ਠਾਣੇ (ਸਮਾਜ ਵੀਕਲੀ): ਮਹਾਰਾਸ਼ਟਰ ਦੇ ਠਾਣੇ ਦੀ ਪੁਲੀਸ ਨੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਸਾਬਕਾ ਡਾਇਰੈਕਟਰ (ਮੁੰਬਈ ਜ਼ੋਨ) ਸਮੀਰ ਵਾਨਖੇੜੇ ਖ਼ਿਲਾਫ਼ ਲਾਇਸੈਂਸ ਧੋਖਾਧੜੀ ਦੇ ਇਕ ਮਾਮਲੇ ਵਿਚ ਕੇਸ ਦਰਜ ਕੀਤਾ ਹੈ। ਇਹ ਲਾਇਸੈਂਸ ਉਸ ਨੇ ਨਵੀ ਮੁੰਬਈ ਵਿਚ ਇਕ ਬਾਰ ਤੇ ਹੋਟਲ ਲਈ ਲਿਆ ਸੀ ਤੇ ਉਸ ਦਾ ਉਹ ਮਾਲਕ ਵੀ ਹੈ। ਜ਼ਿਲ੍ਹਾ ਕਲੈਕਟਰ ਨੇ ਹਾਲ ਹੀ ਵਿਚ ਲਾਇਸੈਂਸ ਰੱਦ ਕੀਤਾ ਹੈ ਤੇ ਦਾਅਵਾ ਕੀਤਾ ਹੈ ਕਿ ਇਹ ਉਸ ਨੇ ਗਲਤ ਤੱਥ ਪੇਸ਼ ਕਰ ਕੇ ਧੋਖਾਧੜੀ ਨਾਲ ਲਿਆ ਸੀ। ਵਾਨਖੇੜੇ ਖ਼ਿਲਾਫ਼ ਇਕ ਐਫਆਈਆਰ ਸ਼ਨਿਚਰਵਾਰ ਰਾਤ ਦਰਜ ਕੀਤੀ ਗਈ ਹੈ। ਉਸ ਖ਼ਿਲਾਫ਼ ਸ਼ਿਕਾਇਤ ਰਾਜ ਦੇ ਐਕਸਾਈਜ਼ ਅਧਿਕਾਰੀਆਂ ਨੇ ਦਿੱਤੀ ਸੀ।
ਦੱਸਣਯੋਗ ਹੈ ਕਿ ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਨਵਾਬ ਮਲਿਕ ਨੇ ਪਿਛਲੇ ਸਾਲ ਨਵੰਬਰ ਵਿਚ ਦਾਅਵਾ ਕੀਤਾ ਸੀ ਕਿ ਵਾਨਖੇੜੇ ਕੋਲ ਨਵੀ ਮੁੰਬਈ ਦੇ ਵਾਸ਼ੀ ਵਿਚ ਪਰਮਿਟ ਰੂਮ ਤੇ ਬਾਰ ਹੈ, ਜਿਸ ਲਈ ਉਸ ਨੇ ਲਾਇਸੈਂਸ 1997 ਦਾ ਲਿਆ ਹੋਇਆ ਹੈ। ਉਸ ਵੇਲੇ ਉਹ ਨਾਬਾਲਗ ਸੀ, ਇਸ ਲਈ ਇਹ ਗੈਰਕਾਨੂੰਨੀ ਹੈ। ਮਲਿਕ ਨੇ ਦਾਅਵਾ ਕੀਤਾ ਸੀ ਕਿ ਵਾਨਖੇੜੇ ਨੇ ਸਰਕਾਰੀ ਨੌਕਰੀ ਵਿਚ ਹੁੰਦਿਆਂ ਵੀ ਲਾਇਸੈਂਸ ਰੱਖਿਆ ਜੋ ਕਿ ਨੇਮਾਂ ਦੀ ਉਲੰਘਣਾ ਸੀ। ਵਾਨਖੇੜੇ ਨੇ ਦੋਸ਼ਾਂ ਨੂੰ ਗਲਤ ਦੱਸਿਆ ਸੀ। ਜ਼ਿਕਰਯੋਗ ਹੈ ਕਿ ਸਮੀਰ ਵਾਨਖੇੜੇ ਦਾਂ ਨਾ ਕਰੂਜ਼ ਡਰੱਗ ਕੇਸ ਵਿਚ ਆਇਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly