ਪੈਰਿਸ (ਸਮਾਜ ਵੀਕਲੀ) : ਫਰਾਂਸ ਵਿਚ ਹੋ ਰਹੇ ਰੋਸ ਮੁਜ਼ਾਹਰੇ ਛੇਵੇਂ ਦਿਨ ਵਿਚ ਦਾਖਲ ਹੋ ਗਏ ਹਨ। ਪੁਲੀਸ ਨੇ ਸੋਮਵਾਰ ਰਾਤ ਕਰੀਬ 72 ਜਣਿਆਂ ਨੂੰ ਹਿਰਾਸਤ ’ਚ ਲਿਆ ਹੈ। ਜ਼ਿਕਰਯੋਗ ਹੈ ਕਿ ਪੈਰਿਸ ਦੇ ਉਪਨਗਰ ਵਿਚ ਇਕ ਲੜਕੇ ਦੀ ਪੁਲੀਸ ਦੀ ਗੋਲੀ ਨਾਲ ਹੋਈ ਮੌਤ ਮਗਰੋਂ ਦੇਸ਼ ਵਿਚ ਦੰਗੇ ਭੜਕ ਗਏ ਸਨ। ਹਾਲਾਂਕਿ ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਸਥਿਤੀ ਬੀਤੀਆਂ ਰਾਤਾਂ ਨਾਲੋਂ ਕੁਝ ਬਿਹਤਰ ਰਹੀ ਹੈ। ਗ੍ਰਿਫ਼ਤਾਰ ਕੀਤੇ ਗਏ 72 ਜਣਿਆਂ ਵਿਚੋਂ 24 ਪੈਰਿਸ ’ਚ ਹਿਰਾਸਤ ’ਚ ਲਏ ਗਏ ਹਨ। ਇਸ ਤੋਂ ਇਕ ਦਿਨ ਪਹਿਲਾਂ ਵੀ 157 ਜਣਿਆਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਫਰਾਂਸ ਵਿਚ 27 ਜੂਨ ਨੂੰ ਸ਼ੁਰੂ ਹੋਏ ਦੰਗਿਆਂ ਤੋਂ ਬਾਅਦ ਕਰੀਬ 5900 ਵਾਹਨ ਸਾੜੇ ਜਾ ਚੁੱਕੇ ਹਨ, 12 ਹਜ਼ਾਰ ਤੋਂ ਵੱਧ ਕੂੜੇ ਦੇ ਡੱਬਿਆਂ ਨੂੰ ਅੱਗ ਲਾਈ ਜਾ ਚੁੱਕੀ ਹੈ, 1100 ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ ਤੇ ਪੁਲੀਸ ਥਾਣਿਆਂ ’ਤੇ 270 ਹਮਲੇ ਹੋਏ ਹਨ। ਲਗਾਤਾਰ ਦੂਜੀ ਰਾਤ ਸਥਿਤੀ ਵਿਚ ਹਲਕਾ ਸੁਧਾਰ ਨਜ਼ਰ ਆਇਆ ਹੈ। ਦੱਸਣਯੋਗ ਹੈ ਕਿ 27 ਜੂਨ ਨੂੰ 17 ਸਾਲਾ ਲੜਕੇ ਨੂੰ ਉਸ ਵੇਲੇ ਗੋਲੀ ਮਾਰ ਦਿੱਤੀ ਗਈ ਸੀ ਜਦ ਉਸ ਨੇ ਪੁਲੀਸ ਦੇ ਹੁਕਮ ਨਹੀਂ ਮੰਨੇ। ਮੂਲ ਰੂਪ ’ਚ ਅਲਜੀਰੀਆ ਨਾਲ ਸਬੰਧਤ ਲੜਕੇ ਨੂੰ ਗੋਲੀ ਮਾਰਨ ਵਾਲੇ ਪੁਲੀਸ ਅਧਿਕਾਰੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਗ੍ਰਹਿ ਮੰਤਰਾਲੇ ਮੁਤਾਬਕ 2 ਜੁਲਾਈ ਦੀ ਰਾਤ ਨੂੰ 719 ਦੰਗਾਕਾਰੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਦੰਗਾਕਾਰੀਆਂ ਨੇ ਇਕ ਮੇਅਰ ਦੇ ਘਰ ਨੂੰ ਵੀ ਨਿਸ਼ਾਨਾ ਬਣਾਇਆ ਸੀ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly