HOME ਚਾਰ ਲੇਬਰ ਕੋਡਾਂ ਖ਼ਿਲਾਫ਼ ਕਾਲਾ ਦਿਵਸ ਮਨਾਉਂਦਿਆਂ ਮਜ਼ਦੂਰ-ਮੁਲਾਜ਼ਮਾਂ ਵੱਲੋਂ ਰੋਸ ਮੁਜ਼ਾਹਰਾ

ਚਾਰ ਲੇਬਰ ਕੋਡਾਂ ਖ਼ਿਲਾਫ਼ ਕਾਲਾ ਦਿਵਸ ਮਨਾਉਂਦਿਆਂ ਮਜ਼ਦੂਰ-ਮੁਲਾਜ਼ਮਾਂ ਵੱਲੋਂ ਰੋਸ ਮੁਜ਼ਾਹਰਾ

ਰਾਏਕੇਟ,   (ਸਮਾਜ ਵੀਕਲੀ)   ਗੁਰਭਿੰਦਰ ਗੁਰੀ :- ਅੱਜ ਇੱਥੇ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੇ ਸੱਦੇ ‘ਤੇ ਚਾਰ ਲੇਬਰ ਕੋਡ ਰੱਦ ਕਰਾਉਣ ਦੀ ਮੰਗ ਸਬੰਧੀ ਇੱਕ ਰੋਸ ਮਾਰਚ ਸਰਦਾਰ ਹਰੀ ਸਿੰਘ ਨਲਵਾ ਚੌਂਕ ਤੋਂ ਲੈ ਕੇ ਤਲਵੰਡੀ ਗੇਟ ਤੱਕ ਕੀਤਾ ਗਿਆ। ਇਸ ਵਿੱਚ ਮੰਗ ਕੀਤੀ ਗਈ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਗਏ 4 ਲੇਬਰ ਕੋਡ, ਜਿਹੜੇ ਮਜ਼ਦੂਰ ਵਿਰੋਧੀ ਹਨ ਨੂੰ ਤੁਰੰਤ ਵਾਪਸ ਲਿਆ ਜਾਵੇ। ਰੋਸ ਮਾਰਚ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਤੇ ਦੇਸੀ-ਵਿਦੇਸ਼ੀ ਸਰਮਾਏਦਾਰਾਂ ਨੂੰ ਖੁਸ਼ ਕਰਨ ਲਈ ਮਜ਼ਦੂਰਾਂ ਤੋਂ ਯੂਨੀਅਨ ਬਣਾਉਣ ਤੇ ਸੰਘਰਸ਼ ਕਰਨ ਵਰਗੇ ਜਮਹੂਰੀ ਹੱਕ ਖੋਹਣ ਲਈ ਮਜ਼ਦੂਰ ਪੱਖੀ 29 ਲੇਬਰ ਕਾਨੂੰਨਾਂ ਨੂੰ ਖ਼ਤਮ ਕਰ ਕੇ ਚਾਰ ਲੇਬਰ ਕੋਡ ਲੈ ਕੇ ਆਈ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਮਗਨਰੇਗਾ ਦੀ ਥਾਂ ਵਿਕਸਿਤ ਭਾਰਤ ਜੀ ਰਾਮ ਜੀ ਕਾਨੂੰਨ ਲੈ ਕੇ ਆਈ ਹੈ ਜਿਸ ਨਾਲ ਮਜ਼ਦੂਰਾਂ ਨੂੰ ਪਹਿਲਾਂ ਮਿਲਦਾ ਕੰਮ ਵੀ ਉਨ੍ਹਾਂ ਕੋਲੋਂ ਖੋਹਣ ਦੀਆਂ ਤਿਆਰੀਆਂ ਹਨ। ਉਹਨਾਂ ਕਿਹਾ ਕਿ ਮਿਹਨਤਕਸ਼ ਲੋਕ ਮੋਦੀ ਸਰਕਾਰ ਦੇ ਅਜਿਹੇ ਲੋਕ ਵਿਰੋਧੀ ਕਾਨੂੰਨਾਂ ਨੂੰ ਸਹਿਣ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਇਹ ਕੋਡ ਲਾਗੂ ਹੋਣ ਨਾਲ ਕੰਮ ਦਾ ਮਿਹਨਤਾਨਾ ਵਧਾਉਣ ਦੀ ਥਾਂ ਕੰਮ ਘੰਟੇ 8 ਤੋਂ 12 ਘੰਟੇ ਦੀ ਦਿਹਾੜੀ ਹੋਵੇਗੀ।ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਮਜ਼ਦੂਰਾਂ, ਮੁਲਾਜ਼ਮਾਂ ਦੀ ਕੋਈ ਸੇਵਾ ਸੁਰੱਖਿਆ ਨਹੀਂ ਰਹੇਗੀ। ਉਨ੍ਹਾਂ ਨੂੰ ਜਦੋਂ ਮਰਜ਼ੀ ਨੌਕਰੀ ’ਚੋਂ ਕੱਢ ਸਕਿਆ ਜਾਏਗਾ। ਉਹ ਕੁੱਝ ਨਹੀਂ ਕਰ ਸਕਣਗੇ। ਇਨ੍ਹਾਂ ਲੇਬਰ ਕੋਡਾਂ ਦੇ ਲਾਗੂ ਹੋਣ ਨਾਲ ਸੇਵਾ ਮੁਕਤੀ ਤੋਂ ਬਾਅਦ ਮੁਲਾਜ਼ਮਾਂ, ਮਜ਼ਦੂਰਾਂ ਨੂੰ ਕੋਈ ਖ਼ਾਸ ਰਾਹਤ ਨਹੀਂ ਮਿਲੇਗੀ। ਜਿਸ ਨਾਲ ਉਹ ਆਪਣਾ ਬੁਢਾਪਾ ਚੰਗਾ ਜੀਅ ਸਕਣ। ਇਹ ਲੇਬਰ ਕੋਡ ਸਮੁੱਚੇ ਤੌਰ ’ਤੇ ਕਾਰਪੋਰੇਟ ਜਗਤ ਨੂੰ ਖ਼ੁਸ਼ ਕਰਨ ਲਈ ਬਣਾਏ ਗਏ ਹਨ ਤਾਂ ਕਿ ਉਨ੍ਹਾਂ ਦੀ ਦੌਲਤ ਮਣਾਂ-ਮੂੰਹੀਂ ਵਧਦੀ ਜਾਵੇ। ਇਨ੍ਹਾਂ ਲੇਬਰ ਕੋਡਾਂ ਦੇ ਬਣਨ ਨਾਲ ਹੁਣ ਬੇਰੁਜ਼ਗਾਰੀ ਹੋਰ ਵਧੇਗੀ ਤੇ ਸਾਡੇ ਦੇਸ਼ ਦਾ ਨੌਜਵਾਨ ਵਿਦੇਸ਼ਾਂ ਨੂੰ ਹੋਰ ਭੱਜੇਗਾ। ਇਸ ਮੌਕੇ ਆਗੂਆਂ ਮੰਗ ਕੀਤੀ ਕਿ ਇਹ ਚਾਰੇ ਲੇਬਰ ਕੋਡ ਰੱਦ ਕੀਤੇ ਜਾਣ ਤੇ ਕੰਮ ਦਿਹਾੜੀ ਸਮਾਂ 6 ਘੰਟੇ ਕੀਤਾ ਜਾਵੇ। ਘੱਟੋ-ਘੱਟ ਉਜਰਤ 30 ਹਜ਼ਾਰ ਰੁਪਏ ਮਿੱਥੀ ਜਾਵੇ, ਘੱਟੋ ਘੱਟ ਬੁਢਾਪਾ ਪੈਨਸ਼ਨ 10 ਹਜ਼ਾਰ ਰੁਪਏ ਕੀਤੀ ਜਾਵੇ, ਨੌਜਵਾਨਾਂ ਲਈ ਰੁਜ਼ਗਾਰ ਤੇ ਸਿੱਖਿਆ ਦੀ ਗਾਰੰਟੀ ਹੋਵੇ, ਹਰ ਇਕ ਲਈ ਸਿਹਤ ਸੇਵਾਵਾਂ ਮੁਫ਼ਤ ਹੋਣ। ਆਗੂਆਂ ਇਹ ਵੀ ਕਿਹਾ ਕਿ ਅੱਜ ਇਹ ਰੋਸ ਪ੍ਰਦਰਸ਼ਨ ਕੇਂਦਰੀ ਟਰੇਡ ਯੂਨੀਅਨ ਦੇ ਸਾਂਝੇ ਮੰਚ ਵੱਲੋਂ ਸਾਰੇ ਦੇਸ਼ ’ਚ ਕੀਤੇ ਜਾ ਰਹੇ ਹਨ। ਇਸ ਮੌਕੇ ਹੋਹਨਾਂ ਤੋਂ ਇਲਾਵਾ ਕਾ: ਕਰਤਾਰ ਰਾਮ ਬਲਾਕ ਸਕੱਤਰ, ਚਮਕੌਰ ਸਿੰਘ ਜ਼ਿਲ੍ਹਾ ਸਕੱਤਰ, ਹੁਕਮ ਰਾਜ ਦੇਹੜਕਾ, ਅਵਤਾਰ ਸਿੰਘ, ਅਮਰ ਸਿੰਘ ਜਲਾਲਦੀਵਾਲ, ਕਿਸਾਨ ਆਗੂ ਗੁਰਮੇਲ ਸਿੰਘ ਰੂਮੀ ਨੇ ਵੀ ਸੰਬੋਧਨ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ 200 ਮਰੀਜ਼ਾਂ ਨੇ ਲਿਆ ਲਾਹਾ
Next articleਰਾਏਕੋਟ ਵਿਖੇ ਮਦੀਨਾ ਮਸਜਿਦ ਦਾ ਨੀਂਹ ਪੱਥਰ ਰੱਖਿਆ; ਭਾਈਚਾਰਕ ਸਾਂਝ ਦਾ ਦਿੱਤਾ ਸੁਨੇਹਾ