(ਸਮਾਜ ਵੀਕਲੀ)
“ਨਾ ਮੱਖਣ ਸਿੰਘ ! ਮੈਨੂੰ ਤੇਰੀ ਇਹ ਗੱਲ ਬਿਲਕੁਲ ਵੀ ਮਨਜ਼ੂਰ ਨਹੀਂ । ਮੈਂ ਧੀਆਂ ਨੂੰ ਜ਼ਿਆਦਾ ਆਜ਼ਾਦੀ ਦੇਣ ਦੇ ਹੱਕ ਵਿੱਚ ਨਹੀਂ । ਤੈਨੂੰ ਯਾਦ ਈ ਹੋਣਾ ਤਜਿੰਦਰ ਤੇ ਭਲੇ ਨੇ ਵੀ ਆਪਣੀਆਂ ਧੀਆਂ ਨੂੰ ਸ਼ਹਿਰ ਪੜ੍ਹਨ ਲਈ ਭੇਜਿਆ ਸੀ ਪਰ ਉਨ੍ਹਾਂ ਦੀਆ ਕਰਤੂਤਾਂ ਨੇ ਪੂਰਾ ਪਿੰਡ ਹੀ ਬਦਨਾਮ ਕਰ ਛੱਡਿਆ ਸੀ ।”
“ਪਰ ਗੁਰਮੇਲ ਸਿੰਘ , ਕੁਝ ਸੋਚ ਤੇਰੀ ਧੀ ਦੀਪ ਪੂਰੇ ਜ਼ਿਲ੍ਹੇ ਵਿਚੋਂ ਪਹਿਲੇ ਨੰਬਰ ਤੇ ਆਈ ਹੈ। ਮੇਰੀ ਧੀ ਪੰਮੀ ਤਾਂ ਦੂਜੇ ਨੰਬਰ ਤੇ ਹੈ ।”
“ਨਈਂ ਮੱਖਣ ਸਿੰਘ ,ਬਸ ਮੈਂ ਜੋ ਕਹਿ ਦਿੱਤਾ ਕਹਿ ਦਿੱਤਾ । ਮੈਂ ਤਾਂ ਹੋਰ ਦੋ ਸਾਲਾਂ ਨੂੰ ਧੀ ਦੇ ਹੱਥ ਪੀਲੇ ਕਰ ਦੇਣੇ ਨੇ । ਤੂੰ ਵੀ ਧੀ ਨੂੰ ਬਹੁਤੀ ਆਜ਼ਾਦੀ ਦੇ ਕੇ ਮੂਰਖਤਾ ਨਾ ਕਰ । ਤੇ ਮੇਰੀ ਹੀ ਗੱਲ ਮੰਨ ਲੈ , ਚੰਗਾ ਰਹੇਂਗਾ ।”
ਗੁਰਮੇਲ ਸਿੰਘ ਨੂੰ ਆਪਣੀ ਜ਼ਿੱਦ ਤੇ ਅੜਿਆ ਦੇਖ ਮੱਖਣ ਸਿੰਘ ਚੁੱਪਚਾਪ ਉੱਥੋਂ ਉੱਠ ਕੇ ਆ ਗਿਆ । ਉਸ ਨੇ ਪੰਮੀ ਨੂੰ ਸਾਈਕਲ ਲੈ
ਦਿੱਤਾ । ਉਹ ਹਾਈ ਸਕੂਲ ਵਿੱਚ ਪੜ੍ਹਨ ਲੱਗ ਗਈ । ਸਕੂਲ ਦੀ ਪੜ੍ਹਾਈ ਪੂਰੀ ਕਰਕੇ ਪੰਮੀ ਕਾਲਜ ਦੀ ਪੜ੍ਹਾਈ ਕਰਨ ਲੱਗੀ । ਦੀਪ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਆਪਣੇ ਘਰਦਿਆਂ ਦੀ ਮਰਜ਼ੀ ਅਨੁਸਾਰ ਨਾਲ ਦੇ ਪਿੰਡ ਵਿਆਹ ਕਰਵਾਉਣਾ ਪਿਆ । ਵਕਤ ਗੁਜ਼ਰਦਾ ਗਿਆ।
ਪੰਮੀ ਨੂੰ ਹੁਣ ਮੱਖਣ ਸਿੰਘ ਨੇ ਉੱਚ ਪੜ੍ਹਾਈ ਲਈ ਚੰਡੀਗੜ੍ਹ ਭੇਜ ਦਿੱਤਾ । ਜਦੋਂ ਗੁਰਮੇਲ ਸਿੰਘ ਨੂੰ ਪਤਾ ਲੱਗਾ ਤਾਂ ਉਹ ਮੱਖਣ ਸਿੰਘ ਨੂੰ ਕਹਿਣ ਲੱਗਾ ,”ਯਾਰ ਆ ਤੂੰ ਕੁੜੀ ਨੂੰ ਘਰ ਤੋਂ ਇੰਨੀ ਦੂਰ ਭੇਜ ਕੇ ਬਹੁਤ ਵੱਡੀ ਗਲਤੀ ਕੀਤੀ ਆ । ਦੇਖੀ ਉਸ ਨੂੰ ਦਿੱਤੀ ਇੰਨੀ ਆਜ਼ਾਦੀ ਤੈਨੂੰ ਇੱਕ ਦਿਨ ਬਹੁਤ ਮਹਿੰਗੀ ਪਵੇਗੀ ।” ਮੱਖਣ ਸਿੰਘ ਉਸ ਦੀ ਗੱਲ ਸੁਣ ਚੁੱਪ ਰਿਹਾ । ਵਕਤ ਗੁਜ਼ਰਦਿਆਂ ਦੇਰ ਨਾ ਲੱਗੀ ।
ਗੁਰਮੇਲ ਸਿੰਘ ਅੱਜ ਬਿਸਤਰ ਤੇ ਬਹੁਤ ਹੀ ਉਦਾਸ ਲੰਮਾ ਪਿਆ ਹੋਇਆ ਸੀ। ਉਸ ਨੇ ਆਪਣੀ ਪਤਨੀ ਤੇ ਦੀਪ ਦੀਆਂ ਫੋਨ ਤੇ ਹੁੰਦੀਆਂ ਗੱਲਾਂ ਜੋ ਸੁਣ ਲਈਆਂ ਸਨ । ਉਸ ਦੀ ਦੀਪ ਫੋਨ ਤੇ ਰੋ- ਰੋ ਮਾਂ ਨਾਲ ਗੱਲਾਂ ਕਰ ਰਹੀ ਸੀ ਕਿ ਉਸ ਦੀ ਵੀ ਕੋਈ ਜ਼ਿੰਦਗੀ ਹੈ । ਗੋਹਾ ਕੂੜਾ ਕਰਦੀ ਉਹ ਡੰਗਰਾਂ ਨਾਲ ਡੰਗਰ ਹੋਈ ਪਈ ਹੈ ।
ਇੰਨੇ ਨੂੰ ਢੋਲ ਦੀ ਆਵਾਜ਼ ਸੁਣਦੇ ਹੀ ਗੁਰਮੇਲ ਇਕਦਮ ਉੱਠ ਕੇ ਬਾਹਰ ਨੂੰ ਨਿਕਲ ਗਿਆ। ਉਸ ਨੇ ਦੇਖਿਆ ਕਿ ਮੱਖਣ ਦੇ ਬੂਹੇ ਅੱਗੇ ਬਹੁਤ ਹੀ ਭੀੜ ਲੱਗੀ ਹੋਈ ਹੈ । ਉਸ ਨੇ ਜੋ ਦੇਖਿਆ, ਦੇਖ ਕੇ ਹੈਰਾਨ ਰਹਿ ਗਿਆ । ਸਾਰਾ ਪਿੰਡ ਮੱਖਣ ਦੇ ਘਰ ਦੇ ਅੰਦਰ -ਬਾਹਰ ਇਕੱਠਾ ਹੋਇਆ ਪਿਆ ਸੀ । ਉਸ ਨੇ ਦੇਖਿਆ ਕਿ ਪੰਮੀ ਦੇ ਗਲੇ ਵਿਚ ਬਹੁਤ ਸਾਰੇ ਹਾਰ ਪਾਏ ਹੋਏ ਸਨ । ਤੇ ਬਹੁਤ ਸਾਰੇ ਕੈਮਰਿਆਂ ਵਾਲੇ ਪਿਉ -ਧੀ ਦੀਆ ਜਲਦੀ -ਜਲਦੀ ਫੋਟੋਆਂ ਖਿੱਚ ਰਹੇ ਸਨ।
ਮੱਖਣ ਦੀ ਧੀ ਆਈ. ਏ. ਐੱਸ ਦੀ ਪ੍ਰੀਖਿਆ ਵਿਚੋਂ ਪੂਰੇ ਪੰਜਾਬ ਚੋਂ ਅੱਵਲ ਆਈ । ਅਖਬਾਰਾਂ ਵਾਲੇ ਉਸ ਦੀ ਇੰਟਰਵਿਊ ਲੈਣ ਲਈ ਇੱਕ -ਦੂਜੇ ਤੋਂ ਵਧ ਚੜ੍ਹ ਕੇ ਅੱਗੇ ਹੋ ਰਹੇ ਸਨ ।
ਇਹ ਸਭ ਦੇਖ ਗੁਰਮੇਲ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ। ਤੇ ਉਸ ਦੇ ਮਨ ਵਿੱਚ ਬਹੁਤ ਹੀ ਜ਼ਿਆਦਾ ਜੱਦੋ ਜਹਿਦ ਚੱਲਣ ਲੱਗੀ।
ਉਸ ਨੇ ਮੱਖਣ ਸਿੰਘ ਨੂੰ ਘੁੱਟ ਕੇ ਗਲਵੱਕੜੀ ਵਿੱਚ ਲੈ ਲਿਆ ਤੇ ਮੁਬਾਰਕਾਂ ਦਿੰਦਿਆਂ ਬੋਲਿਆ ,
” ਵਾਹ! ਵਾਹ !! ਮੱਖਣ ਸਿੰਘ, ਮਨ ਖ਼ੁਸ਼ ਹੋ ਗਿਆ। ਤੇਰੀ ਧੀ ਨੇ ਤਾਂ ਆਪਣੇ ਨਿੱਕੇ ਜਿਹੇ ਪਿੰਡ ਦਾ ਨਾਂ ਪੂਰੇ ਪੰਜਾਬ ਵਿੱਚ ਰੌਸ਼ਨ ਕਰ ਦਿੱਤਾ । ਜੇ ਉਸ ਦਿਨ ਮੈਂ ਵੀ ਤੇਰੀ ਗੱਲ ਮੰਨ ਲੈਂਦਾ ਤਾਂ ਅੱਜ ਮੇਰੀ ਧੀ ਵੀ ਇਹੋ ਮੁਕਾਮ ਤੇ ਹੁੰਦੀ।” ਪਰ ਗੁਰਮੇਲ ਦੇ ਮੂੰਹੋਂ ਨਿਕਲੀਆਂ ਆਖ਼ਰੀ ਸਤਰਾਂ ਤਾੜੀਆਂ ਦੀ ਗੜਗੜਾਹਟ ਵਿਚ ਹੀ ਕਿਤੇ ਦਬ ਕੇ ਰਹਿ ਗਈਆਂ।
ਪਰ ਗੁਰਮੇਲ ਸਿੰਘ ਦੀਆਂ ਅੱਖਾਂ ਵਿੱਚੋਂ ਵਗਦੇ ਖ਼ੁਸ਼ੀ ਦੇ ਹੰਝੂ ਹੁਣ ਪਛਤਾਵੇ ਦੇ ਹੰਝੂਆਂ ਵਿੱਚ ਤਬਦੀਲ ਹੋ ਚੁੱਕੇ ਸਨ ।
ਮਨਪ੍ਰੀਤ ਕੌਰ ਭਾਟੀਆ
ਐਮ.ਏ ,ਬੀ.ਐਡ।
ਫਿਰੋਜ਼ਪੁਰ ਸ਼ਹਿਰ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly