ਸ੍ਰੀਨਗਰ (ਸਮਾਜ ਵੀਕਲੀ): ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਅੱਜ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿੱਚ ਚਾਰ ਦਹਿਸ਼ਤਗਰਦ ਮਾਰੇ ਗਏ ਜਦੋਂਕਿ ਮੁਕਾਬਲੇ ਵਾਲੀ ਥਾਂ ਜਾਂਦਿਆਂ ਰਾਹ ਵਿੱਚ ਵਾਪਰੇ ਸੜਕ ਹਾਦਸੇ ਵਿੱਚ 44 ਰਾਸ਼ਟਰੀ ਰਾਈਫ਼ਲਜ਼ ਦੇ ਤਿੰਨ ਫੌਜੀ ਜਵਾਨਾਂ ਦੀ ਮੌਤ ਤੇ ਇੱਕ ਜਵਾਨ ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੋਪੀਆਂ ਦੇ ਜ਼ੈਨਾਪੋਰਾ ਖੇਤਰ ਵਿੱਚ ਬਡੀਗਾਮ ਵਿੱਚ ਦਹਿਸ਼ਤਗਰਦਾਂ ਦੀ ਮੌਜੂਦੀ ਸਬੰਧੀ ਜਾਣਕਾਰੀ ਮਿਲੀ ਸੀ, ਜਿਸ ਮਗਰੋਂ ਇਲਾਕੇ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਵਿੱਢ ਦਿੱਤੀ ਗਈ।
ਇਸ ਦੌਰਾਨ ਇਕ ਥਾਂ ਲੁਕੇ ਦਹਿਸ਼ਤਗਰਦਾਂ ਨੇ ਸਲਾਮਤੀ ਦਸਤਿਆਂ ’ਤੇ ਗੋਲੀ ਚਲਾਈ ਤਾਂ ਇਸ ਨੇ ਮੁਕਾਬਲੇ ਦਾ ਰੂਪ ਲੈ ਲਿਆ। ਦੁਵੱਲੀ ਗੋਲੀਬਾਰੀ ’ਚ ਚਾਰ ਦਹਿਸ਼ਤਗਰਦ ਮਾਰੇ ਗਏ, ਜਿਨ੍ਹਾਂ ਦੀ ਅਜੇ ਤੱਕ ਸ਼ਨਾਖਤ ਨਹੀਂ ਹੋ ਸਕੀ। ਮੁਕਾਬਲੇ ਵਾਲੀ ਥਾਂ ਲਈ ਰਵਾਨਾ ਹੋਏ ਸਲਾਮਤੀ ਦਸਤਿਆਂ ਵਾਲੀ ਸੂਮੋ ਬੇਕਾਬੂ ਹੋਣ ਕਰਕੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਵਿੱਚ ਤਿੰਨ ਫੌਜੀ ਜਵਾਨਾਂ ਦੀ ਮੌਤ ਤੇ ਇੱਕ ਜਵਾਨ ਜ਼ਖ਼ਮੀ ਹੋ ਗਿਆ। ਫੌਜੀ ਜਵਾਨ 44 ਰਾਸ਼ਟਰੀ ਰਾਈਫਲਜ਼ ਨਾਲ ਸਬੰਧਤ ਹਨ। ਫੌਜੀ ਟੁਕੜੀ ਸੂਮੋ ’ਚ ਬਡੀਗਾਮ ਜ਼ੈਨਾਪੋਰਾ ਵਿੱਚ ਮੁਕਾਬਲੇ ਵਾਲੀ ਥਾਂ ਜਾ ਰਹੀ ਸੀ ਕਿ ਚੌਗਾਮ ਸ਼ੋਪੀਆਂ ਨੇੇੜੇ ਹਾਦਸਾ ਵਾਪਰ ਗਿਆ। ਜ਼ਖ਼ਮੀਆਂ ਨੂੰ ਸ਼ੋਪੀਆਂ ਦੇ ਜ਼ਿਲ੍ਹਾ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਤਿੰਨ ਜਣਿਆਂ ਦੀ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਮੌਤ ਹੋ ਗਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly