ਫਿਲਾਡੈਲਫੀਆ (ਸਮਾਜ ਵੀਕਲੀ) :ਅਮਰੀਕਾ ਦੇ ਫਿਲਾਡੈਲਫੀਆ ’ਚ ਸੋਮਵਾਰ ਰਾਤ ਇਕ ਬੰਦੂਕਧਾਰੀ ਨੇ ਸੜਕ ’ਤੇ ਗੋਲੀਆਂ ਚਲਾ ਕੇ ਪੰਜ ਲੋਕਾਂ ਦੀ ਹੱਤਿਆ ਕਰ ਦਿੱਤੀ ਤੇ ਦੋ ਹੋਰਾਂ ਨੂੰ ਜ਼ਖ਼ਮੀ ਕਰ ਦਿੱਤਾ। ਪੁਲੀਸ ਮੁਤਾਬਕ ਹਮਲਾਵਰ ਨੇ ਬੁਲੇਟਪਰੂਫ ਜੈਕੇਟ ਪਾਈ ਹੋਈ ਸੀ ਤੇ ਅਜਿਹਾ ਜਾਪਦਾ ਹੈ ਕਿ ਉਸ ਨੇ ਬਿਨਾਂ ਕਿਸੇ ਕਾਰਨ ਗੋਲੀਬਾਰੀ ਕੀਤੀ ਹੈ। ਮਗਰੋਂ ਇਸ ਹਥਿਆਰਬੰਦ ਵਿਅਕਤੀ ਨੇ ਪੁਲੀਸ ਕੋਲ ਸਮਰਪਣ ਵੀ ਕਰ ਦਿੱਤਾ। ਵੇਰਵਿਆਂ ਮੁਤਾਬਕ ਬੰਦੂਕਧਾਰੀ ਲਗਾਤਾਰ ਗੋਲੀਆਂ ਚਲਾਉਂਦਾ ਰਿਹਾ ਤੇ ਪੁਲੀਸ ਨੇ ਉਸ ਦਾ ਪਿੱਛਾ ਕੀਤਾ। ਇਕ ਗਲੀ ਵਿਚ ਉਸ ਨੇ ਸਮਰਪਣ ਕਰ ਦਿੱਤਾ। ਪੁਲੀਸ ਕਮਿਸ਼ਨਰ ਡੇਨੀਅਲ ਆਊਟਲਾਅ ਨੇ ਕਿਹਾ ਕਿ ਪੀੜਤਾਂ ਤੇ ਸ਼ੂਟਰ ਦੀ ਕੋਈ ਜਾਣ-ਪਛਾਣ ਨਹੀਂ ਸੀ। ਉਸ ਕੋਲ ਏਆਰ ਕਿਸਮ ਦੀ ਰਾਈਫਲ ਸੀ ਤੇ ੳੁਸਨੇ ਬੁਲੇਟਪਰੂਫ਼ ਜੈਕੇਟ ਪਾਈ ਹੋਈ ਸੀ। ਇਸ ਤੋਂ ਇਲਾਵਾ ਉਸ ਕੋਲ ਕਈ ਮੈਗਜ਼ੀਨ, ਇਕ ਹੈਂਡਗਨ ਤੇ ਪੁਲੀਸ ਸਕੈਨਰ ਵੀ ਸੀ। ਸ਼ੂਟਰ ਦੀ ਸ਼ਨਾਖ਼ਤ ਇਕ 40 ਸਾਲਾ ਵਿਅਕਤੀ ਵਜੋਂ ਹੋਈ ਹੈ। ਇਕ ਹੋਰ ਵਿਅਕਤੀ ਨੂੰ ਵੀ ਇਸ ਮਾਮਲੇ ਵਿਚ ਹਿਰਾਸਤ ’ਚ ਲਿਆ ਗਿਆ ਹੈ। ਮ੍ਰਿਤਕਾਂ ਵਿਚੋਂ ਤਿੰਨ ਜਣੇ 20-59 ਸਾਲਾਂ ਦੇ ਹਨ, ਜਦਕਿ ਚੌਥਾ ਵਿਅਕਤੀ ਜਿਸ ਦੀ ਸ਼ਨਾਖਤ ਨਹੀਂ ਹੋ ਸਕੀ, 16-21 ਸਾਲ ਦੇ ਵਿਚਾਲੇ ਜਾਪਦਾ ਹੈ। ਹਸਪਤਾਲ ਦਾਖਲ ਜ਼ਖਮੀਆਂ ਵਿਚ ਇਕ ਦੋ ਸਾਲ ਦਾ ਬੱਚਾ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਅੈਤਵਾਰ ਬਾਲਟੀਮੋਰ ਵਿਚ ਵੀ ਗੋਲੀਬਾਰੀ ਹੋਈ ਸੀ ਜਿਸ ਵਿਚ ਦੋ ਲੋਕ ਮਾਰੇ ਗਏ ਸਨ ਤੇ 28 ਫੱਟੜ ਹੋ ਗਏ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly