ਦੋਸਤੀ

ਰਾਜਿੰਦਰ ਰਾਣੀ

(ਸਮਾਜ ਵੀਕਲੀ)

ਹਰ ਰਿਸ਼ਤੇ ਵਿੱਚ ਚਾਹੇ ਮਾਂ-ਧੀ, ਪਿਉ-ਪੁੱਤ, ਪਤੀ-ਪਤਨੀ ਦਾ ਰਿਸ਼ਤਾ ਜਾਂ ਕੋਈ ਹੋਰ ਹੋਵੇ ਰਿਸ਼ਤਿਆਂ ਵਿੱਚ ਦੋਸਤੀ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਜਿੱਥੇ ਦੋਸਤੀ ਹੈ ਉਥੇ ਪਿਆਰ ਹੈ। ਇਕੱਲਾ ਰਿਸ਼ਤਾ ਹੈ ਤਾਂ ਸਿਰਫ ਮਤਲਬ ਹੈ। ਦੋਸਤੀ ਭਾਵੇਂ ਛੋਟੇ ਨਾਲ ਹੋਵੇ ਭਾਵੇਂ ਵੱਡੇ ਨਾਲ ਇਸ ਤੇਜ਼ ਰਫਤਾਰ ਜ਼ਿੰਦਗੀ ਵਿੱਚ ਵੀ ਪਿਆਰ ਦਾ ਅੁਨਭਵ ਹੁੰਦਾ ਹੈ। ਜਿਸ ਦਾ ਨਾਂ ਇਸ ਦੁਨੀਆਂ ਵਿੱਚੋਂ ਅਲੋਪ ਹੁੰਦਾ ਜਾ ਰਿਹਾ ਹੈ। ਸਾਡੇ ਰਿਸ਼ਤੇਦਾਰ ਦੋਸਤੀ ਨੂੰ ਪਰਾਇਆ ਹੀ ਸਮਝਦੇ ਹਨ ਤੇ ਰਿਸ਼ਤੇਦਾਰੀ ਨੂੰ ਆਪਣਾ।

ਇਹ ਬੇਸ਼ਕ ਕਿਸੇ ਹੱਦ ਤੱਕ ਠੀਕ ਹੈ ਕਿ ਰਿਸ਼ਤੇ ਖੂਨ ਦੇ ਹੁੰਦੇ ਹਨ, ਪਰ ਅੱਜ ਦੇ ਯੁੱਗ ਵਿੱਚ ਖੂਨ ਦੇ ਰੰਗ ਨਾਲੋਂ ਦੋਸਤੀ ਦਾ ਰੰਗ ਜ਼ਿਆਦਾ ਗੂੜ੍ਹਾ ਹੈ। ਇਹ ਜ਼ਰੂਰ ਹੈ ਕਿ ਕੁਝ ਰਿਸ਼ਤੇ ਜਿਹੜੇ ਸਾਨੂੰ ਵਿਰਾਸਤ ਵਿੱਚ ਮਿਲਦੇ ਹਨ ਨਿਭਾਉਣੇ ਪੈਂਦੇ ਹਨ ਤੇ ਨਿਭਾਉਣੇ ਚਾਹੀਦੇ ਹਨ। ਇਨ੍ਹਾਂ ਰਿਸ਼ਤਿਆਂ ਵਿੱਚ ਸਾਨੂੰ ਮਾੜੇ ਚੰਗੇ ਨਾਲ ਵੀ ਵਰਤਣਾ ਪੈਂਦਾ ਹੈ। ਬਹੁਤ ਵਾਰ ਤਾਂ ਸੁਭਾਅ ਆਦਤਾਂ ਤੇ ਵਿਚਾਰ ਹੀ ਨਹੀਂ ਮਿਲਦੇ, ਜਦਕਿ ਸਹੀ ਰਿਸ਼ਤੇ ਉਹੀ ਹਨ ਜਿੱਥੇ ਤੁਹਾਡੀ ਆਪਸੀ ਵਿਚਾਰਾਂ ਦੀ ਸਾਂਝ ਬਣਦੀ ਹੈ। ਇਸੇ ਦਾ ਨਾਂ ਦੋਸਤੀ ਹੈ। ਕੁਝ ਕੁ ਰਿਸ਼ਤੇ ਬਹੁਤ ਨੇੜੇ ਹੋਣ ਦੇ ਬਾਵਜੂਦ ਵੀ ਦੂਰੀਆਂ ਬਣੀਆਂ ਰਹਿੰਦੀਆਂ ਹਨ। ਜੇ ਤੁਹਾਡੇ ਕੋਲ ਇਕ ਵੀ ਚੰਗਾ ਦੋਸਤ ਹੈ ਤਾਂ ਤੁਸੀਂ ਭਾਗਸ਼ਾਲੀ ਹੋ।

ਕੁਝ ਰਿਸ਼ਤੇ ਜ਼ਿੰਦਗੀ ਵਿੱਚ ਇਹੋ ਜਿਹੇ ਵੀ ਬਣਦੇ ਹਨ ਜਿਨ੍ਹਾਂ ਨੂੰ ਅਸੀਂ ਕੋਈ ਨਾਂ ਨਹੀਂ ਦੇ ਸਕਦੇ, ਪਰ ਉਨ੍ਹਾਂ ਵਿੱਚ ਅਪਣੱਤ, ਹਮਦਰਦੀ, ਖੁਸ਼ੀ, ਗ਼ਮੀ ਦਾ ਅਹਿਸਾਸ, ਦੁੱਖ ਸੁੱਖ ਦੀ ਸਾਂਝ, ਇਕ-ਦੂਜੇ ਦੇ ਅਥਾਹ ਰਾਜ਼ਦਾਰ, ਵਿਸ਼ਵਾਸ ਪਾਤਰ ਹੁੰਦੇ ਹਨ, ਜਿਨ੍ਹਾਂ ਵਿੱਚ ਕਿਸੇ ਵੀ ਕਿਸਮ ਦਾ ਕੋਈ ਲਾਲਚ, ਕੋਈ ਸਵਾਰਥ ਨਹੀਂ ਹੁੰਦਾ, ਜਿਨ੍ਹਾਂ ਕੋਲ ਇਹੋ-ਜਿਹੇ ਗੁਣਾਂ ਭਰਪੂਰ ਦੋਸਤ ਮਿੱਤਰ ਹਨ, ਉਹ ਰੂਹਾਂ ਖੁਸ਼ ਕਿਸਮਤ ਹਨ। ਮੈਨੂੰ ਜ਼ਿੰਦਗੀ ਵਿੱਚ ਇਹੋ-ਜਿਹੇ ਦੋਸਤ ਮਿੱਤਰ ਦਿੱਤੇ ਹਨ ਜਿਨ੍ਹਾਂ ’ਤੇ ਜਿੰਨਾ ਵੀ ਮਾਣ ਕੀਤਾ ਜਾਵੇ ਥੋੜ੍ਹਾ ਹੈ। ਦੋਸਤੀ ਦੇ ਰਿਸ਼ਤਿਆਂ ਵਿੱਚ ਅਪਣੱਤ ਨੇੜਤਾ ਜ਼ਿਆਦਾ ਹੁੰਦੀ ਹੈ।

ਮੁੱਕਦੀ ਗੱਲ ਇਹ ਹੈ ਕਿ ਅਸੀਂ ਚੰਗੇ ਵਿਚਾਰਾਂ ਦੇ ਮਾਲਕ ਲੋਕਾਂ ਨਾਲ ਦੋਸਤੀ ਪਾਈਏ। ਚੰਗੇ ਇਨਸਾਨਾਂ ਦੀ ਸੰਗਤ ਕਰੀਏ, ਚੰਗੀਆਂ ਪੁਸਤਕਾਂ ਪੜ੍ਹੀਏ ਤੇ ਕੁਦਰਤ ਨੂੰ ਪਿਆਰ ਕਰੀਏ ਤਾਂ ਸਾਡੀ ਸੋਚ ਵਿਸ਼ਾਲ ਹੋ ਜਾਵੇਗੀ।

ਰਾਜਿੰਦਰ ਰਾਣੀ

ਪਿੰਡ ਗੰਢੂਆਂ ਜ਼ਿਲ੍ਹਾ ਸੰਗਰੂਰ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਦ ਹੁੰਦੇ ਸਨ ‘ਟੋਕਨ’ ਲੱਗੇ ‘ਸਾਈਕਲ’ ਟਾਵੇਂ-ਟਾਵੇਂ !
Next articleਘੁੱਗੀ ਆਈ