ਜੰਮੂ ਕਸ਼ਮੀਰ ਵਿੱਚ ਮੁਕਾਬਲਿਆਂ ਦੌਰਾਨ ਚਾਰ ਅਤਿਵਾਦੀ ਹਲਾਕ, ਇੱਕ ਗ੍ਰਿਫ਼ਤਾਰ

ਸ੍ਰੀਨਗਰ (ਸਮਾਜ ਵੀਕਲੀ):  ਜੰਮੂ ਕਸ਼ਮੀਰ ਵਿੱਚ ਵੱਖ-ਵੱਖ ਥਾਈਂ ਹੋਏ ਤਿੰਨ ਮੁਕਾਬਲਿਆਂ ਦੌਰਾਨ ਚਾਰ ਅਤਿਵਾਦੀ ਮਾਰੇ ਗਏ, ਜਦੋਂਕਿ ਇੱਕ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇੱਕ ਪੁਲੀਸ ਅਧਿਕਾਰੀ ਨੇ ਅੱਜ ਦੱਸਿਆ ਕਿ ਇਹ ਮੁਕਾਬਲੇ ਕਸ਼ਮੀਰ ਦੇ ਪੁਲਵਾਮਾ, ਗੰਦਰਬਲ ਅਤੇ ਕੁਪਵਾੜਾ ਜ਼ਿਲ੍ਹਿਆਂ ਵਿੱਚ ਹੋਏ। ਉਨ੍ਹਾਂ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਪੁਲਵਾਮਾ ਵਿੱਚ ਚੇਵਾਕਲਾਂ ਇਲਾਕੇ ਵਿੱਚ ਪੂਰੀ ਰਾਤ ਚੱਲੇ ਮੁਕਾਬਲੇ ਵਿੱਚ ਇੱਕ ਪਾਕਿਸਤਾਨੀ ਨਾਗਰਿਕ ਸਣੇ ਜੈਸ਼-ਏ ਮੁਹੰਮਦ ਦੇ ਦੋ ਅਤਿਵਾਦੀ ਮਾਰੇ ਗਏ। ਇਸੇ ਤਰ੍ਹਾਂ ਅੱਜ ਤੜਕੇ ਗੰਦਰਬਲ ਜ਼ਿਲ੍ਹੇ ਦੇ ਸਰਚ ਖੇਤਰ ਵਿੱਚ ਅਤਿਵਾਦੀਆਂ ਤੇ ਸੁਰੱਖਿਆ ਬਲਾਂ ਦਰਮਿਆਨ ਮੁਕਾਬਲਾ ਹੋਇਆ। ਅਧਿਕਾਰੀ ਨੇ ਦੱਸਿਆ ਕਿ ਇਸ ਗੋਲਾਬਾਰੀ ਵਿੱਚ ਹੁਣ ਤੱਕ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਇੱਕ ਮੈਂਬਰ ਮਾਰਿਆ ਜਾ ਚੁੱਕਾ ਹੈ।

ਤੀਜਾ ਮੁਕਾਬਲਾ ਉਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਦੇ ਨੇਚਾਮਾ ਰਾਜਵਰ ਇਲਾਕੇ ਵਿੱਚ ਸਵੇਰੇ ਹੋਇਆ। ਮੁਕਾਬਲੇ ਵਿੱਚ ਲਸ਼ਕਰ ਦਾ ਅੱਤਿਵਾਦੀ ਢੇਰ ਹੋ ਗਿਆ। ਕਸ਼ਮੀਰ ਦੇ ਆਈਜੀਪੀ ਵਿਜੈ ਕੁਮਾਰ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਚਾਰ-ਪੰਜ ਥਾਵਾਂ ’ਤੇ ਅਤਿਵਾਦ ਵਿਰੋਧੀ ਮੁਹਿੰਮਾਂ ਸ਼ੁਰੂ ਕਰ ਦਿੱਤੀਆਂ ਹਨ। ਉਨ੍ਹਾਂ ਟਵੀਟ ਕੀਤਾ, ‘‘ਅਸੀਂ ਬੀਤੀ ਰਾਤ ਤੋਂ 4-5 ਥਾਵਾਂ ’ਤੇ ਸਾਂਝੇ ਅਪਰੇਸ਼ਨ ਚਲਾ ਰਹੇ ਹਾਂ। ਪੁਲਵਾਮਾ ਵਿੱਚ ਹੁਣ ਤੱਕ ਪਾਕਿ ਨਾਗਰਿਕ ਸਣੇ ਜੈਸ਼-ਏ-ਮੁਹੰਮਦ ਦੇ ਦੋ, ਗੰਦਰਬਲ ਅਤੇ ਹੰਦਵਾੜਾ ਵਿੱਚ ਲਸ਼ਕਰ-ਏ-ਤੋਇਬਾ ਦਾ ਇੱਕ-ਇੱਕ ਅਤਿਵਾਦੀ ਮਾਰੇ ਗਏ ਹਨ। ਹੰਦਵਾੜਾ ਅਤੇ ਪੁਲਵਾਮਾ ਵਿੱਚ ਮੁਕਾਬਲੇ ਖ਼ਤਮ ਹੋ ਗਏ ਹਨ।’’ ਉਨ੍ਹਾਂ ਕਿਹਾ ਕਿ ਇੱਕ ਅਤਿਵਾਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਰਨਾਲਾ: ਪਿੰਡ ਚੀਮਾ ਦੇ ਘਰ ’ਚ ਦਾਖਲ ਹੋ ਕੇ ਮਾਲਕ ਦੀ ਲੱਤ ਤੋੜੀ, ਤਿੰਨ ਮਹੀਨੇ ਪਹਿਲਾਂ ਪੀੜਤ ਦੀ ਪਤਨੀ ਦੀਆਂ ਬਾਹਾਂ ਤੋੜ ਗਏ ਸਨ ਹਮਲਾਵਰ
Next articleਸੰਸਦੀ ਚੋਣਾਂ ’ਚ ਰਵਾਇਤੀ ਪਾਰਟੀਆਂ ਲਈ ਚੁਣੌਤੀ ਬਣ ਸਕਦੀ ਹੈ ‘ਆਪ’