਼ਰ ਵਿਚਲੇ ਤਣਾਓ ਦਾ ਸਹਿਜ ਬਿਰਤਾਂਤ : ਸੁਰਮਈ ਪੈੜਾਂ

   ਪੁਸਤਕ ਚਰਚਾ : ਸੁਰਮਈ ਪੈੜਾਂ

(ਸਮਾਜ ਵੀਕਲੀ)  ਡਾ. ਮਨਮੋਹਨ ਸਿੰਘ ਤੀਰ ਬਹੁ-ਪੱਖੀ ਪ੍ਰਤਿਭਾ ਦਾ ਮਾਲਕ ਲੇਖਕ ਹੈ। ਇਕ ਖੋਜਕਾਰ, ਕਹਾਣੀਕਾਰ, ਵਾਰਤਕ ਲੇਖਕ, ਆਲੋਚਕ ਤੇ ਬਾਲ ਲੇਖਕ ਵਜੋਂ ਜਾਣਿਆ ਜਾਂਦਾ ਡਾ.ਤੀਰ ਆਪਣੀ 7ਵੀਂ ਪੁਸਤਕ ‘ਸੁਰਮਈ ਪੈੜਾਂ’ ਲੈ ਕੇ ਪੰਜਾਬੀ ਦੇ ਸਵੈ-ਜੀਵਨੀ ਸਾਹਿਤ ਵਿੱਚ ਆਪਣੀ ਹਾਜ਼ਰੀ ਲਗਵਾ ਰਿਹਾ ਹੈ। ਇਸ ਪੁਸਤਕ ਨੂੰ ਵੇਖਣ ਸਾਰ,ਪੜ੍ਹਨ ਦੌਰਾਨ ਤੇ ਪੜ੍ਹਨ/ਮਾਨਣ ਤੋਂ ਬਾਅਦ ਵੀ ਮੈਂ ਇਸ ਪੁਸਤਕ ਨਾਲ ਅਜੀਬ ਕਿਸਮ ਦੀ ਭਾਵਨਾਤਮਿਕ ਸਾਂਝ ਦੇ ਸੂਤਰ ਵਿੱਚ ਬੱਝ ਜਾਂਦਾ ਹਾਂ। ਇਸਦੇ ਕੁਝ ਕਾਰਨ ਹਨ। ਪਹਿਲਾ ਇਹ ਕਿ ਮਨਮੋਹਨ ਸਿੰਘ ਤੀਰ ਨੂੰ ਮੈਂ ਬਹੁਤ ਨੇੜਿਓਂ ਵੇਖਿਆ, ਸਮਝਿਆ, ਜਾਣਿਆ ਤੇ ਪੜ੍ਹਿਆ ਹੈ। ਕੁਝ ਮੌਕਿਆਂ ‘ਤੇ ਸਾਹਿਤ ਨਾਲ ਜੁੜੇ ਕੁਝ ਕੰਮ ਅਸੀਂ ਇਕੱਠਿਆਂ ਮਿਲ ਕੇ ਕਰਦੇ ਰਹੇ ਹਾਂ ਤੇ ਇਕ ਹੀ ਕਾਲਜ ਦੇ ਇੱਕੋ ਵਿਭਾਗ ਵਿੱਚ ਸਾਨੂੰ ਇਕੱਠਿਆਂ ਪੜ੍ਹਾਉਣ ਦਾ ਅਵਸਰ ਵੀ ਪ੍ਰਾਪਤ ਹੋਇਆ ਹੈ। ਇਹ ਵੀ ਕਿ ਮੈਂ ਉਸਨੂੰ ਰੂਹ ਨਾਲ ਕਾਮਯਾਬ ਜ਼ਿੰਦਗੀ ਜੀਊਂਦਿਆਂ ਤੇ ਵਿਕਾਸ/ਵਿਸਥਾਰ ਕਰਦਿਆਂ ਵੇਖਿਆ ਹੈ। ਪੁਸਤਕ ਵਿੱਚ ਉਸਦੇ ਵਿਅਕਤੀਤਵ ਦੇ ਸਮਤੁਲ ਪ੍ਰਸਤੁਤ ਹੁੰਦੇ ਉਸਦੇ ਜੀਵਨ-ਬਿਰਤਾਂਤ ਦੇ ਵੇਰਵੇ ਬੜੇ ਸੁਭਾਵਿਕ, ਸਪਸ਼ਟ, ਸਹਿਜ ਤੇ ਸਰਲ ਰੂਪ ਧਾਰਨ ਕਰਕੇ ਪ੍ਰਗਟ ਹੁੰਦੇ ਹਨ। ਲੇਖਕ ਵੱਲੋਂ ਉਲੀਕੀਆਂ ਯਾਦਾਂ (ਸਵੈ-ਜੀਵਨੀ) ਨੂੰ ਪੜ੍ਹਦਿਆਂ ਮੈਂ ਆਪਣੇ ਆਪ ਨੂੰ ਉਸ ਬਹੁ-ਪੱਖੀ ਲੇਖਕ ਦੇ ਹੋਰ ਕਰੀਬ ਹੋਣ ਦਾ ਅਹਿਸਾਸ ਪਾਲ਼ ਰਿਹਾ ਹਾਂ।          21 ਸਿਰਲੇਖਾਂ ਦੀ ਲੜੀ ਵਿੱਚ ਪਰੋਇਆ ਵੰਨ- ਸਵੰਨੀਆਂ ਯਾਦਾਂ ਦਾ ਇਹ ਖੂਬਸੂਰਤ ਗੁਲਦਸਤਾ ਆਪਣੀ ਮਹਿਕ ਬਿਖੇਰਦਾ ਜਾਂਦਾ ਹੈ। ਇਸ ਪੁਸਤਕ ਦੀ ਰਚਨਾ ਰਾਹੀਂ ਡਾ.ਮਨਮੋਹਨ ਸਿੰਘ ਤੀਰ ਇਕ ਵੱਖਰੇ ਰੂਪਾਕਾਰ ਵਜੋਂ ਕਲਮ ਅਜ਼ਮਾਈ ਕਰਦਾ ਹੈ। ਜਦੋਂ ਲੇਖਕ ਆਪਣੇ ਜੀਵਨ ਦੇ ਦ੍ਰਿਸ਼ਟਮਾਨ ਯਥਾਰਥ ਨੂੰ ਸਵੈ-ਜੀਵਨੀ ਦੇ ਯਥਾਰਥ ਵਿੱਚ ਰੂਪਾਂਤਰਿਤ ਕਰਦਾ ਹੈ ਤਾਂ ਉਹ ਕਿਸੇ ਉਚੇਚ ਤੋਂ ਕੰਮ ਨਹੀਂ ਲੈਂਦਾ। ਜਦੋਂ ਉਹ ਆਪਣੇ ਬਾਲਪਨ ਦੀ ਅਵਸਥਾ ਤੋਂ ਗੱਲ ਪ੍ਰਾਰੰਭ ਕਰਦਾ ਹੈ ਤਾਂ ਉਸਦੀ ਮਾਸੂਮੀਅਤ, ਭੋਲ਼ੀਆਂ-ਭਾਲ਼ੀਆਂ ਸ਼ਰਾਰਤਾਂ ਅਤੇ ਪੜ੍ਹਨ ਵਿੱਚ ਉਸਦੀ ਵਿਸ਼ੇਸ਼ ਦਿਲਚਸਪੀ ਦੀ ਸਮਝ ਲੱਗਦੀ ਜਾਂਦੀ ਹੈ। ਉਹ ਮਿਹਨਤ ਦਾ ਪੱਲਾ ਫੜ੍ਹੀ ਰੱਖਣ ਦੀ ਜੁਗਤੀ ਦਾ ਗੁਣ ਧਾਰਨ ਕਰਦਾ ਚਲਾ ਜਾਂਦਾ ਹੈ। ਇਹੀ ਗੁਣ ਉਸਦੇ ਵਿਅਕਤੀਤਵ ਦੀ ਉਸਾਰੀ ਕਰਨ ਵਿੱਚ ਅਹਿਮ ਭੂਮਿਕਾ ਅਦਾ ਕਰਦਾ ਨਜ਼ਰ ਆਉਂਦਾ ਹੈ।
ਦੇਸ਼ ਦੀ ਵੰਡ ਵੇਲੇ ਉਧਰੋਂ ਉੱਜੜ ਕੇ ਆਏ ਤੇ ਜਾਨ ਜ਼ੋਖਮ ਵਿੱਚ ਪਾ ਕੇ, ਔਖੇ ਸੌਖੇ, ਕਿਸੇ ਹੀਲੇ ਵਸੀਲੇ ਇਧਰ ਪਹੁੰਚ ਗਏ ਲੋਕਾਂ ਲਈ ਨਵੇਂ ਸਿਰਿਓਂ ਜੀਵਨ ਪ੍ਰਾਰੰਭ ਕਰਨਾ ਬਹੁਤ ਕਠਿਨ ਇਮਤਿਹਾਨ ਵਿੱਚੋਂ ਗੁਜ਼ਰਨ ਬਰਾਬਰ ਸੀ। ਰਹਿਣ ਲਈ ਘਰ ਦੀ ਸਮੱਸਿਆ, ਰੋਟੀ ਰੋਜ਼ੀ ਦਾ ਪ੍ਰਬੰਧ ਕਰਨ ਲਈ ਕੋਈ ਕੰਮ ਲੱਭਣ ਦਾ ਸਵਾਲ ਬਹੁਤ ਡੂੰਘੀ ਚਿੰਤਾ ਵਿੱਚ ਡੁਬੋ ਦੇਣ ਵਾਲੇ ਪ੍ਰਸ਼ਨ ਸਨ।
ਮਨੁੱਖ ਜਿਥੇ ਵੀ,ਜਿਸ ਹਾਲਤ ਵਿੱਚ ਵੀ ਰਹਿ ਰਿਹਾ ਹੁੰਦਾ ਹੈ, ਜੇ ਉਸਨੇ ਨੌਕਰੀ ਕਰਨੀ ਹੈ ਤਾਂ ਦੂਰ ਪਾਰ ਦੀਆਂ ਥਾਵਾਂ ‘ਤੇ ਜਾ ਕੇ ਨੌਕਰੀ ਕਰਨ,ਖੱਜਲ-ਖੁਆਰ ਹੋਣ ਦੇ ਨਾਲ ਨਾਲ ਕਈ ਕਠੋਰ ਤੇ ਕੌੜੇ-ਕੁਸੈਲੇ ਅਨੁਭਵ ਉਸਨੂੰ ਹੰਢਾਉਣੇ ਪੈਂਦੇ ਹਨ। ਕਿਰਾਏ ਦੇ ਮਕਾਨਾਂ ਵਿੱਚ ਰਹਿਣਾ ਪੈਂਦਾ ਹੈ, ਤੰਗੀਆਂ ਤੁਰਸ਼ੀਆਂ ਵਿੱਚੋਂ ਗੁਜ਼ਰਨਾ ਪੈਂਦਾ ਹੈ। ਅਜਿਹੇ ਤਜਰਬੇ ਵੀ ਜ਼ਿੰਦਗੀ ਨੂੰ ਸਿਦਕਦਿਲੀ ਨਾਲ ਜੀਉਣਾ ਸਿਖਾਉਂਦੇ ਹਨ। ਆਪਣੇ ਵਿਦਿਆਰਥੀ ਜੀਵਨ ਵਿੱਚ ਲੇਖਕ ਖੁਦ ਬਹੁਤ ਮਿਹਨਤੀ, ਜ਼ਾਬਤਾ-ਪਸੰਦ ਤੇ ਤੀਬਰ/ਤੀਖਣ ਬੁੱਧੀ ਵਾਲੇ ਵਿਦਿਆਰਥੀ ਵਜੋਂ ਆਪਣੀ ਵੱਖਰੀ ਪਛਾਣ ਰੱਖਦਾ ਰਿਹਾ ਹੈ। ਪੜ੍ਹਾਈ ਦੌਰਾਨ ਉਸਦੇ ਰਸਤੇ ਵਿੱਚ ਕਈ ਉਤਰਾਅ-ਚੜ੍ਹਾਅ ਵੀ ਆਉਂਦੇ ਰਹੇ ਪਰ ਆਪਣੀ ਧੁਨ ਵਿਚ ਮਸਤ ਹੋ ਕੇ ਚੱਲਦੇ ਰਹਿਣ ਦੀ ਜੀਵਨ-ਜਾਚ ਨੇ ਉਸਨੂੰ ਅਡੋਲਤਾ ਬਣਾਈ ਰੱਖਣ ਦਾ ਬਲ ਪ੍ਰਦਾਨ ਕੀਤਾ। ਪੜ੍ਹਾਈ ਕਰਨ ਅਤੇ ਕਠਿਨ ਮਿਹਨਤ ਕਰਨ ਦੇ ਵਰ੍ਹਿਆਂ ਦਾ ਸਿਲਸਿਲੇਵਾਰ ਬਿਰਤਾਂਤ ਪੇਸ਼ ਕਰਦਿਆਂ ਲੇਖਕ ਲਗਨ ਤੇ ਸਿਦਕਦਿਲੀ ਨਾਲ ਸਫਰ ਜਾਰੀ ਰੱਖਣ ਦੀ ਸਲਾਹ ਦਿੰਦਾ ਹੈ। ਆਪਣੇ ਬਚਪਨ ਦੇ ਦੋਸਤ ਗੱਟੂ ਨਾਲ ਦੋਸਤੀ, ਕਾਲਜ ਦੀ ਪੜ੍ਹਾਈ ਦੌਰਾਨ ਦੋਸਤੀ ਦੇ ਬੰਧਨ ਵਿੱਚ ਬੱਝੇ ਅਵਤਾਰ ਸੰਧੂ ਨਾਲ ਬਣੀ ਰਹੀ ਨੇੜਤਾ ਉਪਰ ਲੇਖਕ ਮਾਣ ਮਹਿਸੂਸ ਕਰਦਾ ਹੈ।
ਪੜ੍ਹਾਈ ਕਰਨ ਉਪਰੰਤ  ਮੁੱਢਲੀ ਲੋੜ ਨੌਕਰੀ ਹਾਸਲ ਕਰਨ ਦੀ ਹੁੰਦੀ ਹੈ। ਲੇਖਕ ਅਧਿਆਪਨ ਦਾ ਕਿੱਤਾ ਚੁਣਦਾ ਹੈ ਤੇ ਮਿਹਨਤ ਜਾਰੀ ਰੱਖਦਾ ਹੈ। ਜ਼ਿੰਦਗੀ ਦੀਆਂ ਦੁਸ਼ਵਾਰੀਆਂ ਤੇ ਕਠੋਰ ਪਰਿਸਥਿਤੀਆਂ ਸੰਗ ਬੜੀ ਸਹਿਜਤਾ ਤੇ ਠਰ੍ਹੰਮੇ ਨਾਲ ਨਜਿੱਠਣਾ ਉਸਦੀ ਲਾਸਾਨੀ ਤੇ ਸੰਤੁਲਿਤ ਸ਼ਖ਼ਸੀਅਤ ਦਾ ਅਤੁੱਟ ਹਿੱਸਾ ਬਣਕੇ ਪ੍ਰਗਟ ਹੋਣ ਵਾਲਾ ਅਦਭੁੱਤ ਪਹਿਲੂ ਬਣਦਾ ਹੈ। ਜੀਵਨ ਵਿੱਚ ਆਉਂਦੀਆਂ ਦਿੱਕਤਾਂ/ਰੁਕਾਵਟਾਂ ਆਦਿ ਬਾਰੇ ਲੇਖਕ ਨਿਝਕ ਹੋ ਕੇ ਗੱਲ ਕਰਦਾ ਹੈ। ਕਈ ਘਟਨਾਵਾਂ ਨਾਲ ਜੁੜੇ ਅੰਦਰਲੇ ਰਹੱਸ ਨੂੰ ਲੇਖਕ ਕੇਵਲ ਸੰਕੇਤਾਂ ਰਾਹੀਂ ਹੀ ਪਾਠਕਾਂ ਨਾਲ ਸਾਂਝਿਆਂ ਕਰਦਾ ਹੈ। ਇਸਨੂੰ ਉਸਦੀ ਸਿਰਜਣ ਸਮਰੱਥਾ ਦਾ ਕਮਾਲ ਸਮਝਣਾ ਚਾਹੀਦਾ ਹੈ।
ਡਾ.ਮਨਮੋਹਨ ਸਿੰਘ ਤੀਰ ਆਪਣੀ ਸੁਹਜ ਭੁੱਖ ਦੀ ਤ੍ਰਿਪਤੀ ਲਈ ਕੁਝ ਨਵਾਂ ਲਿਖਦੇ ਰਹਿਣ ਦੇ ਕਾਰਜ ਨਾਲ ਜੁੜਿਆ ਰਹਿੰਦਾ ਹੈ। ਇੰਜ, ਇਹ ਸਵੈ-ਜੀਵਨੀ ਲੇਖਕ ਦੀ ਬਹੁ-ਪਰਤੀ ਸ਼ਖ਼ਸੀਅਤ ਦੇ ਸਮੁੱਚ ਨੂੰ ਬਿਆਨਦੀ ਹੈ। ਲੇਖਕ ਦਾ ਜੀਵਨ-ਪੰਧ ਨਿੱਜ ਤੋਂ ਨਿੱਜ ਤੱਕ ਸੀਮਤ ਨਹੀਂ ਰਹਿੰਦਾ ਸਗੋਂ ਉਹ ਆਪਣੇ ਘਰ-ਪਰਿਵਾਰ,ਵਿਭਿੰਨ ਪੜਾਵਾਂ ਦੇ ਜਮਾਤੀਆਂ, ਆਪਣੇ ਤੋਂ ਸੀਨੀਅਰ ਵਿਦਿਆਰਥੀਆਂ,ਅਧਿਆਪਕਾਂ, ਸੰਗੀਆਂ-ਸਾਥੀਆਂ, ਸਹਿਕਰਮੀਆਂ, ਸਹਿਯੋਗੀਆਂ, ਲੇਖਕ ਦੋਸਤਾਂ, ਜਿਗਰੀ ਦੋਸਤਾਂ ਆਦਿ ਬਾਰੇ ਦਿਲਚਸਪ ਜਾਣਕਾਰੀ ਦਿੰਦਾ ਜਾਂਦਾ ਹੈ। ਉਸਦੀ ਖੂਬੀ ਇਹ ਹੈ ਕਿ ਉਹ ਵਾਧੂ, ਬੋਝਲ ਤੇ ਬੇਲੋੜੇ ਬਿਰਤਾਂਤ ਨੂੰ ਰਚਨਾ ਵਿਚ ਘੁਸੇੜਨ ਤੋਂ ਸੰਕੋਚ ਕਰਦਾ ਹੈ। ਪ੍ਰਮੁੱਖ ਘਟਨਾਵਾਂ ਨੂੰ, ਉਨ੍ਹਾਂ ਪਿੱਛੇ ਕੰਮ ਕਰਦੇ ਰਹੇ ਕਾਰਨਾਂ/ਪ੍ਰੇਰਕਾਂ ਨੂੰ ਅਤੇ ਜੀਵਨ ਉਪਰ ਪਏ ਉਨ੍ਹਾਂ ਦੇ ਦੂਰ-ਰਸੀ ਪ੍ਰਭਾਵਾਂ ਆਦਿ ਬਾਰੇ ਲੇਖਕ ਯਥਾਰਥ ਦੀ ਪੱਧਰ ਉਪਰ ਅਰਥ ਭਰਪੂਰ ਖੁਲਾਸਾ ਕਰਦਾ ਜਾਂਦਾ ਹੈ। ਸੁਹਿਰਦ ਦੋਸਤਾਂ ਦੀ ਦੋਸਤੀ ਤੋਂ ਉਸਨੇ ਬਹੁਤ ਕੁਝ ਸਿੱਖਿਆ ਹੈ। ਜ਼ਿੰਦਗੀ ਦੇ ਵਿਆਪਕ ਪੱਧਰ ਵਾਲੇ ਵੇਰਵਿਆਂ ਵਿੱਚੋਂ ਕਾਂਟ-ਛਾਂਟ ਕਰਕੇ ਉਨ੍ਹਾਂ ਨੂੰ ਵਿਸ਼ਲੇਸ਼ਣਾਤਮਿਕ ਦ੍ਰਿਸ਼ਟੀ ਤੋਂ ਪੇਸ਼ ਕਰਨਾ ਲੇਖਕ ਦੀ ਵੱਡੀ ਪ੍ਰਾਪਤੀ ਬਣਨ ਵਾਲਾ ਪਹਿਲੂ ਬਣਦਾ ਹੈ। ਡਾ. ਮਨਮੋਹਨ ਸਿੰਘ ਤੀਰ ਆਪਣੀ ਸਕੂਲ ਦੀ ਨੌਕਰੀ ਤੋਂ ਸਰਕਾਰੀ ਕਾਲਜ ਦਾ ਅਧਿਆਪਕ ਬਣਨ ਤੱਕ ਦੇ ਔਖੇ ਸਫ਼ਰ ਦੇ ਬਿਰਤਾਂਤ ਦੀ ਪੇਸ਼ਕਾਰੀ ਸਮੇਂ ਉਤਸੁਕਤਾ ਬਣਾਈ ਰੱਖਣ ਵਿੱਚ ਸਫਲ ਰਹਿੰਦਾ ਹੈ। ਇਸ ਸਫ਼ਰ ਪਿੱਛੇ ਛੁਪੇ ਅਕੀਦੇ ਤੇ ਮਿਹਨਤ ਦੀ ਲਗਾਤਾਰਤਾ ਦੇ ਮੰਤਰ ਨੂੰ ਸਮਝਣ ਦੀ ਲੋੜ ਹੈ। ਸਵੈ-ਜੀਵਨੀ ਦੇ ਰੂਪ ਵਿੱਚ ਸਾਹਮਣੇ ਆਉਂਦੀ ਇਸ ਰਚਨਾ ਅਤੇ ਪਾਠਕ ਦਰਮਿਆਨ ਸੂਝ-ਬੂਝ ਦਾ ਰਿਸ਼ਤਾ ਬਣਿਆ ਰਹਿੰਦਾ ਹੈ। ਇਹ ਚਿਰ-ਪ੍ਰਭਾਵੀ ਰਚਨਾ ਇਕ-ਦੂਜੇ ਨੂੰ ਸਮਝਣ/ਕਦਰ ਕਰਨ, ਜੀਵਨ ਵਿਚ ਉਮੰਗਾਂ ਦੇ ਰੰਗ ਭਰਨ, ਭਵਿੱਖੀ ਹੁਲਾਸ ਦੀ ਆਸ ਵਿਚ ਮੁਗਧ ਹੋ ਕੇ ਨਿੱਠ ਕੇ ਕੰਮ ਕਰਨ ਅਤੇ ਹਮੇਸ਼ਾ ਸਾਕਾਰਾਤਮਿਕ ਪਹੁੰਚ ਅਪਣਾਈ ਰੱਖਣ ਦਾ ਸੁਨੇਹਾ ਦਿੰਦੀ ਹੈ। ਜੀਵਨ ਵਿਚ ਮਨੁੱਖ ਦੀ ਪਸੰਦ, ਨਾ-ਪਸੰਦ ਦਾ ਬਹੁਤ ਮਹੱਤਵ ਹੁੰਦਾ ਹੈ। ਜ਼ਿੰਦਗੀ ਪ੍ਰਤੀ ਉਸਦੇ ਹਾਂ-ਪੱਖੀ  ਹੁੰਗਾਰੇ ਨੇ ਹਮੇਸ਼ਾ ਉਸਦਾ ਮਾਰਗ ਦਰਸ਼ਨ ਕੀਤਾ ਹੈ ਤੇ ਉਸਨੂੰ ਸਹੀ ਰਸਤਾ ਸੁਝਾਇਆ ਹੈ।
ਲੇਖਕ ਦੀ ਜ਼ਿੰਦਗੀ ਦੇ ਸਫ਼ਰ ਦੇ ਮੁੱਢਲੇ ਸਾਲਾਂ ਵਿੱਚ ਜਦੋਂ ਉਸਦੇ ਮਾਪਿਆਂ ਨੂੰ ਰੋਟੀ ਰੋਜ਼ੀ ਦਾ ਪ੍ਰਬੰਧ ਕਰਨ ਦੀ ਚਿੰਤਾ ਸਤਾਉਂਦੀ ਹੁੰਦੀ ਸੀ, ਰਹਿਣ ਲਈ ਛੱਤ ਲੱਭਣ ਦਾ ਫਿਕਰ ਬੋਝ ਬਣਿਆ ਰਹਿੰਦਾ ਸੀ, ਤਾਂ ਸਮਕਾਲ ਦੀਆਂ ਘਰ/ਜੀਵਨ ਹਾਲਤਾਂ ਦਾ ਅਨੁਮਾਨ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਫਿਰ ਸਮੇਂ ਦੇ ਫੇਰ ਬਦਲ ਨਾਲ ਜਦੋਂ ਲੇਖਕ ਸਾਧਨ-ਸੰਪੰਨ ਹੋ ਜਾਂਦਾ ਹੈ ਤਾਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਉਹ ਕੁੱਲੂ ਮਿਨਾਲੀ ਦੀਆਂ ਵਾਦੀਆਂ ਦੀ ਸੈਰ ਕਰਨ ਜਾਂਦਾ ਹੈ। ਜ਼ਿੰਦਗੀ ਨੂੰ ਮਾਣਦਾ ਹੈ। ਇਸ ਅੰਤਰਾਲ ਵਿੱਚੋਂ ਜੀਵਨ ਦੇ ਵਿਕਾਸ ਦੀ ਰੇਖਾ ਨਜ਼ਰ ਆਉਂਦੀ ਹੈ। ਇਸ ਪਿੱਛੇ  ਕੰਮ ਕਰਦੀ ਲਗਨ, ਮਿਥੇ ਟੀਚੇ ਤੱਕ ਪਹੁੰਚਣ ਦੇ ਨਿਹਚੇ ਤੇ ਨਿਰੰਤਰ ਮਿਹਨਤ ਵੀ ਵੇਖੇ ਜਾਣ ਦੀ ਲੋੜ ਹੈ। ਜ਼ਿੰਦਗੀ ਦੇ ਇਸ ਰਹੱਸ ਨੂੰ ਸਮਝਣ ਦੀ ਲੋੜ ਹੈ।
ਪੁਸਤਕ ਵਿਚਲਾ ਪ੍ਰੇਰਣਾਦਾਇਕ ਪਹਿਲੂ ਇਹ ਵੀ ਹੈ ਕਿ ਜ਼ਿੰਦਗੀ ਵਿਚਲੀ ਸਹਿਜਤਾ ਚੰਗੀ ਲੱਗਦੀ ਹੈ। ਪਰ ਜ਼ਿੰਦਗੀ ਦੀ ਬੇਤਰਤੀਬੀ ਨੂੰ ਵੀ ਰੁਖ਼ ਸਿਰ ਰੱਖ ਕੇ ਵੇਖਿਆ ਜਾ ਸਕਦਾ ਹੈ। ਜ਼ਿੰਦਗੀ ਦੇ ਕਠਿਨ ਤੇ ਕਠੋਰ ਸਮਿਆਂ/ਪੜਾਵਾਂ ਵਿੱਚੋਂ ਵੀ ਔਕੜਾਂ ਦੇ ਹੱਲ ਲੱਭ ਕੇ ਸੇਧ ਪ੍ਰਾਪਤ ਕੀਤੀ ਜਾ ਸਕਦੀ ਹੈ। ਜ਼ਿੰਦਗੀ ਵਿੱਚ ਸੰਵੇਦਨਾ ਕਾਇਮ ਰਹਿਣੀ ਚਾਹੀਦੀ ਹੈ। ਲੇਖਕ ਇਸ ਸੰਵੇਦਨਾ ਨੂੰ ਬਣਾਈ ਰੱਖਣ ਦਾ ਅਭਿਲਾਸ਼ੀ ਹੈ। ਲੇਖਕ ਆਪਣੀਆਂ ਇਨ੍ਹਾਂ ਯਾਦਾਂ ਰਾਹੀਂ ਜ਼ਿੰਦਗੀ ਵਿੱਚ ਨਿਖਾਰ ਲਿਆਉਣ ਦੇ ਗੁਰ ਸਮਝਾਉਂਦਾ ਹੈ। ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਵਿੱਚੋਂ ਵੀ ਲੇਖਕ ਵੱਡੇ ਅਰਥਾਂ ਦੀ ਤਲਾਸ਼ ਕਰਨ ਦੇ ਯਤਨ ਵਿੱਚ ਰਹਿੰਦਾ ਹੈ। ਡਾ. ਮਨਮੋਹਨ ਸਿੰਘ ਤੀਰ ਦੀ ਇਸ ਪੁਸਤਕ ਨੂੰ ਮੈਂ ਸੁਪਨੇ ਤੋਂ ਹਕੀਕਤ/ਮਾਡਲ ਤੱਕ ਦੇ ਸਫ਼ਰ ਵਿਚਲੇ ਤਣਾਓ ਦਾ ਬਿਰਤਾਂਤ ਕਹਿ ਸਕਦਾ ਹਾਂ।
ਲੇਖਕ ਪਾਠਕ ਨੂੰ ਆਪਣੀ ਰੌਚਿਕਤਾ ਭਰਪੂਰ ਵਾਰਤਕ ਕਲਾ ਦੇ ਪ੍ਰਭਾਵ ਵਿਚ ਬੰਨ੍ਹੀ ਰੱਖਦਾ ਹੈ। ਬਹੁਤ ਥਾਈਂ ਇਸ ਸਵੈ-ਜੀਵਨੀ ਵਿਚ ਲੇਖਕ ਕਿਸੇ ਰੌਚਿਕ ਕਹਾਣੀ ਦੀ ਉਤਸੁਕਤਾ ਵਾਲਾ ਪ੍ਰਭਾਵ ਸਿਰਜਦਾ ਹੈ। ਗਤੀਸ਼ੀਲਤਾ ਤੇ ਕਲਾਤਮਿਕ ਸੰਜਮ ਇਸ ਰਚਨਾ ਦੀ ਪ੍ਰਾਪਤੀ ਬਣਦੇ ਹਨ। ਬਹੁਤੀਆਂ ਗੱਲਾਂ ਨੂੰ ਲੇਖਕ ਸੂਤਰਕ ਸ਼ੈਲੀ ਵਿਚ ਕਲਮਬੱਧ ਕਰਦਾ ਹੈ। ਪ੍ਰਬਲ ਭਾਵਾਂ ਨੂੰ ਲੇਖਕ ਆਪਣੀ ਕਥਨ-ਕਲਾ ਦੀ ਰਚਨਾਤਮਿਕ ਸੂਝ ਨਾਲ ਪੇਸ਼ ਕਰਦਾ ਹੈ। ਲੇਖਕ ਦੀ ਸੰਰਚਨਾਤਮਿਕ ਯੋਗਤਾ ਇਸ ਸਵੈ-ਜੀਵਨੀ ਨੂੰ ਕਲਾਤਮਿਕ ਰੰਗਾਂ ਨਾਲ ਸ਼ਿੰਗਾਰਨ ਵਿਚ ਸਹਾਈ ਹੁੰਦੀ ਹੈ। ਨਿਸਚੇ ਹੀ, ਡਾ.ਮਨਮੋਹਨ ਸਿੰਘ ਤੀਰ ਦੀ ਇਹ ਸਵੈ-ਜੀਵਨੀ ਪਾਠਕ ਦੇ ਮਨ ‘ਤੇ ਸਥਾਈ ਪ੍ਰਭਾਵ ਪਾਉਣ ਦੇ ਸਮਰੱਥ ਹੈ। ਇਸ ਪੜ੍ਹਨਯੋਗ ਪੁਸਤਕ ਦਾ ਸਵਾਗਤ ਕਰਦਿਆਂ ਮੈਂ ਅਪਾਰ ਖੁਸ਼ੀ ਮਹਿਸੂਸ ਕਰ ਰਿਹਾ ਹਾਂ।

 ਲੇਖਕ   : ਡਾ.ਮਨਮੋਹਨ ਸਿੰਘ ਤੀਰ
 ਪ੍ਰਕਾਸ਼ਕ : ਯੂਨੀਸਟਾਰ ਬੁੱਕਸ, ਮੋਹਾਲੀ-ਚੰਡੀਗੜ੍ਹ
 ਪੰਨੇ   :  156 ,     ਮੁੱਲ : 295 ਰੁਪਏ.

                          

ਰੀਵਿਊਕਰਤਾ : ਡਾ.ਪ੍ਰਿਤਪਾਲ ਸਿੰਘ ਮਹਿਰੋਕ,  98885-10185

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

 

Previous articleਲੋਹਟ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ 21 ਜੂਨ ਨੂੰ ਛੋਕਰਾਂ ਵਿਖੇ
Next articleएनडीए सरकार में हिन्दू राष्ट्रवाद की दिशा