(ਸਮਾਜ ਵੀਕਲੀ)
ਨਵੇਂ ਜ਼ਮਾਨੇ ਦੀ ਹਵਾ ਤੁਰੀ ਅੰਧੇਰੀਆਂ ਰਾਹਵਾਂ ਨੂੰ।
ਭਾਈ ਜੋਂ ਬਾਂਹ ਅਖਵਾਉਂਦੇ,
ਉਹੀ ਭੰਨਣ ਬਾਹਵਾਂ ਨੂੰ।
ਬੁੱਢੇ ਮਾਪਿਆਂ ਦੀ ਵਹਿੰਗੀ ਨਾ ਕੋਈ ਸਰਵਣ ਚੁੱਕਦਾ ਹੈ,
ਹੁਣ ਨਫ਼ਰਤ ਹੁੰਦੀ ਬਾਪੂ ਨੂੰ ਤੇ ਗਾਲਾਂ ਮੂੰਹ ਤੇ ਮਾਵਾਂ ਨੂੰ।
ਲਾਲਚ ਦੇ ਫ਼ਨੀਅਰ ਕਾਲੇ
ਬੁੱਕਲਾਂ ਵਿੱਚ ਪਲ ਰਹੇ,
ਆਪਣੀ ਖੁਸ਼ੀ ਦੀ ਖਾਤਰ ਕਤਲ ਕਰਨ ਦੂਜੇ ਦੇ ਚਾਵਾਂ ਨੂੰ।
ਕੋਇਲਾਂ ਦੀ ਮਿੱਠੀ ਕੂ ਕੂ ਨੂੰ ਮਾਇਆ ਜ਼ਿੰਦਰੇ ਮਾਰ ਲਏ
ਖੁੱਲ੍ਹੀ ਛੁੱਟੀ ਕਰ ਦਿੱਤੀ
ਕੰਨ ਖਾਣ ਲਈ ਕਾਵਾਂ ਨੂੰ।
ਅੱਜ ਪਾਖੰਡੀ ਬਾਬਿਆਂ ਨੇ
ਥਾਂ ਥਾਂ ਡੇਰੇ ਮੱਲ ਲਏ
ਭੋਲੇ ਭਾਲੇ ਲੋਕਾਂ ਤੋਂ ਲੈਕੇ
ਕਈ ਕਈ ਏਕੜ ਥਾਵਾਂ ਨੂੰ।
ਇੱਕ ਦੂਜੇ ਨੂੰ ਚਿਤ ਕਰਨ ਲਈ ਕਲਾਬਾਜ਼ੀਆਂ ਖੇਡ ਰਹੇ,
ਰਾਈ ਦਾ ਪਹਾੜ ਬਣਾਉਂਦੇ,
ਗੰਢਾਂ ਦੇਣ ਹਵਾਵਾਂ ਨੂੰ।
ਪ੍ਰਦੂਸ਼ਣ ਜੋ ਚਾਰੇ ਪਾਸੇ,
ਫੈਲਿਆ ਭ੍ਰਿਸ਼ਟਾਚਾਰੀ ਦਾ,
ਸਿਆਸਤ ਵਿੱਚੋਂ ਸਿੱਖ ਚਲਾਉਂਦੇ, ਆਪਣੇ ਆਪਣੇ ਦਾਵਾਂ ਨੂੰ।
ਇੱਕੋ ਧਾਗੇ ਵਿੱਚ ਪਰੋਏ,
ਮਣਕੇ ਮਾਲਾ ਦੇ ਬਣੀਏ,
ਆਓ ਸਮਾਜ਼ ‘ਚੋਂ ਭਜਾਈਏ
ਇਨ੍ਹਾਂ ਚੰਦਰੀਆਂ ਬੁਲਾਵਾਂ ਨੂੰ।
( ਪ੍ਰਸ਼ੋਤਮ ਪੱਤੋ, ਮੋਗਾ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly